ਸ਼ਬਦਾਂ ਨਾਲ ਨਹੀਂ
ਭਾਵਨਾਵਾਂ ਨਾਲ ਲਿਖਦਾ ਹੈ
ਪੰਜਾਬੀ ਮਾਂ ਦਾ ਸਰਵਣ ਪੁੱਤਰ।
ਉਸ ਦੀ ਸੱਜਰੀ ਕਿਤਾਬ ਪੰਜਾਬ ਦੇ ਕੋਹਿਨੂਰ ਛਪ ਕੇ 11 ਮਾਰਚ ਨੂੰ ਹੀ ਆਈ ਹੈ। ਸੰਗਮ ਪਬਲੀਕੇਸ਼ਨ ਸਮਾਣਾ ਨੇ ਇਹ ਤੀਸਰਾ ਭਾਗ ਛਾਪਣ ਤੋਂ ਪਹਿਲਾਂ ਦੋ ਭਾਗ ਪਿਛਲੇ ਸਾਲ ਹੀ ਛਾਪੇ ਤੇ ਵਿਸ਼ਵ ਭਰ ਚ ਵੇਚੇ ਹਨ।
ਤੀਸਰੇ ਭਾਗ ਚ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੇ ਉਮਰ ਸੰਗੀ ਰਣਜੀਤ ਸਿੰਘ ਸਿੱਧਵਾਂ ਤੋਂ ਬਿਨ ਪ੍ਰੋ: ਅਜਮੇਰ ਸਿੰਘ ਔਲਖ , ਦੋ ਇਕਬਾਲ ਤੇ ਦੋ ਸੰਧੂ ਕੋਹਿਨੂਰ ਐਲਾਨੇ ਹਨ।
ਵਰਿਆਮ ਸਿੰਘ ਸੰਧੂ ਤੇ ਮੇਰਾ ਬਾਲ ਸਖਾ ਸ਼ਮਸ਼ੇਰ ਸਿੰਘ ਸੰਧੂ ਤਾਂ ਹਾਜ਼ਰ ਹੈਨ ਹੀ, ਦੋਵੇਂ ਇਕਬਾਲ ਭਾਵ ਰਾਮੂਵਾਲੀਆ ਤੇ ਮਾਹਲ ਵੀ ਪੁਸਤਕ ਚ ਸ਼ਾਮਿਲ ਹਨ।
ਸਰਵਣ ਸਿੰਘ ਨੇ ਜ਼ਿੰਦਗੀ ਚ ਸਭ ਤੋਂ ਪਹਿਲਾ ਰੇਖਾ ਚਿੱਤਰ ਓਲੰਪੀਅਨ ਐਥਲੀਟ ਗੁਰਬਚਨ ਸਿੰਘ ਰੰਧਾਵਾ ਦਾ ਲਿਖਿਆ ਸੀ ਜੋ ਮਾਸਿਕ ਪੱਤਰ ਆਰਸੀ ਚ ਛਪਿਆ ਸੀ।
ਰੰਧਾਵਾ ਜੀ ਮੈਥੋਂ ਸਰਵਣ ਸਿੰਘ ਦੀ ਪੰਜਾਬ ਦੇ ਕੋਹਿਨੂਰ ਦੇ ਪਹਿਲੇ ਦੋ ਭਾਗ ਮੰਗਵਾਏ ਸਨ।
ਪੜ੍ਹ ਕੇ ਕਹਿਣ ਲੱਗੇ ਪਤੰਦਰ ਅਜੇ ਵੀ ਕਲਮ ਤੋਂ ਸਪਰਿੰਟ ਲੁਆਈ ਜਾਂਦੈ। ਕਮਾਲ ਲਿਖਦੈ।
ਇਸ ਤੋਂ ਪਹਿਲਾਂ ਉਹ ਕਹਾਣੀ ਲਿਖਦਾ ਸੀ। ਉਸ ਦੀ ਕਹਾਣੀ ਨਿਧਾਨਾ ਸਾਧ ਨਹੀਂ ਸ਼ਮਸ਼ੇਰ ਨੂੰ 1971-72 ਚ ਵੀ ਮੂੰਹ ਜ਼ਬਾਨੀ ਚੇਤੇ ਸੀ।
ਇੱਕ ਤਾਂ ਕਹਾਣੀ ਚੰਗੀ ਦੂਜਾ ਕਾਰਨ ਇਹ ਸੀ ਕਿ ਸਰਵਣ ਵੀ ਸੰਧੂ ਹੈ। ਸ਼ਮਸ਼ੇਰ ਦਾ ਵੱਸ ਚੱਲਦਾ ਤਾਂ ਉਹ ਬਲਰਾਜ ਸਾਹਨੀ ਨੂੰ ਵੀ ਸੰਧੂ ਸਾਬਤ ਕਰ ਲੈਂਦਾ।
25 ਦਸੰਬਰ 1978 ਚ ਮੇਰੇ ਵਿਆਹ ਚ ਸਰਵਣ ਤੇ ਸ਼ਮਸ਼ੇਰ ਦੋਵੇਂ ਬਾਰਾਤੀ ਸਨ।
ਜਸਵੰਤ ਸਿੰਘ ਕੰਵਲ, ਸੂਬਾ ਸਿੰਘ, ਅਮਰਜੀਤ ਗੁਰਦਾਸਪੁਰੀ ਤੇ ਹਰਭਜਨ ਸਿੰਘ ਬਾਜਵਾ ਸਮੇਤ।
40 ਸਾਲ ਪਹਿਲਾਂ ਵੀ ਮੇਰਾ ਵਿਆਹ ਸ਼ਰਾਬ ਮੁਕਤ ਸੀ। ਇਨ੍ਹਾਂ ਦੋਹਾਂ ਸੰਧੂਆਂ ਨੂੰਕਿਲ੍ਹਾਰਾਏਪੁਰ ਚ ਸ਼ਰਾਬ ਦਾ ਠੇਕਾ ਲੱਭਣਾ ਪਿਆ।
ਬਿਨ ਗਲਾਸੋਂ ਬਿਨ ਸਲੂਣਿਓ ਕਿਵੇਂਂ ਕੌੜਾ ਘੁੱਟ ਕਰਨਾ ਪਿਆ। ਦੋਵੇਂ ਓਸ ਕਤੂਰੇ ਦੇ ਅੱਜ ਤੀਕ ਸ਼ੁਕਰਗੁਜ਼ਾਰ ਹਨ ਜਿਹੜਾ ਕਿਸੇ ਦੇ ਘਰੋਂ ਨਲਕੇ ਤੋਂ ਅਧੀਏ ਚ ਪਾਣੀ ਪਾਉਣ ਵੇਲੇ ਬਿਲਕੁਲ ਨਾ ਭੌਂਕਿਆ।
ਹੁਣ ਤੀਕ ਉਸ ਕਤੂਰੇ ਦਾ ਸਰਵਣ ਵੀਰ ਨੂੰ ਪਿਆਰ ਆਉਂਦਾ ਹੈ ਤੇ ਮੇਰੇ ਤੇ ਗੁੱਸਾ।
ਕੀ ਮੁੱਠ ਰਿਓੜੀਆਂ ਦੀ
ਮੇਰੀ ਰੋਂਦੀ ਨਾ ਵਰਾਈ ਕਰਤਾਰੋ।
ਇਸ ਗੱਲ ਦਾ ਚਸਕੇ ਲੈ ਲੈ ਕੇ ਸਰਵਣ ਸਿੰਘ ਨੇ ਸ਼ਮਸ਼ੇਰ ਵਾਲੇ ਰੇਖਾ ਚਿਤਰ ਚ ਜ਼ਿਕਰ ਕੀਤਾ ਹੈ।
ਲੇਖਕ ਪੁੱਤਰ ਨਵਦੀਪ ਸਿੰਘ ਗਿੱਲ ਕਹਿ ਰਿਹਾ ਸੀ ਕਿ ਅਗਲੀ ਗੱਲ ਮੈਂ ਲਿਖਾਂਗਾ ਕਿ ਗੁਰਭਜਨ ਗਿੱਲ ਨੇ ਆਪਣੇ ਇਕਲੌਤੇ ਪੁੱਤਰ ਪੁਨੀਤ ਪਾਲ ਦੇ ਵਿਆਹ ਤੇ ਚਮਚਾ ਸ਼ਰਾਬ ਨਹੀਂ ਵਰਤਾਈ। ਪਰ ਪੀਣ ਵਾਲੇ ਚੋਰੀ ਛੁਪੇ ਪੀ ਕੇ ਮੂੰਹ ਘੁੱਟ ਕੇ ਫਿਰਦੇ ਵੇਖੇ ਗਏ।
ਇੰਦਰਜੀਤ ਹਸਨਪੁਰੀ,ਹਰਦੇਵ ਦਿਲਗੀਰ, ਸ਼ਮਸ਼ੇਰ ਦਾ ਸਮੂਹ ਨਾਚ ਹੀ ਚੁਗਲੀ ਕਰ ਗਿਆ ਕਿ
ਇਹ ਤੂੰ ਨਹੀਂ ਬੋਲਦਾ ਚੰਦਰਿਆ
ਤੇਰੇ ਚੋਂ ਦਾਰੂ ਬੋਲਦੀ।
ਸਰਵਣ ਸਿੰਘ ਦੀ ਨਵੀਂ ਪੁਸਤਕ ਦਾ ਸਵਾਗਤ ਹੈ।
-ਗੁਰਭਜਨ ਗਿੱਲ