ਗੁਰਭਜਨ ਗਿੱਲ ਦੀ ਗ਼ਜ਼ਲ ਪੁਸਤਕ “ਸੁਰਤਾਲ” ਬਾਰੇ ਅੰਤਰ ਰਾਸ਼ਟਰੀ ਔਨਲਾਈਨ ਵਿਚਾਰ ਗੋਸ਼ਟੀ
- ਪ੍ਰਧਾਨਗੀ ਡਾ: ਸ ਪ ਸਿੰਘ ਨੇ ਕੀਤੀ
ਲੁਧਿਆਣਾ: 7 ਸਤੰਬਰ 2021 - ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਔਨਲਾਈਨ ਸਾਹਿਤਕ ਵਿਚਾਰ ਗੋਸ਼ਟੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਸੁਰਤਾਲ” ਉੱਪਰ ਵਿਚਾਰ ਚਰਚਾ ਕੀਤੀ। ਸਮਾਗਮ ਦੀ ਪ੍ਰਧਾਨਗੀ ਉੱਘੇ ਵਿਦਵਾਨ ਡਾ ਸ ਪ ਸਿੰਘ ਜੀ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿੰਤਸਰ ਨੇ ਕੀਤੀ।
ਮੁੱਖ ਬੁਲਾਰੇ ਦੇ ਤੌਰ ਤੇ ਡਾ: ਗੁਰਇਕਬਾਲ ਸਿੰਘ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਕੈਨੇਡਾ ਵੱਸਦੇ ਉੱਘੇ ਲੇਖਕ ਮੋਹਨ ਗਿੱਲ ਅਤੇ ਪੰਚਨਦ ਜਰਮਨੀ ਦੇ ਪ੍ਰਧਾਨ ਅਮਜ਼ਦ ਆਰਫੀ ਨੇ ਸ਼ਿਰਕਤ ਕੀਤੀ।
ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਵਾਗਤੀ ਭਾਸ਼ਨ ਵਿੱਚ ਸਭ ਨੂੰ ਜੀ ਆਇਆਂ ਆਖਿਆ। ਡਾ ਸ ਪ ਸਿੰਘ ਨੇ ਕਿਹਾ ਕਿ ਅਧਿਆਪਕ ਦਿਵਸ ਤੇ ਬਾਬਾ ਨਜਮੀ ਜਨਮ ਦਿਨ ਨੂੰ ਸਮਰਪਿਤ ਤੇ ਇਸ ਸਮਾਗਮ ਦਾ ਰਚਾਇਆ ਜਾਣਾ ਸ਼ੁਭ ਸ਼ਗਨ ਹੈ। ਡਾ: ਗੁਰਇਕਬਾਲ ਸਿੰਘ ਨੇ ਬਹੁਤ ਵਿਸਥਾਰ ਨਾਲ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਸੁਰਤਾਲ” ਤੇ ਵਿਚਾਰ ਚਰਚਾ ਦੇ ਨਾਲ ਨਾਲ ਉਹਨਾਂ ਦੀ ਸਖਸ਼ੀਅਤ ਬਾਰੇ ਵੀ ਬੜੀ ਸ਼ਿੱਦਤ ਨਾਲ ਚਾਨਣਾ ਪਾਇਆ। ਡਾ: ਗੁਰਇਕਬਾਲ ਸਿੰਘ ਨੇ ਕਿਹਾ ਕਿ ਗੁਰਭਜਨ ਗਿੱਲ ਦੀ ਸ਼ਾਇਰੀ ਜਿੱਥੇ ਪਰਪੱਕ ਅਤੇ ਠੇਠ ਸ਼ਬਦ ਭੰਡਾਰ ਦਾ ਨਮੂਨਾ ਹੈ ਉੱਥੇ ਦੁਨੀਆ ਭਰ ਵਿੱਚ ਪੰਜਾਬੀ ਪਿਆਰਿਆਂ ਦਾ ਨੈੱਟਵਰਕ ਸਥਾਪਿਤ ਕਰਨ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਹੈ। ਮੋਹਨ ਗਿੱਲ ਨੇ ਆਪਣੇ ਸਹਿਪਾਠੀ ਗੁਰਭਜਨ ਗਿੱਲ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਅਤੇ ਉਨਾਂ ਦੀ ਉੱਚੀ ਸੁੱਚੀ ਸ਼ਖਸੀਅਤ ਨੂੰ ਕਾਵਿ ਸ਼ੈਲੀ ਦੁਆਰਾ ਪੇਸ਼ ਕਰਕੇ ਸਭ ਦੀ ਵਾਹ ਵਾਹ ਖੱਟੀ।
ਅਮਜਦ ਅਲੀ ਆਰਫੀ ਜਰਮਨ ਨੇ ਠੇਠਤਾ ਭਰੇ ਸ਼ਬਦਾਂ ਅਤੇ ਕਾਵਿਕ ਅੰਦਾਜ਼ ਵਿੱਚ ਗਿੱਲ ਦੀ ਸਖਸ਼ੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਸਭਾ ਦੇ ਮੀਤ ਪ੍ਰਧਾਨ ਰਾਣਾ ਅਠੌਲਾ ਨੇ ਵੀ ਗਿੱਲ ਸਾਹਿਬ ਵਾਰੇ ਖੂਬਸੂਰਤ ਕਾਵਿ ਚਿਤਰਣ ਪੇਸ਼ ਕੀਤਾ।
ਡਾ ਸ ਪ ਸਿੰਘ ਜੀ ਨੇ ਪ੍ਰੋ ਗਿੱਲ ਬਾਰੇ ਬੋਲਦੇ ਕਿਹਾ ਕਿ ਇਹਨਾਂ ਨਾਲ ਮੇਰਾ ਰਿਸ਼ਤਾ ਜੀ ਜੀ ਐੱਨ ਖਾਲਸਾ ਕਾਲਜ ਲੁਧਿਆਣਾ ਵਿੱਚ ਪੜ੍ਹਨ ਸਮੇਂ ਦਾ ਹੈ ਜੋ ਅੱਜ ਵੀ ਨਿੱਘੇ ਸੰਬੰਧਾਂ ਨਾਲ ਲਬਰੇਜ਼ ਹੈ। ਉਹਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਗੁਰਭਜਨ ਗਿੱਲ ਮੇਰਾ ਵਿਦਿਆਰਥੀ ਹੈ।
ਬਲਵਿੰਦਰ ਸਿੰਘ ਚਾਹਲ ਨੇ ਇਸ ਸਮੇਂ ਗੁਰਭਜਨ ਗਿੱਲ ਬਾਰੇ ਬੋਲਦੇ ਹੋਏ ਕਿਹਾ ਕਿ ਇਹਨਾਂ ਦੀ ਅਗਵਾਈ ਸਦਕਾ ਵਿਸ਼ਵ ਪੱਧਰ ਦਾ ਮੰਚ ਉਸਾਰ ਸਕਣਾ ਸੰਭਵ ਹੋਇਆ ਹੈ। ਜਿਸ ਉੱਪਰ ਉਹਨਾਂ ਦੀ ਕਿਤਾਬ ਸੁਰਤਾਲ ਤੇ ਗੱਲਬਾਤ ਕਰਦਿਆਂ ਮਾਣ ਮਹਿਸੂਸ ਹੁੰਦਾ ਹੈ। ਗੁਰਭਜਨ ਗਿੱਲ ਹੁਰਾਂ ਇਸ ਵਿਚਾਰ ਚਰਚਾ ਤੇ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਦਾ ਇਹ ਸਮਾਗਮ ਗੁਲਦਸਤੇ ਵਰਗਾ ਹੈ ਜਿਸ ਵਿੱਚ ਸੱਭਿਆਚਾਰਕ, ਸਾਹਿਤਕ ਤੇ ਸੰਗੀਤਕ ਰੰਗ ਹਨ। ਇਹ ਵੀ ਕਿਹਾ ਕਿ ਮੈਂਨੂੰ ਮਾਣ ਹੈ ਕੇ ਸਮੁੰਦਰੋਂ ਪਾਰ ਵਸਦਾ ਪੰਜਾਬ ਜਿੱਥੇ ਹੋਰ ਖੇਤਰਾਂ ਵਿੱਚ ਤਰੱਕੀਆਂ ਕਰ ਰਿਹਾ ਹੈ ਓਥੇ ਸਾਹਿਤ ਤੇ ਸਭਿਆਚਾਰ ਵਲੋਂ ਵੀ ਅਵੇਸਲਾ ਨਹੀਂ, ਸਾਨੂੰ ਅੱਜ ਦੇ ਇਸ ਗਲੋਬਲੀ ਸੰਸਾਰ ਵਿੱਚ ਹੋਰ ਵੀ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਗੁਰਭਜਨ ਗਿੱਲ ਦੀਆਂ ਵੱਖ ਵੱਖ ਗਜ਼ਲਾਂ ਨੂੰ ਪ੍ਰਸਿੱਧ ਸ਼ਾਇਰ ਤਰੈਲੋਚਨ ਲੋਚੀ, ਜਸਵੀਰ ਸਿੰਘ ਕੂਨਰ ਡਰਬੀ ਅਤੇ ਗੁਰਸ਼ਰਨ ਸਿੰਘ ਬਰਮਿੰਗਮ ਨੇ ਤਰੁੰਨਮ ਵਿੱਚ ਗਾ ਕੇ ਇੱਕ ਨਵਾਂ ਤੇ ਸੁਰਮਈ ਰੰਗ ਭਰਨ ਵਿੱਚ ਅਹਿਮ ਭੂਮਿਕਾ ਨਿਭਾਈ। ਦਲਜਿੰਦਰ ਰਹਿਲ ਨੇ ਆਪਣੇ ਨਿਵੇਕਲੇ ਅਤੇ ਕਾਵਿਕ ਅੰਦਾਜ਼ ਵਿੱਚ ਸਮੁੱਚੇ ਸਮਾਗਮ ਦਾ ਸੰਚਾਲਨ ਕਰਦਿਆਂ ਸਭ ਦੀ ਵਾਹ ਵਾਹ ਪ੍ਰਾਪਤ ਕੀਤੀ। ਸਭਾ ਦੇ ਮੰਚ ਵੱਲੋਂ ਇਸ ਸਮੇਂ ਪੰਜਾਬੀ ਸ਼ਾਇਰੀ ਦੇ ਨਾਮਵਰ ਹਸਤਾਖਰ ਬਾਬਾ ਨਜ਼ਮੀ ਨੂੰ ੳਹਨਾਂ ਦੇ ਜਨਮ ਦਿਨ ਤੇ ਵਧਾਈ ਪੇਸ਼ ਕੀਤੀ। ਇਸ ਸਮੇਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰਾਂ ਵਿੱਚ ਬਿੰਦਰ ਕੋਲੀਆਂਵਾਲ, ਮੇਜਰ ਸਿੰਘ ਖੱਖ, ਸਿੱਕੀ ਝੱਜੀ ਪਿੰਡ ਵਾਲਾ, ਸਤਵੀਰ ਸਾਂਝ, ਯਾਦਵਿੰਦਰ ਸਿੰਘ ਬਾਗੀ,ਪ੍ਰੋ ਜਸਪਾਲ ਸਿੰਘ ਡਾ: ਲਖਬੀਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਆਦਿ ਨੇ ਆਪਣੀ ਹਾਜ਼ਰੀ ਲਗਵਾਉਦਿਆਂ ਗੁਰਭਜਨ ਗਿੱਲ ਨੂੰ ਵਧਾਈ ਪੇਸ਼ ਕੀਤੀ।