ਸ਼ਰੀ
ਜਾਰਜ ਮੈਕੀ ਲਾਇਬਰੇਰੀ ਵਿਚ ਜੁਲਾਈ ਮਹੀਨੇ ਦੀ ਕਾਵਿ ਸ਼ਾਮ ਵਿਚ ਸਰੋਤਿਆਂ ਦੇ ਸਨਮੁਖ ਹੋਏ ਨਾਮਵਰ ਗਜ਼ਲਗੋ ਤੇ ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਤੇ ਵਿਅੰਗ ਲੇਖਕ ਸੁਖਮਿੰਦਰ ਬਰਾੜ ਭਗਤਾ ਭਾਈ ਕਾ। ਪ੍ਰੋਗਰਾਮ ਦੇ ਅਰੰਭ ਵਿਚ ਮੋਹਨ ਗਿਲ ਨੇ ਭਗਤਾ ਭਾਈ ਕਾ ਨੂੰ ਸਰੋਤਿਆਂ ਦੇ ਸਨਮੁਖ ਕਰਦਿਆਂ ਲਾਇਬਰੇਰੀ ਵਲੋਂ ਜਾਰੀ ਲਗਾਤਾਰ ਕੀਤੇ ਜਾ ਰਹੇ ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਸਰੋਤਿਆਂ ਦਾ ਧੰਨਵਾਦ ਵੀ ਕੀਤਾ।ਉਹਨਾਂ ਨੇ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਢਾਹਾਂ ਇੰਟਰਨੈਸ਼ਨਲ ਪੰਜਾਬੀ ਸਾਹਿਤਕ ਅੇਵਾਰਡ ਦੇ ਸੰਸਥਾਪਕ ਬਰਜਿੰਦਰ ਢਾਹਾਂ ਤੇ ਅਮਰਜੀਤ ਢਾਹਾਂ ਨੂੰ ਜੀ ਆਇਆਂ ਕਿਹਾ।ਸੁਖਮਿੰਦਰ ਬਰਾੜ ਨੇ ਅਪਣੇ ਲਿਖਣ ਬਾਰੇ ਦਸਿਆ ਕਿ ਜਦੋਂ ਪਹਿਲੀ ਪੁਸਤਕ ਦੀ ਛਪਾਈ ਚਲ ਰਹੀ ਸੀ ਤਾਂ ਟਾਈਿਪਸਟ ਨੇ ਸਪੈਲਿੰਗਾਂ ਦੀ ਗਲਤੀ ਬਾਰੇ ਕਿਹਾ ਤਾਂ ਉਹਨਾਂ ਖੁਲਾਸਾ ਕੀਤਾ ਕਿ ਗਲਬਾਤ ਵਿਚ ਠੇਠ ਬੋਲੀ ਹੀ ਕਿਤਾਬ ਦਾ ਅਸਲੀ ਵਿਸ਼ਾ ਪੇਸ਼ ਕਰੇਗੀ ।ਅਜਕਲ ਦੀ ਕਿਤਾਬੀ ਬੋਲੀ ਕਿਤਾਬ ਦੇ ਵਿਸ਼ੇ ਨਾਲ ਇਨਸਾਫ ਨਹੀਂ ਕਰ ਸਕਦੀ।ਉਹਨਾਂ ਕਿਹਾ ਕਿ ਵਿਸਰ ਰਹੇ ਪੰਜਾਬੀ ਸਭਿਆਚਾਰ ਤੇ ਪੇਂਡੂ ਲੋਕਾਂ ਦੇ ਮੁਹਾਵਰੇ ਤੇ ਗਲਬਾਤ ਦੇ ਅੰਦਾਜ਼ ਨੂੰ ਉਹਨਾਂ ਨੇ ਸਾਂਭਣ ਦਾ ਯਤਨ ਕੀਤਾ ਹੈ ਤੇ ਨਾਲ ਹੀ ਸਮਾਜ ਵਿਚਲੇ ਕੁਝ ਪੱਖਾਂ ਤੇ ਵਿਅੰਗ ਵੀ ਕੀਤਾ ਹੈ।ਉਹਨਾਂ ਨੇ ਕੁਝ ਕਾਵ ਵਿਅੰਗ ਤੇ ਪੁਸਤਕ ਵਿਚੋਂ ਕੁਝ ਵਨਗੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਸ਼ਾਮ ਦੇ ਦੂਜੇ ਕਵੀ ਸਤੀਸ਼ ਗੁਲਾਟੀ ਨੂੰ ਸਰੋਤਿਆਂ ਸਨਮੁਖ ਪੇਸ਼ ਕੀਤਾ ਆਰਟਿਸਟ ਜਰਨੈਲ ਸਿੰਘ ਨੇ। ਉਹਨਾਂ ਕਿਹਾ ਕਿ ਸਤੀਸ਼ ਗੁਲਾਟੀ ਹਰ ਸਾਲ ਕੈਨੇਡਾ ਅਮਰੀਕਾ ਵਿਚ ਪੁਸਤਕ ਮੇਲੇ ਆਯੋਜਿਤ ਕਰਕੇ ਕਿਤਾਬਾਂ ਨੂੰ ਪਾਠਕਾਂ ਦੇ ਘਰ ਤਕ ਪਹੁੰਚਾ ਰਹੇ ਹਨ ਜੋ ਕਿ ਬਹੁਤ ਹੀ ਮਹਤਵਪੂਰਨ ਤੇ ਅਹਿਮ ਕਾਰਜ ਹੈ।ਇਸ ਨਾਲ ਪੁਸਤਕ ਸਭਿਆਚਾਰ ਵਿਚ ਵਾਧਾ ਹੁੰਦਾ ਹੈ। ਸਤੀਸ਼ ਗੁਲਾਟੀ ਨੇ ਅਪਣੇ ਕਾਵਿ ਸਫਰ ਬਾਰੇ ਦਸਿਆ ਕਿ ਉਹਨਾਂ ਦੇ ਪਿਤਾ ਜੀ ਸ਼ਾਹ ਚਮਨ ਕੋਲੋਂ ਪੜਨ ਲਿਖਣ ਦੀ ਚੇਟਕ ਲਗੀ ।ਘਰ ਲਿਖਾਰੀਆਂ ਦਾ ਆਉਣਾ ਜਾਣਾ ਸੀ।ਅਪਣੇ ਦਵਾਈਆਂ ਦੇ ਕਾਰੋਬਾਰ ਰਾਹੀਂ ਉਹਨਾਂ ਦਾ ਸਾਰੇ ਪੰਜਾਬ ਵਿਚ ਸੰਪਰਕ ਬਣਿਆ ਤੇ ਜੋ ਬਾਦ ਵਿਚ ਪ੍ਰਕਾਸ਼ਨਾ ਦੇ ਸਥਾਪਨ ਵਿਚ ਬਹੁਤ ਸਹਿਯੋਗੀ ਹੋਇਆ। ਉਹਨਾਂ ਵਿਅੰਗ ਨਾਲ ਕਿਹਾ ਕਿ ਉਹਨਾਂ ਆਪ ਤਾਂ ਉਚ ਵਿਦਿਆ ਨਹੀਂ ਲਈ ਪਰ ਉਹਨਾਂ ਦੀਆਂ ਪੁਸਤਕਾਂ ਉਪਰ ਹੁਣ ਖੋਜ ਪਤਰ ਲਿਖੇ ਜਾ ਰਹੇ ਹਨ।ਸਤੀਸ਼ ਨੇ ਪੰਜਾਬੀ ਦੇ ਇਨਾਮਾ ਸਨਮਾਨਾਂ ਦੇ ਚਲ ਰਹੇ ਸਾਰੇ ਵਰਤਾਰੇ ਬਾਰੇ ਵੀ ਅਹਿਮ ਦਿਲਚਸਪ ਗਲਾਂ ਸਾਂਝੀਆਂ ਕੀਤੀਆਂ ਮੁਢਲੇ ਸੰਘਰਸ਼ ਦੇ ਦਿਨਾਂ ਦਾ ਜ਼ਿਕਰ ਕੀਤਾ ਕਿ ਕਿਵੇਂ ਕਿਤਾਬਾਂ ਦੀ ਰੇੜੀ ਲਾਉਣ ਤੋਂ ਸ਼ੁਰੂ ਕਰ ਕੇ ਪ੍ਰਕਾਸ਼ਨਾ ਦੇ ਖੇਤਰ ਵਿਚ ਆਏ।ਉਹਨਾਂ ਨੇ ਅਪਣੀਆਂ ਰਚਨਾਵਾ ਤੇ ਪੰਜਾਬੀ ਵਿਚ ਰੋਟੀ ਸ਼ੋਟੀ ਤੇ ਹੋਰ ਇਸ ਨਾਲ ਇਕ ਲਫਜ਼ ਨਾਲ ਦੂਜਾ ਨਿਰਾਰਥਕ ਸ਼ਬਦ ਲਾਉਣ ਦੀ ਪ੍ਰਵਿਰਤੀ ਨਾਲ ਸੰਬੰਧਿਤ ਵਿਅੰਗ ਮਈ ਗਜ਼ਲ ਵੀ ਸਰੋਤਿਆਂ ਨਾਲ ਸਾਂਝੀ ਕੀਤੀ ਜਿਸ ਦਾ ਸਰੋਤਿਆਂ ਨੇ ਬਹੁਤ ਅਨੰਦ ਮਾਣਿਆ।ਉਹਨਾਂ ਅਪਣੀ ਨਵੀਂ ਛਪੀ ਕਾਵਿ ਪੁਸਤਕ ਵਿਚੋਂ ਕੁਝ ਰਚਨਾਵਾਂ ਵੀ ਸੁਣਾਈਆਂ।
ਇਸ ਖੁਬਸੂਰਤ ਸ਼ਾਮ ਵਿਚ ਅੰਗਰੇਜ ਬਰਾੜ, ਅਮਰੀਕ ਪਲਾਹੀ, ਇੰਦਰਜੀਤ ਧਾਮੀ, ਸ਼ਾਇਰ ਜਸਵਿੰਦਰ , ਹਰਦਮ ਸਿੰਘ ਮਾਨ, ਰਾਜਵੰਤ ਬਾਗੜੀ, ਸੀਨੀਅਰ ਸੈਂਟਰ ਦੇ ਸ੍ਰੀ ਬਰਾੜ, ਸ਼ੀਤਲ ਅਨਮੋਲ,ਪ੍ਰਿਸੀਪਲ ਮਲੂਕ ਚੰਦ ਕਲੇਰ, ਕੁਲਦੀਪ ਸਿੰਘ ਬਾਸੀ, ਗੁਰਚਰਨ ਟੱਲੇਵਾਲੀਆ,ਪਰਮਜੀਤ ਸਿੰਘ ਸੇਖੋਂ,ਨਾਵਲਕਾਰ ਜਰਨੈਲ ਸਿੰਘ ਸੇਖਾ ਤੇ ਨਛਤਰ ਸਿੰਘ ਬਰਾੜ, ਪਲੀ ਸੰਸਥਾ ਦੇ ਬਲਵੰਤ ਸੰਘੇੜਾ, ਪ੍ਰੋ ਪ੍ਰਿਥੀਪਾਲ ਸਿੰਘ ਸੋਹੀ ਤੇ ਹਰਿੰਦਰ ਕੌਰ ਸੋਹੀ, ਸਾਧੂ ਬਿਨਿੰਗ ਤੇ ਹੋਰ ਸਾਹਿਤ ਪ੍ਰੇਮੀ ਸ਼ਾਮਲ ਸਨ।