*ਪੱਤਰਕਾਰੀ ਦੇ ਭਲੇ ਵੇਲੇ*
ਉਹ ਦਿਨ ਬੜੇ ਗੁਲਜ਼ਾਰ ਸੀ,
ਕਦੇ ਅਸੀਂ ਵੀ ਪੱਤਰਕਾਰ ਸੀ...
*ਸ਼ਹਿਰ 'ਚ ਹੁੰਦੇ ਦੋ ਚਾਰ ਸੀ,*
*ਕਦੇ ਅਸੀਂ ਵੀ ਪੱਤਰਕਾਰ ਸੀ।*
ਉਦੋਂ ਸਹਿਜੇ ਸਹਿਜੇ ਚਲਦੇ ਸੀ,
ਟਾਵੀਂ ਟਾਵੀਂ ਖ਼ਬਰ ਘੱਲਦੇ ਸੀ...
ਨਾ ਪਾਗ਼ਲਪਨ ਵਾਲਾ ਜਨੂੰਨ ਸੀ,
ਨਾ ਅੱਜ ਵਾਂਗ ਖੌਲਦਾ ਖ਼ੂਨ ਸੀ...
ਖ਼ਬਰ ਕੋਈ ਮਾਅਨਾ ਰੱਖਦੀ ਸੀ,
ਇਕ ਇਕ ਖ਼ਬਰ ਲੱਖ ਦੀ ਸੀ....
ਜੇਬ 'ਚ ਧੇਲਾ ਹੋਏ ਜਾਂ ਨਾ,
ਪਰ ਜ਼ਮੀਰ ਈਮਾਨਦਾਰ ਸੀ...
*ਕਦੇ ਅਸੀਂ ਵੀ ਪੱਤਰਕਾਰ ਸੀ।*
*ਸ਼ਹਿਰ 'ਚ ਹੁੰਦੇ ਦੋ ਚਾਰ ਸੀ॥*
ਉਦੋਂ ਲੋਕਾਂ ਖ਼ਾਤਰ ਲਿਖਦੇ ਸੀ,
ਨਾ ਲੀਡਰਾਂ ਕੋਲੇ ਵਿਕਦੇ ਸੀ...
ਨਾ ਹੰਕਾਰ ਸੀ ਨਾ ਕਪਟ ਸੀ,
ਬਸ ਅੰਦਰ ਉਠਦੀ ਲਪਟ ਸੀ...
ਤਾਹੀਉਂ ਤਾਂ ਹੁੰਦਾ ਨਾਮ ਸੀ,
ਹਰ ਪਾਸੇ ਹੁੰਦੀ ਸਲਾਮ ਸੀ...
ਬੇਖ਼ੌਫ਼ੀ ਸੀ ਦਲੇਰੀ ਸੀ,
ਕਲਮ ਵੀ ਤਿੱਖੀ ਤਲਵਾਰ ਸੀ...
*ਕਦੇ ਅਸੀਂ ਵੀ ਪੱਤਰਕਾਰ ਸੀ।*
*ਸ਼ਹਿਰ 'ਚ ਹੁੰਦੇ ਦੋ ਚਾਰ ਸੀ॥*
ਨਾ ਭੀੜ ਸੀ ਅਖ਼ਬਾਰਾਂ ਦੀ,
ਨਾ ਪਾਟੋਧਾੜ ਪੱਤਰਕਾਰਾਂ ਦੀ....
ਨਾ ਪੱਤਰਕਾਰੀ ਵਪਾਰਕ ਖੇਡ ਸੀ,
ਬਸ ਇਕ ਅੱਧੀ ਕਾਲੀ ਭੇਡ ਸੀ...
ਸਨਸਨੀ ਦੀ ਥਾਂ ਸਮਝਦਾਰੀ ਸੀ,
ਵਿਚਾਰਾਂ ਦੀ ਕਮਾਲ ਪੇਸ਼ਕਾਰੀ ਸੀ...
ਲਿਖਣ-ਪੜ੍ਹਨ ਦਾ ਚੱਜ ਸੀ,
ਭਾਸ਼ਾ ਨਾਲ ਪੂਰਾ ਪਿਆਰ ਸੀ...
*ਕਦੇ ਅਸੀਂ ਵੀ ਪੱਤਰਕਾਰ ਸੀ।*
*ਸ਼ਹਿਰ 'ਚ ਹੁੰਦੇ ਦੋ ਚਾਰ ਸੀ॥*
ਨਾ ਇਸ਼ਤਿਹਾਰਾਂ ਦਾ ਭਾਰ ਸੀ,
ਨਾ ਨੱਠ-ਭੱਜ ਨਾ ਹਾਹਾਕਾਰ ਸੀ...
ਨਾ ਲੰਚ ਡਿਨਰ ਦੀ ਖਿੱਚ ਸੀ,
ਨਾ ਮੋਹ ਮੁਫ਼ਤ ਦੀ ਦਾਰੂ ਵਿਚ ਸੀ...
ਹੁੰਦੀ ਥੋੜੇ ਵਿਚ ਵੀ ਚੈਨ ਸੀ,
ਅੱਜ ਦਿਆਂ ਵਾਂਗ ਨਾ ਦਿਲ ਬੇਚੈਨ ਸੀ...
ਇਕ ਚੰਗਾ ਜਿਹਾ ਅਹਿਸਾਸ ਸੀ,
ਨਾ ਝੂਠੀ ਹਉਮੈਂ ਦੇ ਸ਼ਿਕਾਰ ਸੀ...
*ਕਦੇ ਅਸੀਂ ਵੀ ਪੱਤਰਕਾਰ ਸੀ।*
*ਸ਼ਹਿਰ 'ਚ ਹੁੰਦੇ ਦੋ ਚਾਰ ਸੀ॥*