“ਸਾਕਾ ਕਾਵਿ” ਪੁਸਤਕ ਲਿਖ ਕੇ ਇਤਿਹਾਸਕ ਕਾਰਜ ਕੀਤਾ - ਗੁਰਭਜਨ ਗਿੱਲ
ਲੁਧਿਆਣਾ ,19 ਦਸੰਬਰ 2023 :
ਪੰਜਾਬੀ ਲੋਕ ਧਾਰਾ ਵਿੱਚ
“ਸਾਕਾ ਕਾਵਿ”ਦੀ ਮਹੱਤਤਾ ਦਰਸਾਉਂਦੀ ਵੱਡ ਆਕਾਰੀ ਪੁਸਤਕ ਲਿਖ ਕੇ ਡਾ. ਲਾਭ ਸਿੰਘ ਖੀਵਾ ਨੇ ਇਤਿਹਾਸਕ ਕਾਰਜ ਕੀਤਾ ਹੈ। ਪੰਜਾਬ ਦੀ ਇਸ ਮਾਣ ਮੱਚੀ ਵਿਰਾਸਤ ਨੂੰ ਨੌਜਵਾਨ ਪੀੜ੍ਹੀ ਤੀਕ ਪਹੁੰਚਾਉਣ ਲਈ ਵਿਦਿਅਕ, ਧਾਰਮਿਕ ਤੇ ਸਾਹਿੱਤਕ ਸੰਸਥਾਵਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਹ ਪੁਸਤਕ ਡਾ. ਲਾਭ ਸਿੰਘ ਖੀਵਾ ਤੋਂ ਪ੍ਰਾਪਤ ਕਰਦਿਆਂ ਇਹ ਸ਼ਬਦ ਕਹੇ। ਉਨ੍ਹਾਂ ਕਿਹਾ ਕਿ ਸਾਕਾ ਸਾਹਿੱਤ ਵਿੱਚ ਸਾਕਾ ਚਾਂਦਨੀ ਚੌਂਕ,ਸਾਕਾ ਮੁਕਤਸਰ, ਸਾਕਾ ਚਮਕੌਰ ਸਾਹਿਬ, ਸਾਕਾ ਸਰਹੰਦ, ਸਾਕਾ ਨਨਕਾਣਾ ਸਾਹਿਬ, ਸਾਕਾ ਗੁਰੂ ਕਾ ਬਾਗ ਤੇ ਪੰਜਾਬੀ ਸਮਾਜ। ਦੀ ਮਾਨਸਿਕਤਾ ਨੂੰ ਅਸਰ ਅੰਦਾਜ਼ ਕਰਨ ਵਾਲੇ ਸਾਕਿਆਂ ਬਾਰੇ ਜਾਣਕਾਰੀ ਸਾਡੇ ਕੋਲ ਪਹਿਲਾ ਸਿਰਫ਼ ਢਾਡੀ ਕਵੀਸ਼ਰਾਂ ਜਾਂ ਲੋਕ ਗਾਇਕਾ ਨਰਿੰਦਰ ਬੀਬਾ ਜੀ ਰਾਹੀਂ ਹੀ ਵਿਸਥਾਰ ਰੂਪ ਵਿੱਚ ਆਈ ਹੈ। ਇਸ ਬਾਰੇ ਸਿੱਧਾਂਤਕ ਤੇ ਪਾਠ ਮੂਲਕ ਵਿਚਾਰ ਪਹਿਲੀ ਵਾਰ ਕਰਕੇ ਡਾ. ਲਾਭ ਸਿੰਘ ਖੀਵਾ ਨੇ ਵਡਮੁੱਲਾ ਕਾਰਜ ਕੀਤਾ ਹੈ। ਇਸ ਪੁਸਤਕ ਨੂੰ ਪ੍ਰਕਾਸ਼ਤ ਕਰਕੇ ਕੁਝ ਸਮਾ ਪਹਿਲਾਂ ਚੇਤਨਾ ਪ੍ਰਕਾਸ਼ਨ ਨੇ ਮੁੱਲਵਾਨ ਟੈਕਸਟ ਨੂੰ ਸੰਭਾਲਿਆ ਹੈ।
ਉਨ੍ਹਾਂ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਦੇ ਪ੍ਰਧਾਨ ਸਾਹਿਬਾਂ ਪਵਨ ਹਰਚੰਦਪੁਰੀ ਤੇ ਦਰਸ਼ਨ ਬੁੱਟਰ ਨੂੰ ਬੇਨਤੀ ਕੀਤੀ ਕਿ ਉਹ ਅਜਿਹੀਆਂ ਮਹੱਤਵ ਪੂਰਨ ਕਿਰਤਾਂ ਬਾਰੇ ਵਿਚਾਰ ਚਰਚਾ ਕਰਵਾਉਣ ਦੀ ਰੀਤ ਅੱਗੇ ਤੋਰਨ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਪੰਜਾਬੀ ਕਵੀ ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ ਮਾਲਵੇ ਦੀ ਕਵੀਸ਼ਰੀ ਪਰੰਪਰਾ ਬਾਰੇ ਖੋਜ ਕਾਰਜ ਕਰਨ ਉਪਰੰਤ ਡਾ. ਲਾਭ ਸਿੰਘ ਖੀਵਾ ਨੇ ਨਿਰੰਤਰ ਹਰ ਕਦਮ ਅੱਗੇ ਹੀ ਪੁੱਟਿਆ ਹੈ ਅਤੇ ਇਹ ਪੁਸਤਕ ਯਕੀਨਨ ਉਸ ਦੀ ਲੋਕ ਧਾਰਾ ਸਾਹਿੱਤ ਵੰਨਗੀ ਵਿੱਚ ਸਿਫ਼ਤੀ ਵਾਧਾ ਕਰੇਗੀ।
ਇਸ ਮੌਕੇ ਪ੍ਰਸਿੱਧ ਵਿਦਵਾਨ ਤੇ ਕਹਾਣੀਕਾਰ ਡਾ. ਜੋਗਿੰਦਰ ਸਿੰਘ ਨਿਰਾਲਾ ਮੁੱਖ ਸੰਪਾਦਕ ਮੁਹਾਂਦਰਾ ਬਰਨਾਲਾ, ਕਹਾਣੀਕਾਰ ਪਰਮਜੀਤ ਮਾਨ, ਸ਼੍ਰੋਮਣੀ ਪੰਜਾਬੀ ਕਵੀ ਬਲਵਿੰਦਰ ਸੰਧੂ,ਲਿਖਾਰੀ ਸਭਾ ਰਾਮਪੁਰ ਦੇ ਸਰਪ੍ਰਸਤ ਕਹਾਣੀਕਾਰ ਸੁਰਿੰਦਰ ਰਾਮਪੁਰੀ ਤੇ ਪੰਜਾਬੀ ਸ਼ਾਇਰ ਰਾਜਿੰਦਰ ਸ਼ੌਂਕੀ ਨੇ ਵੀ ਡਾ. ਲਾਭ ਸਿੰਘ ਖੀਵਾ ਦੀ ਇਸ ਵਡਮੁੱਲੀ ਖੋਜ ਕਿਰਤ ਦੀ ਸ਼ਲਾਘਾ ਕੀਤੀ।