ਚੰਡੀਗੜ੍ਹ, 28 ਅਕਤੂਬਰ, 2017 : ਰਾਜ ਦੀ ਭਲਾਈ ਇੱਕ ਵਿਲੱਖਣ ਅਤੇ ਮਹਾਨ ਵਿਸ਼ਾ ਹੈ ਅਤੇ ਇਸ ਵਿਚ ਸਮਾਜ ਦੇ ਸਾਰੇ ਵਰਗਾਂ ਦੀ ਸਮੁੱਚੀ ਖੁਸ਼ਹਾਲੀ, ਭਲਾਈ ਅਤੇ ਸੁਰੱਖਿਆ ਸ਼ਾਮਲ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਭਵਨ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿਚ ਪੰਜਾਬ ਦੇ ਗਵਰਨਰ ਵੀ.ਪੀ. ਸਿੰਘ ਬਦਨੌਰ ਨੇ ਆਈ.ਏ.ਐਸ. ਸ. ਜਗਮੋਹਨ ਸਿੰਘ ਰਾਜੂ ਦੀ ਕਿਤਾਬ ''ਰਾਮਰਾਜਯ - ਦਾ ਪਿਪਲਜ਼ ਵੈਲਫੇਅਰਜ਼ ਸਟੇਟ'' ਜਾਰੀ ਕਰਦਿਆਂ ਕੀਤਾ। ਸ੍ਰੀ ਬਦਨੌਰ ਨੇ ਰਾਜ ਦੀ ਭਲਾਈ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਰਾਜ ਦੀ ਭਲਾਈ ਨਾਲ ਸਬੰਧਤ ਵਿਭਿੰਨ ਮਾਪਦੰਡ ਅਤੇ ਲੋਕ ਭਲਾਈ ਦੇ ਲਈ ਆਮ ਖੁਸ਼ਹਾਲੀ, ਸਿਹਤ ਅਤੇ ਸਿੱਖਿਆ ਸਬੰਧੀ ਵਿਚਾਰਧਾਰਾ ਵਿਕਸਿਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਜ ਭਲਾਈ ਦਾ ਵਿਸ਼ਾ ਸਮੁੱਚੇ ਰਾਸ਼ਟਰ ਦੀ ਖੁਸ਼ਹਾਲੀ ਨਾਲ ਜੁੜਿਆ ਹੈ ਅਤੇ ਇਸ ਪ੍ਰਕ੍ਰਿਆ ਨੂੰ ਭੂਟਾਨ ਵਰਗੇ ਦੇਸ਼ਾਂ ਨੇ ਅਪਣਾਇਆ ਹੈ।
ਇਸ ਮੌਕੇ ਤੇ ਇੱਕ ਪ੍ਰਭਾਵਸ਼ਾਲੀ ਸਵਾਲ ਜਵਾਬ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਜਿਸ ਦੀ ਮੇਜ਼ਬਾਨੀ ਪ੍ਰਮੁੱਖ ਸਕੱਤਰ ਸੱਭਿਆਚਾਰ ਮਾਮਲੇ ਹਰਿਆਣਾ ਸ੍ਰੀਮਤੀ ਸੁਮਿਤਾ ਮਿਸ਼ਰਾ ਵੱਲੋਂ ਕੀਤੀ ਗਈ। ਹੋਰਾਂ ਤੋਂ ਇਲਾਵਾ ਇਸ ਸੈਸ਼ਨ ਦੇ ਪੈਨਲ ਵਿਚ ਸੀਨੀਅਰ ਜਰਨਲਿਸਟ ਅਤੇ ਇੰਡੀਅਨ ਐਕਸਪ੍ਰੈਸ ਦੇ ਸਾਬਕਾ ਰੈਜ਼ੀਡੈਂਟ ਐਡੀਟਰ ਸ੍ਰੀ ਵਿਪਿਨ ਪੱਬੀ ਸ਼ਾਮਲ ਸਨ।
ਇਸ ਵਿਸ਼ੇਸ਼ ਸਮਾਗਮ ਵਿਚ ਪੇਂਡੂ ਵਿਕਾਸ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਜਸਟਿਸ ਜਤਿੰਦਰ ਚੌਹਾਨ ਕਿਤਾਬ ਦੇ ਲੇਖਕ ਵਧੀਕ ਮੁੱਖ ਸਕੱਤਰ, ਤਮਿਲਨਾਡੂ ਸਰਕਾਰ, ਡਾ. ਜਗਮੋਹਨ ਸਿੰਘ ਰਾਜੂ ਸ੍ਰੀ ਜੇ.ਐਮ. ਬਾਲਾਮੁਰਗਨ ਸਕੱਤਰ ਗਵਰਨਰ, ਪੰਜਾਬ ਅਤੇ ਸ੍ਰੀਮਤੀ ਅਨੂ ਸਿੰਘ ਪ੍ਰਮੁੱਖ ਕਮਿਸ਼ਨਰ ਆਮਦਨ ਕਰ ਹਾਜ਼ਰ ਸਨ।
ਇਨ੍ਹਾਂ ਤੋਂ ਇਲਾਵਾ ਕਿਤਾਬ ਨੂੰ ਜਾਰੀ ਕਰਨ ਸਬੰਧਤ ਸਮਾਗਮ ਵਿਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸੀਨੀਅਰ ਆਈ.ਏ.ਐਸ. ਅਫਸਰ ਵੀ ਹਾਜ਼ਰ ਸਨ।