ਜੀ ਜੀ ਐਨ ਖਾਲਸਾ ਕਾਲਜ ਦਾ ਪਰਵਾਸੀ ਸਾਹਿਤ ਅਧਿਐਨ ਕੇਂਦਰ ਪੰਜਾਬੀ ਵਿਸ਼ਵ ਸਾਹਿਤ ਸਿਰਜਣਾ ਦਾ ਧੁਰਾ ਬਣਿਆ - ਡਾ. ਸੁਰਜੀਤ ਪਾਤਰ
ਲੁਧਿਆਣਾ, 11 ਜੁਲਾਈ 2021 - ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪੰਜਾਬ ਭਵਨ ਸਰੀ ਕੈਨੇਡਾ (ਬਾਨੀ ਸ਼੍ਰੀ ਸੁੱਖੀ ਬਾਠ ਜੀ) ਦੇ ਸਹਿਯੋਗ ਨਾਲ ਡਾ.ਸ.ਪ. ਸਿੰਘ ਜੀ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪ੍ਰਧਾਨ ਗੁੱਜਰਾਂਵਾਲਾ ਐਜੂਕੇਸ਼ਨਲ ਕੌਂਸਲ ਦੀ ਰਹਿਨੁਮਾਈ ਵਿਚ ਕੈਨੇਡੀਅਨ ਅਮਰੀਕਨ ਪੰਜਾਬੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ ।ਪ੍ਰਧਾਨਗੀ ਡਾ. ਸੁਰਜੀਤ ਪਾਤਰ ਜੀ ਚੇਅਰਮੈਨ, ਪੰਜਾਬ ਆਰਟ ਕਾਊਂਸਲ ਨੇ ਕੀਤੀ।ਵਿਸ਼ੇਸ਼ ਭਾਸ਼ਣ ਕੈਮਲੂਪਸ ਤੋਂ ਡਾ.ਸੁਰਿੰਦਰ ਧੰਜਲ ਜੀ ਕਵੀ ਤੇ ਚਿੰਤਕ ਨੇ ਦਿੱਤਾ ਅਤੇ ਵਿਸ਼ੇਸ਼ ਮਹਿਮਾਨ ਪ੍ਰੋ ਗੁਰਭਜਨ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਸਨ ।
ਸੁਆਗਤੀ ਭਾਸ਼ਨ ਦਿੰਦਿਆਂ ਡਾ. ਸ ਪ ਸਿੰਘ ਨੇ ਕਿਹਾ ਕਿ ਯੋਰਪ ਤੇ ਇੰਗਲੈਂਡ ਤੋਂ ਬਾਦ ਇਹ ਕਵੀ ਦਰਬਾਰ ਪੈਸੀਫਿਕ ਕੋਸਟ (ਵੈਨਕੁਵਰ ਤੋਂ ਕੈਲੇਫੋਰਨੀਆ)ਦੇ ਕਵੀਆਂ ਤੇ ਆਧਾਰਿਤ ਹੈ ਇਸ ਤੋਂ ਮਗਰੋਂ ਐਟਲਾਂਟਿਕ ਸਾਗਰ (ਟੋਰੰਟੋ ਤੋਂ ਵਾਸ਼ਿੰਗਟਨ ਡੀ ਸੀ ਤੀਕ)ਦੇ ਕੰਢੇ ਵੱਸਦੇ ਕਵੀਆਂ ਦਾ ਕਵੀ ਦਰਬਾਰ ਅਗਲੇ ਮਹੀਨੇ ਕਰਵਾਇਆ ਜਾਵੇਗਾ। ਇਸ ਤੋਂ ਬਾਦ ਆਸਟਰੇਲੀਆ ਤੇ ਨਿਉਜੀਲੈਂਡ ਖੇਤਰ ਨੂੰ ਲਿਆ ਜਾਵੇਗਾ।
ਪੰਜਾਬ ਭਵਨ ਦੇ ਬਾਨੀ ਸ਼੍ਰੀ ਸੁਖੀ ਬਾਠ ਨੇ ਕਿਹਾ ਕਿ ਪੰਜਾਬ ਭਵਨ ਵੱਲੋਂ ਜੀ ਜੀ ਐੱਨ ਖਾਲਸਾ ਕਾਲਿਜ ਨਾਲ ਪਿਛਲੇ ਚਾਰ ਸਾਲ ਦੀ ਸਾਂ ਝ ਨਾਲ ਦੋਹਾਂ ਖਿੱਤਿਆਂ ਦੇ ਲੇਖਕ ਨਜ਼ਦੀਕ ਆਏ ਹਨ।
ਮੁੱਖ ਭਾਸ਼ਨ ਦਿੰਦਿਆਂ ਡਾ. ਸੁਰਿੰਦਰ ਧੰਜਲ ਨੇ ਕਿਹਾ ਕਿ ਗਦਰ ਪਾਰਟੀ ਦੇ ਸੂਰਮਿਆਂ ਨੇ ਕਾਵਿ ਸਿਰਜਣਾ ਰਾਹੀਂ ਇੱਕ ਸਦੀ ਪਹਿਲਾਂ ਅਮਰੀਕਾ ਤੇ ਕੈਨੇਡਾ ਚ ਮਜਬੂਤ ਆਧਾਰ ਭੂਮੀ ਤਿਆਰ ਕੀਤੀ ਜਿਸ ਤੋਂ ਬਾਦ ਹੁਣ ਤੀਕ ਇਨ੍ਹਾਂ ਧਰਤੀਆਂ ਦੇ ਸਿਰਜਕਾਂ ਦਾ ਲੋਕ ਪੱਖੀ ਖਾਸਾ ਰਿਹਾ ਹੈ।
ਵਿਸ਼ੇਸ਼ ਮਹਿਮਾਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਨੇ ਵਿਸ਼ਵ ਵਿਆਪੀ ਸਾਹਿੱਤਕ ਲਹਿਰ ਦੀ ਅਗਵਾਈ ਕਰਨ ਦਾ ਬੀੜਾ ਚੁੱਕਿਆ ਹੈ ਜੋ ਸ਼ਲਾਘਾਯੋਗ ਹੈ।
ਮੁੱਖ ਮਹਿਮਾਨ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕਵੀਆਂ ਨੇ ਆਪਣੇ ਨਿੱਜ ਤੋਂ ਪਾਰ ਜਾ ਕੇ ਵਿਸ਼ਵ ਵਰਤਾਰਿਆਂ ਨੂੰ ਵੀ ਆਪਣੇ ਕਲਾਵੇ ਵਿੱਚ ਲਿਆ ਹੈ ਜੋ ਸਾਰਥਿਕ ਹੁੰਗਾਰਾ ਹੈ। ਇਸ ਕਾਲਿਜ ਦਾ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਸ਼ਵ ਪੰਜਾਬੀ ਸਾਹਿੱਤ ਸਿਰਜਣਾ ਦਾ ਕੇਂਦਰੀ ਧੁਰਾ ਬਣ ਗਿਆ ਹੈ।
ਇਸ ਕਵੀ ਦਰਬਾਰ ਵਿੱਚ ਭਾਰਤ ਤੋਂ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਗਿੱਲ ਕੈਨੇਡਾ ਤੋਂ ਮੋਹਨ ਗਿੱਲ, ਚਰਨ ਸਿੰਘ, ਕਵਿੰਦਰ ਚਾਂਦ ,ਡਾ. ਲਖਵਿੰਦਰ ਸਿੰਘ ਗਿੱਲ ,ਸੁਰਿੰਦਰ ਗੀਤ, ਹਰਦਮ ਸਿੰਘ ਮਾਨ,ਪਰਮਿੰਦਰ ਕੌਰ ਸਵੈਚ, ਡਾ. ਸ਼ਾਹਗੀਰ ਸਿੰਘ ਗਿੱਲ ਪ੍ਰੀਤ ਮਨਪ੍ਰੀਤ ਤੇ ਰੁਪਿੰਦਰ ਦਿਓਲ ਕੈਲਗਰੀ ਅਤੇ ਅਮਰੀਕਾ ਤੋਂ ਸੁਖਵਿੰਦਰ ਕੰਬੋਜ ,ਹਰਦਿਆਲ ਸਿੰਘ ਚੀਮਾ , ਹਰਜਿੰਦਰ ਕੰਗ ਬਲਿਹਾਰ ਸਿੰਘ ਲਹਿਲ,ਅਮਨਜੀਤ ਕੌਰ ਸ਼ਰਮਾ ਤੇ ਸੁਖਵੀਰ ਬੀਹਲਾ ਆਦਿ ਸ਼ਾਇਰਾਂ ਨੇ ਸ਼ਿਰਕਤ ਕੀਤੀ ।
ਸਿਆਟਲ (ਅਮਰੀਕਾ)ਵੱਸਦੀ ਕਵਿੱਤਰੀ ਮਨਜੀਤ ਕੌਰ ਗਿੱਲ ਦੇ ਵਿੱਛੜੇ ਜੀਵਨ ਸਾਥੀ ਨੂੰ ਸਭ ਲੇਖਕਾਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਉਨ੍ਹਂ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਹੋਣਾ ਸੀ ਪਰ ਅਚਾਨਕ ਦੁਖਾਂਤ ਵਾਪਰਨ ਕਾਰਨ ਉਹ ਸ਼ਾਮਿਲ ਨਹੀਂ ਹੋ ਸਕੇ।
ਕਾਲਿਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਧੰਨਵਾਦ ਦੇ ਸ਼ਬਦ ਕਹੇ। ਡਾ. ਤੇਜਿੰਦਰ ਕੌਰ ਨੇ ਪਰਵਾਸੀ ਸਾਹਿੱਤ ਕੇਂਦਰ ਸਰਗਰਮੀਆਂ ਤੇ ਭਵਿੱਖ ਯੋਜਨਾਵਾਂ ਬਾਰੇ ਚਾਨਣਾ ਪਾਇਆ ਜਦ ਕਿ ਕਵੀ ਦਰਬਾਰ ਦਾ ਸੰਚਾਲਨ ਪ੍ਰੋ: ਸ਼ਰਨਜੀਤ ਕੌਰ ਨੇ ਕੀਤਾ।