← ਪਿਛੇ ਪਰਤੋ
ਲੁਧਿਆਣਾ: 25 ਅਪ੍ਰੈਲ 2019 - ਆਸਟਰੇਲੀਆ ਦੇ ਸ਼ਹਿਰ ਬਰਿਸਬੇਨ ਵੱਸਦੇ ਨੌਜਵਾਨ ਪੰਜਾਬੀ ਕਵੀ ਸਰਬਜੀਤ ਸੋਹੀ ਦੀ ਨਵੀਂ ਛਪੀ ਕਾਵਿ ਪੁਸਤਕ ਲਹੂ ਵਿੱਚ ਮੌਲਦੇ ਗੀਤ ਬਾਰੇ ਪੰਜਾਬੀ ਲੇਖਕ ਸਭਾ ਵੱਲੋਂ ਵਿਚਾਰ ਚਰਚਾ ਦਾ ਆਰੰਭ ਕਰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਪੰਜਾਬੀ ਕਵੀ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਹੈ ਕਿ 1967-68 ਤੋਂ ਪੰਜਾਬੀ ਵਿੱਚ ਸ਼ੁਰੂ ਹੋਈ ਜੁਝਾਰਵਾਦੀ ਕਾਵਿ ਸਿਰਜਣਾ ਦਾ ਵਰਤਮਾਨ ਚਿਹਰਾ ਸਰਬਜੀਤ ਸੋਹੀ ਦੀ ਸ਼ਾਇਰੀ ਹੈ। ਬਦੇਸ਼ ਵੱਸਣ ਦੇ ਬਾਵਜੂਦ ਉਸ ਦੀ ਕਵਿਤਾ ਨਾਬਰਾਂ ਦੀ ਮਨੋਦਸ਼ਾ ਬਿਆਨ ਕਰਦੀ ਹੈ। ਸੋਹੀ ਦੀ ਕਵਿਤਾ ਚ ਪਾਸ਼, ਦਰਸ਼ਨ ਖਟਕੜ, ਹਰਭਜਨ ਹਲਵਾਰਵੀ ਤੇ ਸਤਵੇਂ ਦਹਾਕੇ ਦੇ ਜੁਝਾਰਵਾਦੀ ਕਵੀਆਂ ਦੀ ਧੁਨੀ ਰਲਦੀ ਮਿਲਦੀ ਪ੍ਰਤੀਤ ਹੁੰਦੀ ਹੈ। ਸਰਬਜੀਤ ਸੋਹੀ ਨੂੰ ਹੁਣ ਆਪਣੀਆਂ ਤਿੰਨ ਕਾਵਿ ਪੁਸਤਕਾਂ ਤੋਂ ਬਾਦ ਨਵੇਂ ਦਿਸਹੱਦਿਆਂ ਦੀ ਤਲਾਸ਼ ਕਰਨੀ ਚਾਹੀਦੀ ਹੈ ਕਿਉਂਕਿ ਉਸ ਕੋਲ ਸਮਰੱਥ ਜ਼ਬਾਨ ਤੇ ਵਿਸ਼ਲੇਸ਼ਣੀ ਅੱਖ ਹੈ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਸਰਬਜੀਤ ਸੋਹੀ ਦੀ ਕਵਿਤਾ ਪੁਸਤਕ ਲਹੂ ਵਿੱਚ ਮੌਲਦੇ ਗੀਤ ਵਕਤ ਦਾ ਦਰਦਨਾਮਾ ਹੈ ਜਿਸ ਨੂੰ ਧਰਤੀ ਦੀਆਂ ਅਹੁਰਾਂ ਥੋੜਾਂ ਤੇ ਕਮੀਆਂ ਪੇਸ਼ੀਆਂ ਦਾ ਗੂੜ੍ਹ ਗਿਆਨ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਪਾਦਕ ਪੰਜਾਬੀ ਡਾ: ਜਗਵਿੰਦਰ ਜੋਧਾ ਨੇ ਕਿਹਾ ਸਰਬਜੀਤ ਸੋਹੀ ਦੀ ਕਵਿਤਾ ਵਿਦਰੋਹੀ ਸੁਰ ਨਾਲ ਓਤ ਪੋਤ ਹੈ। ਉਸ ਕੋਲ ਜੁਝਾਰਵਾਦੀ ਸੋਚਧਾਰਾ ਦਾ ਤਿੱਖਾ ਤੇਜ਼ਤਰਾਰ ਮੁਹਾਵਰਾ ਤੇ ਪੰ੍ਰਗਟਾਅ ਢੰਗ ਹੈ। ਉਸ ਦੀ ਸਮਰਥਾ ਇਸ ਪੜਾਅ ਤੋਂ ਬਹੁਤ ਅੱਗੇ ਜਾਣ ਦੀ ਹੈ। ਪ੍ਰਸਿੱਧ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਸਰਬਜੀਤ ਸੋਹੀ ਦੀ ਕਵਿਤਾ ਵਿਚਲੇ ਪ੍ਰਗੀਤਕ ਖ਼ਾਸੇ ਪ੍ਰਤੀ ਵਿਸ਼ੇਸ਼ ਤੌਰ ਤੇ ਪ੍ਰਸੰਨਤਾ ਪ੍ਰਗਟ ਕੀਤੀ। ਪ੍ਰਸਿੱਧ ਵਿਦਵਾਨ ਡਾ: ਅਨੁਰਾਗ ਸਿੰਘ ਨੇ ਸਰਬਜੀਤ ਸੋਹੀ ਦੀ ਇਸ ਕਿਤਾਬ ਨੂੰ ਸਮੁੱਚੇ ਕਾਵਿ ਜਗਤ ਵਿਚ ਵੱਖਰੀ ਨੁਹਾਰ ਵਾਲੀ ਕਿਹਾ। ਉੱਘੇ ਨਾਟਕਕਾਰ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅਸਿਸਟੈਂਟ ਡਾਇਰੈਕਟਰ (ਟੀ ਵੀ ਤੇ ਰੇਡੀਓ) ਡਾ: ਅਨਿਲ ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ਵਿੱਚ ਲੰਮੇ ਅਰਸੇ ਬਾਦ ਇਕ ਚੰਗੀ ਕਾਵਿ ਪੁਸਤਕ ਤੇ ਨਿੱਠ ਕੇ ਵਿਚਾਰ ਚਰਚਾ ਹੋਣੀ ਸ਼ੁਭ ਸ਼ਗਨ ਹੈ। ਧੰਨਵਾਦੀ ਸ਼ਬਦ ਬੋਲਦਿਆਂ ਉੱਘੇ ਫੋਟੋ ਕਲਾਕਾਰ ਤੇ ਰਾਗ ਰਤਨ ਪੁਸਤਕ ਦੇ ਲੇਖਕ ਤੇਜਪ੍ਰਤਾਪ ਸਿੰਘ ਸੰਧੂ ਨੇ ਸਰਬਜੀਤ ਸੋਹੀ ਦੀ ਕਵਿਤਾ ਦੀ ਬਹੁਰੰਗਤਾ ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਹੋਰ ਪੁਸਤਕਾਂ ਤੇ ਵੀ ਇਹੋ ਜਹੇ ਸੰਖੇਪ ਪਰ ਪ੍ਰਭਾਵਸ਼ਾਲੀ ਵਿਚਾਰ ਵਟਾਂਦਰੇ ਕਰਨ ਦੀ ਲੋੜ ਤੇ ਜ਼ੋਰ ਦਿੱਤਾ।
Total Responses : 267