- ਸਰਕਾਰੀ ਕਾਲਜ ਦੇ ਆਡੀਟੋਰੀਅਮ ਉਪਰ ਜਸਵੰਤ ਸਿੰਘ ਕੰਵਲ ਯਾਦਗਾਰੀ ਭਵਨ ਦੀ ਤਖ਼ਤੀ ਦੇ ਨਾਮਕਰਨ ਦੀ ਰਸਮ ਨਿਭਾਈ
ਢੁੱਡੀਕੇ, 23 ਫ਼ਰਵਰੀ 2020 - ਪੰਜਾਬ ਸਾਂਝੀਵਾਲਤਾ ਜਥਾ ਵੱਲੋਂ ਸਵ ਜਸਵੰਤ ਸਿੰਘ ਕੰਵਲ ਦੀ ਯਾਦ ਵਿੱਚ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ਵਿਖੇ ਮਜਲਿਸ ਜੁੜੀ।
ਸਮਾਗਮ ਦੀ ਸ਼ੁਰੂਆਤ ਵਿੱਚ ਜਸਵੰਤ ਸਿੰਘ ਕੰਵਲ ਦੇ ਚਾਹੁਣ ਵਾਲੇ ਪਾਠਕਾਂ, ਸਨੇਹੀਆਂ, ਪ੍ਰਸੰਸਕਾਂ ਨੇ ਜਸਵੰਤ ਸਿੰਘ ਕੰਵਲ ਦੇ ਨਾਮ ਉਤੇ ਰੱਖੇ ਕਾਲਜ ਦੇ ਆਡੀਟੋਰੀਅਮ ਉਤੇ ਉਕਤ ਨਾਮ ਦੀ ਤਖ਼ਤੀ ਲਗਾ ਕੇ ਇਸ ਦੇ ਨਾਮਕਰਨ ਦੀ ਰਸਮ ਨਿਭਾਈ। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਬੀਤੇ ਦਿਨੀਂ ਜਸਵੰਤ ਸਿੰਘ ਕੰਵਲ ਨਮਿੱਤ ਭੋਗ ਮੌਕੇ ਕੀਤੇ ਆਡੀਟੋਰੀਅਮ ਦਾ ਨਾਮ ਜਸਵੰਤ ਸਿੰਘ ਕੰਵਲ ਯਾਦਗਾਰੀ ਭਵਨ ਰੱਖਣ ਦਾ ਐਲਾਨ ਕੀਤਾ ਸੀ।
ਇਸ ਉਪਰੰਤ ਕਾਲਜ ਦੇ ਹੀ ਗਰਾਊਂਡ ਵਿੱਚ ਬੋਹੜ ਦੇ ਦਰਖੱਤ ਹੇਠ ਇਕੱਤਰਤਾ ਹੋਈ। ਸਮਾਗਮ ਦੇ ਮੁੱਖ ਬੁਲਾਰੇ ਪ੍ਰਿੰਸੀਪਲ ਸਰਵਣ ਸਿੰਘ ਨੇ ਸੰਬੋਧਨ ਕਰਦਿਆਂ ਢੁੱਡੀਕੇ ਅਤੇ ਕੰਵਲ ਹੁਰਾਂ ਨਾਲ 60 ਸਾਲ ਪੁਰਾਣੀਆਂ ਯਾਦਾਂ ਨੂੰ ਤਰੋ ਤਾਜ਼ਾ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਕੰਵਲ ਦੀ ਪ੍ਰੇਰਨਾ ਨਾਲ ਦਿੱਲੀ ਦੀ ਨੌਕਰੀ ਛੱਡ ਕੇ ਢੁੱਡੀਕੇ ਆ ਕੇ ਪੜ੍ਹਾਉਣ ਲੱਗ ਗਏ।ਉਨ੍ਹਾਂ ਕੰਵਲ ਦੇ ਨਾਵਲਾਂ ਦੇ ਪਾਤਰਾਂ, ਵਿਸ਼ਿਆਂ, ਵਾਰਤਾਲਾਪ ਤੋਂ ਲੈ ਕੇ ਢੁੱਡੀਕੇ ਖੇਡ ਮੇਲੇ ਵਿੱਚ ਕੁਮੈਂਟਰੀ ਤੇ ਰੈਫਰੀ ਕਰਨ ਦੇ ਦਿਲਚਸਪ ਕਿੱਸੇ ਸੁਣਾਏ।ਉਨ੍ਹਾਂ ਇਕ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਕ ਵਾਰ ਜਸਵੰਤ ਸਿੰਘ ਕੰਵਲ ਨੇ ਰਾਤ ਵੇਲੇ ਉਚੇਚੇ ਤੌਰ ਉਤੇ ਕਿਸੇ ਪਾਣੀ ਦੇ ਪਰਛਾਵੇਂ ਵਿੱਚ ਪੂਰਨਮਾਸ਼ੀ ਦਾ ਚੰਨ ਦੇਖ ਕੇ ਮਹਿਫ਼ਲ ਲਾਉਣ ਦੀ ਇੱਛਾ ਪ੍ਰਗਟਾਈ ਤਾਂ ਉਨ੍ਹਾਂ ਕਈ ਮੀਲ ਤੁਰ ਕਿਸੇ ਸੂਹੇ ਕੋਲ ਜਾ ਕੇ ਮਹਿਫ਼ਲ ਲਾਈ।
ਸਮੂਹ ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਜਸਵੰਤ ਸਿੰਘ ਕੰਵਲ ਦੇ ਪੁੱਤਰ ਸਰਬਜੀਤ ਸਿੰਘ ਗਿੱਲ ਨੇ ਕੰਵਲ ਹੁਰਾਂ ਦੇ ਜੀਵਨ ਦੇ ਅਣਛੋਹੇ ਪਹਿਲੂਆਂ ਉਤੇ ਚਾਨਣਾ ਪਾਇਆ। ਜਸਵੰਤ ਸਿੰਘ ਕੰਵਲ ਦੇ ਘਰ ਵਿੱਚ ਵਿਚਰਨ, ਰਹਿਣ-ਸਹਿਣ, ਸੁਭਾਅ ਆਦਿ ਬਾਰੇ ਦੱਸਦਿਆਂ ਉਨ੍ਹਾਂ ਦੀ ਲਿਖਣ ਪ੍ਰਤੀ ਪ੍ਰਤੀਬੱਧਤਾ ਅਤੇ ਲੋਕਾਂ ਨਾਲ ਅੰਤਲੇ ਸਮਿਆਂ ਤੱਕ ਖੜ੍ਹੇ ਰਹਿਣ ਦੀਆਂ ਉਦਾਹਰਨਾਂ ਵੀ ਦਿੱਤੀਆਂ।
ਹਰਮੀਤ ਵਿਦਿਆਰਥੀ ਨੇ ਕੰਵਲ ਦੇ ਨਾਵਲ ਸਿਵਲ ਲਾਈਨ ਉਤੇ ਚਰਚਾ ਕਰਦਿਆਂ ਕੌੜਾ ਤਜਰਬਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਜਵਾਨੀ ਦੇ ਦਿਨਾਂ ਵਿੱਚ ਉਹ ਕੰਵਲ ਤੇ ਰਾਮ ਸਰੂਪ ਅਣਖੀ ਨੂੰ ਸਭ ਤੋਂ ਵੱਧ ਪੜ੍ਹਦੇ ਸਨ ਅਤੇ ਹਮੇਸ਼ਾ ਦੋਵਾਂ ਸ਼ਾਹਕਾਰ ਨਾਵਲਕਾਰਾਂ ਵੱਲੋਂ ਨਾਵਲਾਂ ਜ਼ਰੀਏ ਉਸਾਰੇ ਪਿੰਡਾਂ ਨੂੰ ਦੇਖਣ ਦੀ ਤਾਂਘ ਹੁੰਦੀ ਸੀ।ਉਨ੍ਹਾਂ ਕਿਹਾ ਕਿ ਮਜਲਿਸ ਜ਼ਰੀਏ ‘ਢੁੱਡੀਕੇ ਯੂਨੀਵਰਸਿਟੀ’ ਦਾ ਪ੍ਰਸੰਗ ਜਾਰੀ ਰਹਿਣਾ ਚਾਹੀਦਾ।
ਡਾ ਸੁਰਜੀਤ ਨੇ ਬੋਲਦਿਆਂ ਕਿਹਾ ਕਿ ਜਸਵੰਤ ਸਿੰਘ ਕੰਵਲ ਸਾਰੀ ਉਮਰ ਪੰਜਾਬ ਦੀ ਚੇਤਨਾ ਦੇ ਨਾਲ-ਨਾਲ ਚੱਲੇ ਹਨ।
ਉਨ੍ਹਾਂ ਕਿਹਾ ਕਿ ਲੇਖਕ ਸਾਡੇ ਵਿੱਚ ਸਰੀਰਕ ਤੌਰ ਉਤੇ ਭਾਵੇਂ ਹਾਜ਼ਰ ਨਾ ਹੋਵੇ ਪਰ ਆਪਣੀਆਂ ਲਿਖਤਾਂ ਨਾਲ ਸਦਾ ਜਿਉਂਦਾ ਰਿਹਾ। ਉਨ੍ਹਾਂ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਕਿਤਾਬ ਕੰਵਲ ਦਾ ਨਾਵਲ ਲਹੂ ਦੀ ਲੋਅ ਪੜ੍ਹਿਆ ਸੀ।ਰਮਨਦੀਪ ਕੌਰ ਨੇ ਆਪਣੇ ਵਿਦਿਆਰਥੀ ਜੀਵਨ ਦੇ ਨਿੱਜੀ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਜਸਵੰਤ ਸਿੰਘ ਕੰਵਲ ਨੌਜਵਾਨ ਪੀੜ੍ਹੀ ਨੂੰ ਪ੍ਰੇਰਦੇ ਹੁੰਦੇ ਸਨ।
ਢਾਹਾਂ ਪੁਰਸਕਾਰ ਜੇਤੂ ਨਾਵਲਕਾਰ ਪਰਗਟ ਸਿੰਘ ਸਤੌਜ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੇਖਕਾਂ ਲਈ ਸਾਹਿਤ ਦੀ ਪੜ੍ਹਾਈ ਦਾ ਸਿਲੇਬਸ ਕੰਵਲ ਹੁਰਾਂ ਦੀਆਂ ਲਿਖਤਾਂ ਹਨ। ਉਨ੍ਹਾਂ ਕੰਵਲ ਦੇ ਸ਼ਾਹਕਾਰ ਨਾਵਲ ‘ਪੂਰਨਮਾਸ਼ੀ’ ਬਾਰੇ ਵਿਸਥਾਰ ਵਿੱਚ ਚਰਚਾ ਕਰਦਿਆਂ ਕਿਹਾ ਕਿ ਉਹ ਹਰ ਵੇਲੇ ਵੀ ਜਦੋਂ ਇਸ ਇਲਾਕੇ ਵਿੱਚ ਆਉਂਦਾ ਤਾਂ ਨਾਵਲ ਦੇ ਪਾਤਰਾਂ ਅਤੇ ਦ੍ਰਿਸ਼ਾਂ ਦੀ ਕਲਪਨਾ ਕਰਦੇ।ਉਨ੍ਹਾਂ ਦੱਸਿਆ ਕਿ ਪੁਰਾਣੀ ਤੇ ਨਵੀਂ ਪੀੜੀ ਦੇ ਪਾਠਕਾਂ ਵਿੱਚ ਕੰਵਲ ਸਭ ਤੋਂ ਮਕਬੂਲ ਲੇਖਕ ਹਨ।ਡਾ ਕੁਲਦੀਪ ਸਿੰਘ ਗਿੱਲ ਜੋ ਕੰਵਲ ਦੇ ਪਰਿਵਾਰਕ ਡਾਕਟਰ ਸਨ,ਕੰਵਲ ਦੀ ਜ਼ਿੰਦਗੀ ਵਿੱਚ ਆਏ ਬਦਲਾਵਾਂ ਦੇ ਕਾਰਨਾਂ ਉਤੇ ਚਾਨਣਾ ਪਾਇਆ।ਨਵਦੀਪ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਤੇ ਸਾਹਿਤ ਦਾ ਝੰਡਾ ਬੁਲੰਦ ਕਰਨ ਲਈ ਸਾਨੂੰ ਆਪਣੇ ਲੇਖਕਾਂ ਨੂੰ ਲੋਕ ਹੀਰੋਆਂ ਵਾਂਗ ਪੂਜਣਾ ਪਵੇਗਾ ਅਤੇ ਇਸ ਲਈ ਢੁੱਡੀਕੇ ਪਿੰਡ ਵਧਾਈ ਦਾ ਪਾਤਰ ਹੈ।ਉਨ੍ਹਾਂ ਕਿਹਾ ਕਿ ਕੰਵਲ ਦੀ ਸਾਦਗੀ ਵੀ ਸਾਰਿਆਂ ਲਈ ਪ੍ਰੇਰਨਾ ਦਾ ਸੋਮਾ ਸੀ।
ਬਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੰਵਲ ਨੇ ਸਾਰੀ ਉਮਰ ਸੰਵਾਦ ਰਚਾਉਂਦਿਆਂ ਹਰ ਲਹਿਰ ਦੇ ਮੋਢੀਆਂ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਸਦਾ ਸਵਾਲ ਕੀਤੇ।ਖੋਜਾਰਥੀ ਤੇ ਵਿਦਿਆਰਥੀ ਕਾਰਕੁਨ ਸਰਬਜੀਤ ਕੌਰ ਬਾਵਾ ਨੇ ਕੰਵਲ ਦੇ ਨਾਵਲਾਂ ਦੇ ਔਰਤ ਪਾਤਰਾਂ ਅਤੇ ਉਨ੍ਹਾਂ ਦੀ ਮਨੋਦਸ਼ਾ ਬਾਰੇ ਬੋਲਦਿਆਂ ਆਲੋਚਕਾਂ ਉਤੇ ਇਸ ਗੱਲ ਉਤੇ ਗਿਲਾ ਕੀਤਾ ਕਿ ਕੰਵਲ ਦੇ ਨਾਵਲਾਂ ਦੇ ਪੁਰਸ਼ ਪਾਤਰਾਂ ਉਤੇ ਔਰਤਾਂ ਨਾਲ਼ੋਂ ਵੱਧ ਚਰਚਾ ਹੋਈ ਹੈ।ਡਾ ਬਲਦੇਵ ਸਿੰਘ ਨੇ ਬੋਲਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਪਿੰਡਾਂ ਨੂੰ ਜਾਣਨਾ ਹੈ ਤਾਂ ਕੰਵਲ ਦੇ ਨਾਵਲਾਂ ਨੂੰ ਪੜ੍ਹੇ ਬਗੈਰ ਇਹ ਜਗਿਆਸਾ ਪੂਰੀ ਨਹੀਂ ਹੋ ਸਕਦੀ।ਕਾਲਜ ਦੇ ਸੇਵਾਦਾਰ ਵੀਰ ਚੰਦ ਨੇ ਵੀ ਕੰਵਲ ਹੁਰਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ।
ਇਸ ਮੌਕੇ ਸਮਾਜ ਸਾਸ਼ਤਰੀ ਡਾ ਸੁਖਦੇਵ ਸਿੰਘ, ਗਰੀਨ ਕਲੱਬ ਢੁੱਡੀਕੇ ਦੇ ਰਮਨਪ੍ਰੀਤ ਸਿੰਘ, ਲਖਵੀਰ ਸਿੰਘ, ਗਗਨ ਜੋਸ਼ੀ, ਜਸਵਿੰਦਰ ਸ਼ਰਮਾ, ਸ਼ੁਭਕਰਮਨਦੀਪ ਸਿੰਘ, ਪ੍ਰੋ ਕੁਲਦੀਪ ਸਿੰਘ, ਸੁਖਵੰਤ ਸਿੰਘ ਤੇ ਮਨਦੀਪ ਸਿੰਘ ਨੇ ਵੀ ਸੰਬੋਧਨ ਕੀਤਾ।ਮਜਲਿਸ ਦੇ ਸੂਤਰਧਾਰ ਸੁਮੇਲ ਸਿੰਘ ਸਿੱਧੂ ਰਹੇ ਜਿਨ੍ਹਾਂ ਨੇ ਪੂਰਾ ਸਮਾਗਮ ਚਲਾਇਆ।ਅੰਤ ਵਿੱਚ ਸਰਬਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਜਸਵੰਤ ਸਿੰਘ ਜ਼ਫ਼ਰ, ਜਤਿੰਦਰ ਹਾਂਸ, ਡਾ ਅਮਨਦੀਪ ਸਿੰਘ ਟੱਲੇਵਾਲੀਆ ਵੀ ਹਾਜ਼ਰ ਸਨ।