ਗੁਰਭਜਨ ਗਿੱਲ ਦੀ ਕਵਿਤਾ ਵਿੱਚ ਵੇਦਨਾ ਵੀ ਹੈ ਤੇ ਸੰਵੇਦਨਾ ਵੀ-ਦੀਪਕ ਮਨਮੋਹਨ ਸਿੰਘ
ਬਾਬੂਸ਼ਾਹੀ ਨੈਟਵਰਕ
ਲੁਧਿਆਣਾ 30 ਜੂਨ 2022
ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਤੇ ਪ੍ਰਸਿੱਧ ਲੇਖਕ ਦੀਪਕ ਮਨਮੋਹਨ ਸਿੰਘ ਨੇ ਬੀਤੀ ਸ਼ਾਮ ਗੈਰ ਰਸਮੀ ਮਿਲਣੀ ਦੌਰਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ 1885 ਚ ਪਹਿਲੀ ਵਾਰ ਛਪੀ ਪਹਿਲੀ ਗ਼ਜ਼ਲ ਪੁਸਤਕ ਹਰ ਧੁਖਦਾ ਪਿੰਡ ਮੇਰਾ ਹੈ ਦਾ ਚੌਥਾ ਐਡੀਸ਼ਨ ਲੋਕ ਅਰਪਨ ਕਰਦਿਆਂ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਕਿਹਾ ਹੈ ਕਿ ਮੈਂ 1975 ਚੋਂ ਉਸ ਦੀ ਕਵਿਤਾ ਨੂੰ ਲਗਾਤਾਰ ਵਾਚਦਾ ਆ ਰਿਹਾ ਹਾਂ, ਜਦ ਉਸ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸ਼ੀਸ਼ਾ ਝੂਠ ਬੋਲਦਾ ਹੈ ਕਵਿਤਾ ਲਿਖਣ ਬਦਲੇ ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਸੀ। ਉਸ ਦੀ ਕਵਿਤਾ ਵਿੱਚ ਵੇਦਨਾ ਵੀ ਹੈ ਤੇ ਸੰਵੇਦਨਾ ਵੀ। ਸ਼ਬਦ ਭੰਡਾਰ ਪੱਖੋਂ ਉਸ ਨੂੰ ਭਾਰਤ ਤੇ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਸਤਿਕਾਰ ਹਾਸਲ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਹੋਈਆਂ ਵਿਸ਼ਵ ਅਮਨ ਤੇ ਸਾਹਿੱਤ ਕਾਨਫਰੰਸਾਂ ਵਿੱਚ ਉਸ ਦੀ ਹਾਜ਼ਰੀ ਹਮੇਸ਼ਾਂ ਗੌਲਣਯੋਗ ਰਹੀ ਹੈ।
ਇਸ ਮੌਕੇ ਹਾਜ਼ਰ ਪ੍ਰਸਿੱਧ ਵਿਦਵਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਅਸੀਂ ਲਗਪਗ ਇਕੱਠਿਆਂ ਹੀ ਲਿਖਣਾ ਪੜ੍ਹਨਾ ਸ਼ੁਰੂ ਕੀਤਾ ਸੀ ਪਰ ਕਵਿਤਾ ਸਿਰਜਣ ਵਿੱਚ ਬਣਾਈ ਲਗਾਤਾਰਤਾ ਕਾਰਨ ਉਹ ਅੱਜ ਸਾਡੇ ਲਈ ਮਾਣਮੱਤਾ ਸਮਕਾਲੀ ਮਿੱਤਰ ਤੇ ਕਵੀ ਹੈ।
ਧੰਨਵਾਦ ਕਰਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਦੀਪਕ ਮਨਮੋਹਨ ਸਿੰਘ ਸਾਹਿੱਤ ਸੱਭਿਆਚਾਰ ਤੇ ਵਿਸ਼ਵ ਕਾਨਫਰੰਸਾਂ ਰਾਹੀਂ ਜਿਹੜਾ ਗਲੋਬਲ ਭਾਈਚਾਰਾ ਉਸਾਰ ਚੁਕੇ ਹਨ, ਉਸ ਦੀ ਨਿਰੰਤਰ ਪਰਵਰਿਸ਼ ਕਰਨਾ ਤੇ ਉਸ ਨੂੰ ਯੋਗ ਅਗਵਾਈ ਦੇਣਾ ਵੀ ਸਾਡਾ ਫ਼ਰਜ਼ ਹੈ। ਮੇਰੀ ਪੁਸਤਕ ਦਾ ਚੌਥਾ ਐਡੀਸ਼ਨ ਕੁਝ ਮਹੀਨੇ ਪਹਿਲਾਂ ਛਪ ਕੇ ਆਇਆ ਸੀ ਪਰ ਅੱਜ ਦੋ ਵੱਡੇ ਵੀਰਾਂ ਵੱਲੋਂ ਮੇਰੇ ਪਰਿਵਾਰ ਦੀ ਹਾਜ਼ਰੀ ਚ ਲੋਕ ਅਰਪਨ ਹੋਣਾ ਮੇਰੇ ਲਈ ਸੁਭਾਗੀ ਘੜੀ ਵਰਗਾ ਹੈ। ਇਸ ਮੌਕੇ ਪੁਸਤਕ ਲੋਕ ਅਰਪਨ ਵਿੱਚ ਗੁਰਭਜਨ ਗਿੱਲ ਦੀ ਜੀਵਨ ਸਾਥਣ ਸਰਦਾਰਨੀ ਜਸਵਿੰਦਰ ਕੌਰ ਗਿੱਲ ਤੇ ਅਮਰੀਕਾ ਤੋਂ ਆਏ ਜਸਜੀਤ ਸਿੰਘ ਨੱਤ ਵੀ ਸ਼ਾਮਿਲ ਹੋਏ।