ਲੁਧਿਆਣਾ: 17 ਜੂਨ 2019 - ਪੰਜਾਬੀ ਭਵਨ ਲੁਧਿਆਣਾ ਵਿਖੇ ਗੁਰਮਤਿ ਵਿਸ਼ਿਆਂ ਦੇ ਪ੍ਰਬੁੱਧ ਖੋਜੀ ਵਿਦਵਾਨ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਨੇ ਆਪਣੀਆਂ ਪਿਛਲੇ ਸਮੇਂ ਦੌਰਾਨ ਪ੍ਰਕਾਸ਼ਿਤ ਦਸ ਪੁਸਤਕਾਂ ਅਗਿਆਨ ਪੂਜਾ, ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ,ਬਾਰਹਮਾਹ ਦਾ ਸਿਧਾਂਤਕ ਪੱਖ,ਵਿਰਲੈ ਕਿਨੈ ਵਿਚਾਰਿਆ, ਜੋ ਦਰਿ ਰਹੇ ਸੋ ਉਬਰੇ, ਕੀ ਅਸੀਂ ਨਿਆਰੇ ਖ਼ਾਲਸੇ ਹਾਂ, ਅਕਾਲ ਪੁਰਖ ਦਾ ਸੰਕਲਪ,ਜੱਗੋਂ ਤੇਰਵੀਆਂ ਤੇ ਮੇਰੀ ਪਾਕਿਸਤਾਨ ਯਾਤਰਾ ਦਾ ਸੈੱਟ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੂੰ ਭੇਂਟ ਕੀਤਾ।
ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਨੇ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਵਰਗੀਆਂ ਮਹਾਨ ਸੰਸਥਾਵਾਂ ਅਤੇ ਇਸ ਦੀਆਂ ਮਹੱਤਵਪੂਰਨ ਪ੍ਰਕਾਸ਼ਨਾਵਾਂ ਸਦਕਾ ਹੀ ਮੇਰੀ ਖੋਜ ਬਿਰਤੀ ਨੂੰ ਸਹੀ ਦਿਸ਼ਾ ਮਿਲੀ ਹੈ। ਮੇਰਾ ਸੁਭਾਗ ਹੈ ਕਿ ਮੈਂ ਇਸ ਸੰਸਥਾ ਦਾ ਹਿੱਸਾ ਹਾਂ।
ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਮਿੱਲਵਾਨ ਪੁਸਤਕਾਂ ਦਾ ਸੈੱਟ ਹਾਸਲ ਕਰਨ ਉਪਰੰਤ ਕਿਹਾ ਕਿ ਪ੍ਰਿੰਸੀਪਲ ਗੁਰਬਚਨ ਸਿੰਘ ਵਰਗੇ ਕਰਮਸ਼ੀਲ ਮੈਂਬਰਾਂ ਦੇ ਸੰਗ ਸਾਥ ਦੀ ਸਾਨੂੰ ਇਸ ਵਕਤ ਵੱਡੀ ਲੋੜ ਹੈ ਜੋ ਖੋਜ ਬਿਰਤੀ ਨਾਲ ਭਵਿੱਖ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣ ਸਕਣ। ਉਨ੍ਹਾਂ ਦੱਸਿਆ ਕਿ ਅਕਾਡਮੀ ਕੋਲ ਲਗਪਗ 70 ਹਜ਼ਾਰ ਪੁਸਤਕਾਂ ਦੀ ਭਰਪੂਰ ਰੈਫਰੈਂਸ ਲਾਇਬਰੇਰੀ ਹੈ ਜਿਸ ਤੋਂ ਖੋਜੀ ਵਿਦਵਾਨ, ਵਿਦਿਆਰਥੀ ਤੇ ਅਧਿਆਪਕ ਲਾਹਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਉਤਸਵ ਮੌਕੇ ਅਕਾਡਮੀ ਵੱਲੋਂ ਦਸ ਪੁਸਤਕਾਂ ਦਾ ਵਿਸ਼ੇਸ਼ ਸੈੱਟ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਜਿਸ ਲਈ ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਨੇ ਵਿਸ਼ੇਸ਼ ਗਰਾਂਟ ਦਿੱਤੀ ਹੈ।
ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਫੈਲੋ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪ੍ਰਿੰਸੀਪਲ ਗੁਰਬਚਨ ਸਿੰਘ ਮੇਰੇ ਸਹਿਪਾਠੀ ਹਨ। ਇਨ੍ਹਾਂ ਨੇ ਪਿੰਡ ਪੰਨਵਾਂ(ਗੁਰਦਾਸਪੁਰ) ਤੋਂ ਆਪਣੀ ਗਿਆਨ ਯਾਤਰਾ ਸ਼ੁਰੂ ਕਰਕੇ ਦੇਸ਼ ਦੇਸ਼ਾਂਤਰ ਗਾਹਿਆ ਹੈ। ਲੰਮਾ ਸਮਾਂ ਲੁਧਿਆਣਾ ਤੇ ਥਾਈਲੈਂਡ ਚ ਰਹਿ ਕੇ ਇਨ੍ਹਾਂ ਨੇ ਗੁਰਬਾਣੀ ਅਧਿਐਨ ਤੇ ਖੋਜ ਨੂੰ ਲਗਾਤਾਰ ਆਪਣੇ ਜੀਵਨ ਦਾ ਹਿੱਸਾ ਬਣਾਈ ਰੱਖਿਆ ਹੈ। ਹੁਣ ਵੀ ਲੁਧਿਆਣਾ ਦੇ ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਦੇ ਪ੍ਰਿੰਸੀਪਲ ਵਜੋਂ ਆਪ ਦੀਆਂ ਸੇਵਾਵਾਂ ਮੁੱਲ ਵਾਨ ਹਨ।
ਇਸ ਮੌਕੇ ਪ੍ਰਸਿੱਧ ਪੰਜਾਬੀ ਕਵੀ ਡਾ: ਪਰਮਜੀਤ ਸੋਹਲ ਤੇ ਤ੍ਰੈਲੋਚਨ ਲੋਚੀ ਨੇ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਦੀਆਂ ਗੁਰਮਤਿ ਖੇਤਰ ਚ ਸਿਰਜਣਾਤਮਕ ਤੇ ਖੋਜ ਕਾਰਜਾਂ ਲਈ ਸ਼ਲਾਘਾ ਕੀਤੀ।