ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਪਾਕਿ ਵੱਸਦੇ ਪੰਜਾਬ ਕਵੀਆਂ ਦਾ ਕਵੀ ਦਰਬਾਰ 28 ਅਪ੍ਰੈਲ ਨੂੰ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ: 25 ਅਪ੍ਰੈਲ 2022- ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ 28 ਅਪ੍ਰੈਲ 2022 ਦਿਨ ਵੀਰਵਾਰ ਨੂੰ ਸ਼ਾਮੀਂ 5 ਵਜੇ ਰਾਵੀ ਪਾਰ ਦੀ ਸ਼ਾਇਰੀ ਸਿਰਲੇਖ ਅਧੀਨ ਲਹਿੰਦੇ ਪੰਜਾਬ ਦੇ ਪੰਜਾਬੀ ਕਵੀਆਂ ਦਾ ਔਨਲਾਈਨ ਕਵੀ ਦਰਬਾਰ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਨੇ ਕਿਹਾ ਕਿ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਪਾਕਿਸਤਾਨ ਵੱਸਦੇ ਸਿਰਮੌਰ ਪੰਜਾਬੀ ਕਵੀ ਬਾਬਾ ਨਜਮੀ ਕਰਨਗੇ। ਉਦਘਾਟਨੀ ਭਾਸ਼ਨ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰਧਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਅਤੇ ਡਾ. ਕਲਿਆਣ ਸਿੰਘ ਕਲਿਆਣ ਅਸਿਸਟੈਂਟ ਪ੍ਰੋਫ਼ੈਸਰ ਸਰਕਾਰੀ ਕਾਲਜ ਯੂਨੀਵਰਸਿਟੀ ਲਾਹੌਰ ਮੁੱਖ ਵਕਤਾ ਵਜੋਂ ਸ਼ਾਮਿਲ ਹੋਣਗੇ।
ਕਵੀ ਦਰਬਾਰ ਵਿਚ ਅੰਜੁਮ ਸਲੀਮੀ, ਅਫ਼ਜ਼ਲ ਸਾਹਿਰ, ਸਾਬਰ ਅਲੀ ਸਾਬਰ, ਤਾਹਿਰਾ ਸਰਾ,ਇਰਸ਼ਾਦ ਸੰਧੂ, ਨਦੀਮ ਅਫ਼ਜ਼ਲ, ਇਮਰਾਨ ਹਾਸ਼ਮੀ, ਸਫ਼ੀਆ ਹਯਾਤ, ਸਾਨੀਆ ਸ਼ੇਖ਼ ਤੇ ਵਹੀਦ ਰਜ਼ਾ ਆਪਣੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕਰਨਗੇ। ਉਹਨਾਂ ਨੇ ਕਿਹਾ ਕਿ ਸਾਡੀ ਇਸ ਸੰਸਥਾ ਦਾ ਪਾਕਿਸਤਾਨ ਦੇ ਗੁਜਰਾਂਵਾਲਾ ਨਾਲ ਅਟੁੱਟ ਸੰਬੰਧ ਹੈ। ਗੁਜਰਾਂਵਾਲਾ ਦੀ ਹੀ ਧਰਤੀ ਤੇ ਹੀ ਇਸ ਸੰਸਥਾ ਦਾ ਨੀਂਹ ਪੱਥਰ 1917 ਵਿਚ ਸੰਤ ਅਤਰ ਸਿੰਘ ਵੱਲੋਂ ਰੱਖਿਆ ਗਿਆ ਅਤੇ ਵੰਡ ਉਪਰੰਤ ਇਸ ਨੂੰ ਲੁਧਿਆਣੇ ਵਿੱਚ ਪੁਨਰ ਸਥਾਪਿਤ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਕਿਹਾ ਪਾਕਿਸਤਾਨ ਦੇ ਨਾਮਵਰ ਸ਼ਾਇਰਾ ਦੇ ਵਿਚਾਰਾਂ ਤੇ ਉਹਨਾਂ ਦੇ ਕਲਾਮ ਨੂੰ ਸੁਣਨ ਦਾ ਇਹ ਸੁਭਾਗਾ ਮੌਕਾ ਹੈ।
ਡਾ. ਭੁਪਿੰਦਰ ਸਿੰਘ , ਮੁਖੀ ਪੰਜਾਬੀ ਵਿਭਾਗ ਨੇ ਕਿਹਾ ਕਿ ਵੱਧ ਤੋਂ ਵੱਧ ਸਰੋਤਿਆਂ ਨੂੰ ਇਸ ਆਨਲਾਈਨ ਪ੍ਰੋਗਰਾਮ ਨਾਲ ਜੁੜ ਕੇ ਇਸਨੂੰ ਮਾਣਨਾ ਚਾਹੀਦਾ ਹੈ। ਕਵੀ ਦਰਬਾਰ ਦੀ ਮੁੱਖ ਪ੍ਰਬੰਧਕ ਪ੍ਰੋ. ਸ਼ਰਨਜੀਤ ਕੌਰ ਨੇ ਕਿਹਾ ਕਿ ਅਸੀਂ ਉਹਨਾਂ ਸਭ ਸ਼ਾਇਰਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਸੱਦੇ ਨੂੰ ਹੁੰਗਾਰਾ ਭਰਿਆ ਹੈ।