ਦਸੂਹਾ, 26 ਫਰਵਰੀ, 2017 : ਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਦੀ ਇੱਕ ਵਿਸ਼ੇਸ਼ ਇਕੱਤਰਤਾ ਸਭਾ “ ਪੰਜਾਬੀ ਜੁਬਾਨ ਦਾ ਸਤਿਕਾਰ ” ਦੇ ਵਿਸ਼ੇ ਉੱਤੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਪੰਜਾਬੀ ਜੁਬਾਨ ਦੇ ਸੰਦਰਭ ਵਿੱਚ ਭਰਵੀ ਵਿਚਾਰ ਚਰਚਾ ਹੋਈ । ਇਸ ਸਮੇਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਪੰਜਾਬੀ ਹਲ ਵਾਹੁੰਦੇ ਅਤੇ ਕਿਰਤ ਕਰਦੇ ਕਿਰਤੀਆਂ ਦੀ ਭਾਸ਼ਾ ਹੈ । ਇਹ ਬਾਗੀਆਂ, ਦੁੱਲਿਆ, ਬੁੱਲਿਆ,ਬਿਹਰਾਂ ਦੇ ਸੁਲਤਾਨਾਂ ਦੀ ਬੋਲੀ ਹੋਣ ਕਰਕੇ ਰਾਜ ਮਹਿਲਾਂ ਦੀਆਂ ਕੰਧਾਂ ਤੋ ਬਾਗੀ ਹੀ ਰਹੀ ਹੈ । ਉਹਨਾਂ ਕਿਹਾ ਕਿ ਹੁਣ ਪੰਜਾਬੀ ਅਤੇ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ,ਪੰਜਾਂ ਦਰਿਆਵਾਂ ਦੀ ਧਰਤੀ ਤੇ ਤਾਂ ਵੱਸਦੇ ਹੀ ਹਨ,ਨਾਲ ਹੀ ਦੂਰ-ਦੂਰ ਤੱਕ ਸਮੁੰਦਰਾਂ ਤੋਂ ਪਾਰਲੀਆਂ ਧਰਤੀਆਂ ਤੱਕ ਫੈਲ ਗਏ ਹਨ, ਜੋ ਪੰਜਾਬੀ ਜੁਬਾਨ ਲਈ ਮਾਣ ਵਾਲੀ ਗੱਲ ਹੈ ਅਤੇ ਉਹ ਪੰਜਾਬੀ ਹੁਣ ਪੰਜਾਬੀ ਬੋਲੀ ਅਤੇ ਪੰਜਾਬੀ ਵਿਰਸੇ ਨੂੰ ਸੰਭਾਲ ਦੀਆਂ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਨ ।
ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਭਾਸ਼ਾਵਾਂ ਉਹੀ ਵਿਕਸਦੀਆਂ ਹਨ ਜੋ ਉਦਾਰ ਹੁੰਦੀਆਂ ਹਨ ਜੋ ਧਰਮ ਧੜਿਆ ਤੋਂ ਮੁਕਤ ਹੁੰਦੀਆਂ ਹਨ । ਜੋ ਸਰਬ ਸਾਂਝੀਆਂ ਹੁੰਦੀਆ ਹਨ ਜੋ ਸਮੇਂ ਦੇ ਹਾਣ ਦੀਆਂ ਹੁੰਦੀਆ ਹਨ ਜੋ ਵਕਤ ਨਾਲ ਪੈਰ ਮੇਚ ਕੇ ਤੁਰਦੀਆਂ ਹਨ । ਪੰਜਾਬੀ ਨੂੰ ਇਸ ਨਾਲ ਤੁਰਨ ਦੀ ਜਾਂਚ ਸਿੱਖਣੀ ਚਾਹੀਦੀ ਹੈ । ਕਹਾਣੀਕਾਰ ਲਾਲ ਸਿੰਘ ਨੇ ਪੰਜਾਬੀ ਵਿਰਸੇ ਦੀ ਮਹਿਮਾ ਕਰਦਿਆਂ ਕਿਹਾ ਕਿ ਪੰਜਾਬੀ ਵਿਰਸੇ ਨੂੰ ਜੇਕਰ ਦੋ ਸ਼ਬਦ ਵਿੱਚ ਬਿਆਨ ਕਰਨਾ ਹੋਵੇ ਤਾਂ ਉਹ ਸ਼ਬਦ ਹਨ “ਚੜਦੀ ਕਲਾ ” ਇਹਨਾਂ ਸ਼ਬਦਾਂ ਦੇ ਪੰਜਾਬੀ ਸ਼ਬਦ ਕੋਸ਼ ਦਾ ਸ਼ਿੰਗਾਰ ਬਨਣ ਪਿੱਛੇ ਪੰਜਾਬੀਆਂ ਦੀ ਘਾਲਣਾਵਾਂ, ਸਿਰੜ, ਸਿਦਕ, ਅਤੇ ਮਿਹਨਤ ਦੀਆਂ ਹਜ਼ਾਰਾਂ ਕਹਾਣੀਆਂ ਹਨ । ਉੱਜੜੀ ਰਾਖ ਵਿੱਚੋਂ ਮੁੜ ਮੁੜ ਜਨਮਦੀ ਪੰਜਾਬੀਅਤ ਨੇ ਇਹ ਸ਼ਬਦ ਸਿਰਾਂ ਅਤੇ ਮੁੜਕੇ ਵੱਟੇ ਕਮਾਏ ਹਨ । ਅਫਸੋਸ ਪੰਜ ਦਰਿਆਂਵਾਂ ਦੀ ਧਰਤੀ ਦੇ ਪੁੱਤ ਪੰਜਾਬੀ ਮਾਂ ਬੋਲੀ ਲਈ ਹੁਣ ਕਪੂਤ ਬਣਦੇ ਜਾ ਰਹੇ ਹਨ । ਆਪਣੇ ਵਿਰਸੇ ਤੋ ਕੋਹਾਂ ਦੂਰ ਦੁੱਧ ਘਿਓ ਦੇ ਛੰਨੇ ਹੁਣ ਬੀਤੇ ਵੇਲੇ ਦੀ ਗੱਲ ਹੋ ਗਈ ਹੈ । ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰੋ. ਬਲਦੇਵ ਸਿੰਘ ਬੱਲੀ, ਸੁਰਿੰਦਰ ਸਿੰਘ ਨੇਕੀ, ਪ੍ਰਿੰਸੀਪਲ ਨਵਤੇਜ ਸਿੰਘ, ਮਾਸਟਰ ਕਰਨੈਲ ਸਿੰਘ, ਜਸਬੀਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਅੰਤ ਵਿੱਚ ਸ਼ਾਮਿਲ ਸਾਹਿਤਕਾਰਾਂ ਨੇ ਆਪਣੀਆਂ ਨਵੀਆਂ ਰਚਨਾਵਾਂ ਸੁਣਾਈਆਂ ।