ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਵਲੋਂ 'ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਸ਼ੂਆਂ ਦਾ ਜ਼ਿਕਰ' ਪੁਸਤਕ ਕੀਤੀ ਗਈ ਰਿਲੀਜ਼
ਅਮ੍ਰਿਤਸਰ 28 ਜੁਲਾਈ 2022 - ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਤੇ ਪ੍ਰੋ. (ਡਾ.) ਪੁਸ਼ਪਿੰਦਰ ਜੈ ਰੂਪ ਦੁਆਰਾ ਲਿਖੀ ਗਈ 'ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਸ਼ੂਆਂ ਦਾ ਜ਼ਿਕਰ' ਪੁਸਤਕ ਅੱਜ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੁਆਰਾ ਰਲੀਜ਼ ਕੀਤੀ ਗਈ। ਇਸ ਮੌਕੇ ਡੀਨ ਵਿਦਿਅਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ, ਪ੍ਰੋ. ਅਮਰਜੀਤ ਸਿੰਘ ਡਾਇਰੈਕਟਰ, ਪ੍ਰੋ. ਰੌਣਕੀ ਰਾਮ ਪੰਜਾਬ ਯੂਨੀਵਰਟਿੀ ਚੰਡੀਗੜ੍ਹ, ਜੀਵ ਵਿਗਿਆਨ ਵਿਭਾਗ ਦੇ ਮੁਖੀ ਤੇ ਫੈਕਲਟੀ ਮੈਂਬਰ ਹਾਜ਼ਰ ਸਨ।
ਇਹ ਪੁਸਤਕ ਬਾਣੀ ਅੰਦਰ ਪਸ਼ੂਆਂ ਦੇ ਹੋਏ ਉਲੇਖ ਦੇ ਸਮੁੱਚੇ ਵੇਰਵੇ ਨੂੰ ਪਾਠਕਾਂ ਦੇ ਸਨਮੁੱਖ ਪ੍ਰਸਤੁਤ ਕਰਦੀ ਹੈ। ਪੁਸਤਕ ਦਾ ਵਿਸ਼ਾ ਇੱਕ ਨਿਵੇਕਲੇ ਤੇ ਵਿਲੱਖਣ ਖੇਤਰ ਨਾਲ ਸੰਬੰਧਿਤ ਹੈ ਜਿਸ ਬਾਰੇ ਅਜੇ ਤੱਕ ਬਹੁਤ ਘੱਟ ਖੋਜ ਕਾਰਜ ਹੋਇਆ ਮਿਲਦਾ ਹੈ। ਪੁਸਤਕ ਵਿੱਚ ਵਿਦਵਾਨ ਲੇਖਿਕਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਵਲੋਂ ਬਾਣੀ ਵਿੱਚ ਵੱਖ-ਵੱਖ ਪਸ਼ੂਆਂ ਦੇ ਕੀਤੇ ਗਏ ਉਲੇਖ ਦਾ ਵੇਰਵੇ ਸਹਿਤ ਵਿਵਰਣ ਪ੍ਰਸਤੁਤ ਕਰਦਿਆਂ ਉਹਨਾਂ ਦੇ ਸੁਭਾਅ ਅਤੇ ਜਾਤੀਆਂ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਹੈ। ਇਹ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੇ ਕੁਦਰਤ ਤੇ ਵਾਤਾਵਰਣ ਪ੍ਰਤੀ ਨਜ਼ਰੀਏ ਤੇ ਰਿਸ਼ਤੇ ਨੂੰ ਵੀ ਉਜਾਗਰ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਇਸ ਪੁਸਤਕ ਦੀ ਪ੍ਰਕਾਸ਼ਨਾ ਕੀਤੀ ਗਈ ਹੈ।ਇਸ ਵਿੱਚ ਗੁਰੂ ਸਾਹਿਬਾਨ ਤੇ ਭਗਤਾਂ ਦੁਆਰਾ ਕਿਹੜੇ-ਕਿਹੜੇ ਰਾਗ ਤੇ ਕਿਸ-ਕਿਸ ਸ਼ਬਦ ਜਾਂ ਸਲੋਕ ਵਿੱਚ ਪਸ਼ੂਆਂ ਦੀਆਂ ਮਿਸਾਲਾਂ ਦਾ ਪ੍ਰਯੋਗ ਕੀਤਾ ਹੈ ਉਸ ਦਾ ਸਿਲਸਿਲੇਵਾਰ ਵੇਰਵਾ ਗੁਰਮਖੀ ਅੱਖਰਾਂ ਦੇ ਕਮ੍ਰ ਅਨਸੁਾਰ ਦਿੱਤਾ ਗਿਆ ਹੈ।ਇਸ ਵੇਰਵੇ ਦੇਣ ਉਪਰੰਤ ਪੁਸਤਕ ਵਿੱਚ ਸ਼ਾਮਿਲ ਕੁੱਝ ਮਹੱਤਵਪੂਰਣ ਸਾਰਣੀਆਂ ਵੱਡਮੁਲੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ।