ਸਹਿਤਯ ਕਲਸ਼ ਪਟਿਆਲਾ ਵੱਲੋਂ 10 ਸਾਹਿਤਕਾਰਾਂ ਦਾ ਸਨਮਾਨ
- ਸਹਿਤਯ ਕਲਸ਼ ਪਟਿਆਲਾ ਵੱਲੋਂ 10 ਸਾਹਿਤਕਾਰ ਸ਼੍ਰੀ ਰਾਜੇਂਦਰ ਵਿਅਥਿਤ, ਲੱਜਿਆ ਚੌਪੜਾ, ਦੇਵਕੀ ਫਾਊਂਡੇਸ਼ਨ, ਮਾਤਾ ਬੰਸੋ ਦੇਵੀ, ਡਾ. ਮਨੋਜ ਕੁਮਾਰ ਗੁਪਤਾ ਸਾਹਿਤਯ ਗੌਰਵ ਸਨਮਾਨ 2024 ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 9 ਜੁਲਾਈ 2024:- ਸਾਹਿਤਯ ਕਲਸ਼ ਪਟਿਆਲਾ ਵੱਲੋਂ ਪ੍ਰਭਾਤ ਪਰਵਾਨਾ ਹਾਲ ਬਾਰਾਂਦਰੀ ਵਿਖੇ 16 ਪੁਸਤਕਾਂ ਦਾ ਲੋਕ ਅਰਪਣ, ਰਾਸ਼ਟਰੀ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਲਾਇਨ ਦਿਨੇਸ਼ ਸੂਦ, ਸੁਭਾਸ਼ ਡਾਬਰ, ਇੰਦਰਜੀਤ ਚੋਪੜਾ, ਡਾ. ਰਵੀ ਭੂਸ਼ਣ, ਪਵਨ ਗੋਇਲ, ਤ੍ਰਿਲੋਕ ਢਿੱਲੋਂ ਜੀ ਨੇ ਮੰਚ ਨੂੰ ਸੁਸ਼ੋਭਿਤ ਕੀਤਾ। ਨਾਲ ਹੀ ਡਾ. ਪ੍ਰਤਿਭਾ ਗੁਪਤਾ ਮਾਹੀ, ਰਾਕੇਸ਼ ਬੈਂਸ, ਗੀਤਾ ਰਾਣੀ ਅਤੇ ਸਾਗਰ ਸੂਦ ਸੰਜੇ ਨੇ ਮੰਚ ਸਾਂਝਾ ਕੀਤਾ।
ਵਿਸ਼ੇਸ਼ ਤੌਰ ਤੇ ਸਨਮਾਨਿਤ ਸਾਹਿਤਕਾਰਾਂ ਵਿੱਚ ਸਰਵ ਸ੍ਰੀ ਵਿਨੈ ਕੁਮਾਰ ਮਲਹੋਤਰਾ (ਅੰਬਾਲਾ), ਰਮੇਸ਼ ਕਟਾਰੀਆ ਪਾਰਸ (ਗਵਾਲੀਅਰ), ਸ੍ਰੀ ਯੋਗਿੰਦਰ ਸਿੰਘ (ਮੇਰਠ), ਇੰਜ. ਪਰਵਿੰਦਰ ਸ਼ੌਖ਼ (ਪਟਿਆਲਾ), ਸ੍ਰੀ ਹਰੀਦੱਤ ਹਬੀਬ (ਪਟਿਆਲਾ) ਨੂੰ ਰਾਜੇਂਦਰ ਵਿਅੱਥਿਤ ਸਾਹਿਤਯ ਗੌਰਵ ਸਨਮਾਨ 2024 ਦਿੱਤਾ ਗਿਆ। ਦੇਵਕੀ ਫਾਊਂਡੇਸ਼ਨ ਸਾਹਿਤਯ ਗੌਰਵ ਸਨਮਾਨ, ਸ੍ਰੀ ਅਜੀਤ ਕੁਮਾਰ ਸ੍ਰੀਵਾਸਤਵ (ਬਸਤੀ ਯੂ.ਪੀ.), ਲੱਜਿਆ ਦੇਵੀ ਸਾਹਿਤਯ ਸਨਮਾਨ 2024, ਸ੍ਰੀ ਕਿਸ਼ੋਰ ਸਿੰਘ ਚੌਹਾਨ (ਨਵੀਂ ਦਿੱਲੀ) ਨੂੰ ਦਿੱਤਾ ਗਿਆ। ਮਾਤਾ ਬੰਸੋ ਦੇਵੀ ਸਾਹਿਤਯ ਗੌਰਵ ਸਨਮਾਨ 2024 ਡਾ. ਨਵਦੀਵ ਬੰਸਲ (ਚੰਡੀਗੜ੍ਹ) ਤੇ ਸ. ਮੋਹਿੰਦਰ ਸਿੰਘ ਜੱਗੀ (ਪਟਿਆਲਾ) ਨੂੰ ਦਿੱਤਾ ਗਿਆ। ਡਾ. ਮਨੋਜ ਕੁਮਾਰ ਸਾਹਿਤਯ ਸਨਮਾਨ 2024 ਸ੍ਰੀਮਤੀ ਕਾਂਤਾ ਵਰਮਾ (ਕਰਨਾਲ) ਨੂੰ ਭੇਂਟ ਕੀਤਾ।
ਸਮਾਗਮ ਦੇ ਆਰੰਭ ਵਿੱਚ ਪਿਛਲੇ ਕੁਝ ਸਮੇਂ ਦੇ ਦੌਰਾਨ ਸਾਹਿਤਯ ਕਲਸ਼ ਪਰਿਵਾਰ ਦੇ ਮੇਂਬਰ ਜਾਂ ਉਹਨਾਂ ਦੇ ਪਰਿਵਾਰ ਵਿੱਚੋਂ ਕੁਝ ਕੁ ਜੋ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਨੂੰ ਭਾਵਪੂਰਨ ਸ਼ਰਧਾਂਜਲੀ ਅਰਪਣ ਕੀਤੀ ਗਈ। ਕਵੀ ਦਰਬਾਰ ਵਿੱਚ ਬਾਹਰੋਂ ਅਤੇ ਸਥਾਨਕ ਲਗਭਗ 80 ਕਵੀਆਂ ਨੇ ਹਿੱਸਾ ਲਿਆ ਤੇ ਬਾਕਮਾਲ ਸ਼ਾਇਰੀ ਸੁਨਣ ਨੂੰ ਮਿਲੀ। ਸਾਰੇ ਕਵੀਆਂ ਨੂੰ ਸੁਣਨ ਲਈ ਪੂਰਾ ਹਾਲ ਖਚਾਖਚ ਭਰਿਆ ਹੋਇਆ ਸੀ।
ਇਸੀ ਦੌਰਾਨ ਹਿੰਦੀ ਅਤੇ ਪੰਜਾਬੀ ਦੇ 10 ਲੇਖਕਾਂ ਦੀਆਂ 16 ਕਿਤਾਬਾਂ ਦਾ ਲੋਕ ਅਰਪਣ ਕੀਤਾ ਗਿਆ। ਹਿੰਦੀ ਭਾਸ਼ਾ ਵਿੱਚ ਪ੍ਰਕਾਸ਼ਿਤ ਪੁਸਤਕਾਂ ਵਿੱਚ ਅੰਮ੍ਰਿਤਪਾਲ ਸਿੰਘ ਕਾਫੀ ਰਚਿਤ 'ਤਾਵੀਜ਼', ਪੁਨੀਤ ਗੋਇਲ ਰਚਿਤ 'ਖਾਮੋਸ਼ੀ ਕਾ ਸਫਰ' ਅਤੇ 'ਖਾਮੋਸ਼ ਚੀਖੇਂ', ਰਾਕੇਸ਼ ਬੈਂਸ ਰਚਿਤ 'ਲਮਹੇ', ਰਮੇਸ਼ ਕਟਾਰੀਆ ਪਾਰਸ ਰਚਿਤ 'ਕੁਛ ਕਥਾਏਂ ਕੁਛ ਲਘੁ ਕਥਾਏਂ' ਅਤੇ ਗੀਤ ਪ੍ਰੇਮ ਕੇ ਮੈਂ ਐਸੇ ਲਿਖ ਜਾਊਂਗਾ', ਯੌਗਿੰਦਰ ਸਿੰਘ ਦੁਆਰਾ ਰਚਿਤ ‘ਅਹਿਸਾਸੋਂ ਕਾ ਸਫ਼ਰ', ਵਿਜੈ ਕੁਮਾਰ ਰਚਿਤ 'ਖਾਮੋਸ਼ ਫਰਿਯਾਦ', ਡਾ. ਸੁਰੇਸ਼ ਨਾਇਕ ਰਚਿਤ 'ਜੈਸਾ ਸੋਚੋਗੇ ਤੁਮ', ਸੰਜੇ ਦਰਦੀ ਚੋਪੜਾ ਰਚਿਤ 'ਤਾਰ ਦਿਲ ਦੇ', ਸੀਮਾ ਭਾਟੀਆ ਰਚਿਤ 'ਜੀਵਨ ਸਾਰ', ਬਲਜਿੰਦਰ ਸਰੋਏ ਦੁਆਰਾ ਰਚਿਤ ‘ਸੁਖੀ ਜੀਵਨ ਦਾ ਰਾਜ', ਸਾਗਰ ਸੂਦ ਸੰਜੇ ਦਵਾਰਾ ਰਚਿਤ 'ਸਾਗਰ ਕਿ ਗਹਿਰਾਈ ਸੇ' ਤੇ ਪੰਜਾਬੀ ਵਿੱਚ ਪ੍ਰਕਾਸ਼ਿਤ 'ਖ਼ਲਾਅ' ਆਦਿ ਤੋਂ ਬਿਨਾ ਦੋ ਸਾਂਝੇ ਕਾਵਿ ਸੰਗ੍ਰਹਿ 'ਕਲਮ ਕੇ ਪਰਿੰਦੇ ' ਹਿੰਦੀ ਵਿੱਚ ਤੇ 'ਸ਼ਬਦਾਂ ਦੀ ਖੁਸ਼ਬੋਈ' ਪੰਜਾਬੀ ਵਿੱਚ ਵੀ ਲੋਕ ਅਰਪਣ ਕੀਤੇ ਗਏ।
ਸਮਾਰੋਹ ਦੌਰਾਨ ਵੱਖ ਵੱਖ ਸਕੂਲੀ ਬੱਚਿਆਂ ਨੂੰ ਸਾਹਿਤਯ ਕਲਸ਼ ਪਟਿਆਲਾ ਵੱਲੋਂ ਤਿਆਰ ਕੀਤੀਆਂ ਕਾਪੀਆਂ ਤੇ ਹੋਰ ਉਪਹਾਰ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ।
ਸ੍ਰੀ ਦਿਨੇਸ਼ ਸੂਦ ਜੀ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਕਿ ਸਾਹਿਤਯ ਕਲਸ਼ ਪਰਿਵਾਰ ਆਪਣੇ ਨਾਮ ਮੁਤਾਬਿਕ ਹੀ ਸੰਸਥਾ ਨਾ ਹੋ ਕੇ ਇੱਕ ਪਰਿਵਾਰ ਵੱਜੋ ਹੀ ਸਮਾਜ ਵਿੱਚ ਵਿਚਰ ਰਿਹਾ ਹੈ ਤੇ ਸਾਰੇ ਸਾਹਿਤਕਾਰਾਂ ਨੂੰ ਇੱਕ ਨਿਵੇਕਲਾ ਮੰਚ ਪ੍ਰਦਾਨ ਕਰ ਰਿਹਾ ਹੈ ਜਿਸ ਨਾਲ ਹਰ ਨਵੇਂ ਸਾਹਿਤਕਾਰ ਨੂੰ ਅੱਗੇ ਵੱਧਣ ਦਾ ਸੁਨਹਿਰਾ ਮੌਕਾ ਮਿਲ ਰਿਹਾ ਹੈ।
ਆਏ ਹੋਏ ਸਾਰੇ ਵਿਸ਼ੇਸ਼ ਮਹਿਮਾਨਾਂ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਸਾਹਿਤਯ ਕਲਸ਼ ਪਰਿਵਾਰ ਦੇ ਕਰਤਾ ਧਰਤਾ ਸਾਗਰ ਸੂਦ ਸੰਜੇ ਦੀਆਂ ਸਾਹਿਤ ਤੇ ਕਲਾ ਸੰਬੰਧੀ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉੱਥੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕਰ ਰਹੇ ਸ੍ਰੀ ਇੰਦਰਜੀਤ ਚੌਪੜਾ ਜੀ ਨੇ ਭਰੋਸਾ ਦਿਵਾਇਆ ਕਿ ਉਹ ਇਸ ਪਰਿਵਾਰ ਦੀ ਲੋੜਾਂ ਨੂੰ ਮੁੱਖ ਰੱਖਦੇ ਹੋਏ, ਇਸ ਨੂੰ ਆਪਣੀ ਇਮਾਰਤ ਜਾਂ ਹਾਲ ਬਨਾਉਣ ਲਈ ‘ਇੱਕ ਪਲਾਟ' ਵੀ ਜ਼ਰੂਰ ਦੇਣਗੇ ਤਾਂ ਕਿ ਇਹ ਸਾਹਿਤਯ ਕਲਸ਼ ਪਰਿਵਾਰ ਹੋਰ ਵੱਧ ਫੁੱਲ ਸਕੇ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਸ੍ਰੀ ਸੁਭਾਸ਼ ਡਾਬਰ ਜੀ ਨੇ ਹਾਲ ਦੀ ਉਸਾਰੀ ਲਈ 51000/– ਰੁਪਏ ਦੇਣ ਦਾ ਐਲਾਨ ਕੀਤਾ। ਹਾਜ਼ਰੀਨ ਨੇ ਦੋਵਾਂ ਮਹਿਮਾਨਾਂ ਦੀ ਭਰਪੂਰ ਸ਼ਲਾਘਾ ਤਾੜੀਆਂ ਨਾਲ ਕੀਤੀ।
ਮੰਚ ਸੰਚਾਲਨ ਲਾਇਨ ਸ੍ਰੀ ਦਿਨੇਸ਼ ਸੂਦ ਜੀ ਨੇ ਸ਼ਿਅਰੋ ਸ਼ਾਇਰੀ ਦੀ ਵਰਤੋਂ ਕਰਦਿਆਂ, ਬਹੁਤ ਹੀ ਭਾਵਪੂਰਨ ਸ਼ਬਦਾਂ ਰਾਹੀਂ ਬੜਾ ਹੀ ਰੌਚਕ ਤੇ ਬਾਕਮਾਲ ਕੀਤਾ।
ਸਾਹਿਤਯ ਕਲਸ਼ ਪਰਿਵਾਰ ਦੇ ਮੈਂਬਰਾਂ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ ਤੇ ਅੰਤ ਵਿੱਚ ਹਿੰਦੀ ਤੇ ਪੰਜਾਬੀ ਦੋਵਾਂ ਸੰਕਲਨਾਂ ਵਿੱਚ ਸ਼ਾਮਿਲ ਸਾਰੇ ਸਾਹਿਤਕਾਰਾਂ ਦਾ ਸਨਮਾਨ ਵੀ ਕੀਤਾ ਗਿਆ।