ਹਰਪ੍ਰੀਤ ਸਿੰਮੀ ਦਾ ਗ਼ਜ਼ਲ ਸੰਗ੍ਰਹਿ 'ਧੁੱਪ ਛਾਂ' ਹੋਇਆ ਲੋਕ ਅਰਪਣ
ਬੀਬਾ ਬਲਵੰਤ, ਪਾਲ਼ ਗੁਰਦਾਸਪੁਰੀ, ਗੁਰਜੀਤ ਕੌਰ ਅਜਨਾਲਾ ਨੇ ਕੀਤੀ ਸ਼ਿਰਕਤ
ਰੋਹਿਤ ਗੁਪਤਾ
ਗੁਰਦਾਸਪੁਰ , 15 ਮਈ 2023 : ਪੰਜਾਬੀ ਦੀ ਉੱਭਰਦੀ ਮਹਿਲਾ ਗ਼ਜ਼ਲਕਾਰ ਹਰਪ੍ਰੀਤ ਸਿੰਮੀ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਸਥਾਨਕ ਆਰ ਕੇ ਰੀਜੈਂਸੀ ਹੋਟਲ ਵਿਖ਼ੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਮੇਜਬਾਨੀ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਨੇ ਕੀਤੀ। ਸਮਾਗਮ ਦਾ ਆਗਾਜ਼ ਪ੍ਰਸਿੱਧ ਗ਼ਜ਼ਲਗੋਅ ਪਾਲ਼ ਗੁਰਦਾਸਪੁਰ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ ਜਦੋਂ ਕਿ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਮੁੱਖ ਮਹਿਮਾਨ ਬੀਬੀ ਗੁਰਜੀਤ ਕੌਰ ਅਜਨਾਲਾ ਨੇ ਨਿਭਾਈ। ਇਸ ਮੌਕੇ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ, ਜਨਰਲ ਸਕੱਤਰ ਸੁਭਾਸ਼ ਦੀਵਾਨਾ ਤੋਂ ਇਲਾਵਾ ਉਘੇ ਸਾਹਿਤਕਾਰ ਬੀਬਾ ਬਲਵੰਤ, ਡਾ. ਲੇਖ ਰਾਜ, ਬਲਵਿੰਦਰ ਬਾਲਮ, ਰਣਬੀਰ ਆਕਾਸ਼, ਰਾਜ ਗੁਰਦਾਸਪੁਰੀ, ਬਿਸ਼ਨ ਦਾਸ ਆਦਿ ਉਚੇਚੇ ਤੌਰ 'ਤੇ ਮੌਜੂਦ ਸਨ।
ਗ਼ਜ਼ਲਗੋਅ ਸੀਤਲ ਸਿੰਘ ਗੁੰਨੋਪੁਰੀ ਨੇ ਹਰਪ੍ਰੀਤ ਸਿੰਮੀ ਦੀ ਪੁਸਤਕ ਧੁੱਪ ਛਾਂ ਉੱਪਰ ਵਿਸਥਾਰਿਤ ਪਰਚਾ ਪੜ੍ਹਿਆ ਜਿਸ ਉੱਪਰ ਪਾਲ ਗੁਰਦਾਸਪੁਰੀ, ਮੰਗਤ ਚੰਚਲ, ਵਰਗਿਸ ਸਲਾਮਤ ਆਦਿ ਨੇ ਅਪਣੇ ਵਿਚਾਰ ਰੱਖੇ। ਹਰਪ੍ਰੀਤ ਸਿੰਮੀ ਨੇ ਚਰਚਾ ਵਿੱਚ ਉਠਾਏ ਨੁਕਤਿਆਂ ਦਾ ਜਵਾਬ ਦਿੱਤਾ ਅਤੇ ਆਪਣਾ ਕਲਾਮ ਕਹਿਣ ਦੇ ਨਾਲ ਨਾਲ ਧੰਨਵਾਦੀ ਸ਼ਬਦ ਵੀ ਕਹੇ।
ਅਗਲੇ ਪੜਾਅ ਵਿੱਚ ਕਵੀ ਦਰਬਾਰ ਦਾ ਆਗਾਜ਼ ਮਾਂ ਦਿਵਸ ਨੂੰ ਸਮਰਪਿਤ ਪ੍ਰਤਾਪ ਪਾਰਸ ਦੇ ਗੀਤ ਨਾਲ ਹੋਇਆ। ਉਪਰੰਤ ਕਵੀ ਬਿਸ਼ਨ ਦਾਸ ਨੇ ਬੰਸਰੀ ਦੇ ਰੰਗ ਬਖੇਰੇ। ਵਿਜੇ ਅਗਨੀਹੋਤਰੀ, ਰਾਜ ਗੁਰਦਾਸਪੁਰੀ, ਸੁਲਤਾਨ ਭਾਰਤੀ, ਰਮੇਸ਼ ਜਾਨੂ, ਰਜਿੰਦਰ ਸਿੰਘ ਛੀਨਾ, ਕੇਪੀ ਸਿੰਘ,ਅਸ਼ਵਨੀ ਕੁਮਾਰ,ਲਖਨ ਮੇਘੀਆਂ, ਵਿਜੇ ਤਾਲਬ, ਰਜਨੀਸ਼ ਵਸ਼ਿਸ਼ਟ, ਰਜਨੀਸ਼ ਭੱਟੀ, ਸੁਨੀਲ ਕੁਮਾਰ, ਜਨਕ ਰਾਜ, ਬੂਟਾ ਰਾਮ ਆਜ਼ਾਦ, ਬਿਸ਼ੰਬਰ ਅਵਾਂਖੀਆ, ਰਾਜ ਕੁਮਾਰ ਅਵਾਂਖੀਆ, ਪ੍ਰੀਤ ਰਾਣਾ, ਜਗਦੀਸ਼ ਰਾਣਾ, ਰਣਬੀਰ ਆਕਾਸ਼, ਸੋਹਣ ਸਿੰਘ, ਕਾਮਰੇਡ ਅਵਤਾਰ ਸਿੰਘ, ਰਾਜਨ ਤਰੇੜੀਆ, ਐਨ ਕੇ ਸੋਈ, ਸੁਰਿੰਦਰ ਮੋਹਨ ਸ਼ਰਮਾ, ਬਲਦੇਵ ਸਿੱਧੂ,ਪ੍ਰੋ ਗਰੋਵਰ, ਅਮਿਤ ਕਾਦੀਆਂ ਰਜੇਸ਼ ਬੱਬੀ, ਅਸ਼ਵਨੀ ਕੁਮਾਰ ਅਤੇ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ਼ ਪ੍ਰਭਾਵਿਤ ਕੀਤਾ। ਸਟੇਜ ਦੀ ਕਾਰਵਾਈ ਚਲਾਉਂਦੇ ਸਮੇਂ ਸੁਭਾਸ਼ ਦੀਵਾਨਾ ਜੀ ਨੇ ਆਪਣੇ ਸ਼ੇਅਰਾਂ ਅਤੇ ਟੋਟਕਿਆਂ ਨਾਲ ਚੰਗਾ ਰੰਗ ਬੰਨ੍ਹਿਆ। ਹਰਪ੍ਰੀਤ ਸਿੰਮੀ ਅਤੇ ਉਨ੍ਹਾਂ ਦੇ ਜੀਵਨ ਸਾਥੀ ਇੰਸਪੈਕਟਰ ਗੁਰਦੀਪ ਸਿੰਘ ਨੇ ਬਾਹਰੋਂ ਆਏ ਸਾਹਿਤਕਾਰਾਂ ਅਤੇ ਸਭਾ ਦੇ ਅਹੁਦੇਦਾਰਾਂ ਨੂੰ ਸ਼ਾਲ ਅਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ।ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਸਮੁੱਚੇ ਪ੍ਰੋਗਰਾਮ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਆਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।