ਹਰਿਆਣਾ ਦੇ ਪਿੰਡ ਪੰਨੀਵਾਲਾ ਚ ਸ਼ਹੀਦ ਭਗਤ ਸਿੰਘ ਲਾਇਬਰੇਰੀ ਲਈ ਪੁਸਤਕ ਦਾਨ ਦਿਉ- ਗੁਰਭਜਨ ਗਿੱਲ
ਬਾਬੂਸ਼ਾਹੀ ਨੈਟਵਰਕ
ਲੁਧਿਆਣਾ, 21 ਜੂਨ 2022
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਤੇ ਪੰਜਾਬੀ ਲੇਖਕ ਗੁਰਭਜਨ ਸਿੰਘ ਗਿੱਲ ਨੇ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਪੰਨੀਵਾਲਾ ਵਿੱਚ ਉੱਘੇ ਲੇਖਕ, ਪੱਤਰਕਾਰ ਤੇ ਬੁੱਧੀਜੀਵੀ ਭੁਪਿੰਦਰ ਸਿੰਘ ਪੰਨੀਵਾਲੀਆ ਪਰਿਵਾਰ ਵੱਲੋਂ ਸ਼ਹੀਦ ਭਗਤ ਸਿੰਘ ਲਾਇਬਰੇਰੀ ਵਾਸਤੇ ਆਪਣਾ ਜੱਦੀ ਘਰ ਦੇਣ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਪੁਸਤਕ ਸਭਿਆਚਾਰ ਦੀ ਉਸਾਰੀ ਲਈ ਸਾਹਿੱਤਕ ਤੇ ਸੱਭਿਆਚਾਰਕ ਸੰਸਥਾਵਾਂ ਨੂੰ ਪੁਸਤਕ ਦਾਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਇਸ ਲਾਇਬਰੇਰੀ ਲਈ ਪਹਿਲੀ ਕਿਸ਼ਤ ਵਜੋਂ ਆਪਣੀਆਂ ਲਿਖੀਆਂ ਪੁਸਤਕਾਂ ਤੋਂ ਇਲਾਵਾ ਕੁਝ ਹੋਰ ਮਹੱਤਵਪੂਰਨ ਕਿਤਾਬਾਂ ਵੀ ਭੁਪਿੰਦਰ ਪੰਨੀਵਾਲੀਆ ਨੂੰ ਭੇਂਟ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਪੰਜਾਬੀ ਸਾਹਿੱਤ ਸਭਾ ਦਿੱਲੀ ਤੋਂ ਇਲਾਵਾ ਕੁਝ ਹੋਰ ਸੰਸਥਾਵਾਂ ਨੂੰ ਵੀ ਉਹ ਨਿਜੀ ਅਪੀਲ ਕਰਨਗੇ। ਇਸ ਸਾਲ ਦੇ ਅੰਤ ਤੀਕ ਉਹ ਆਪਣੇ ਕੋਲੋਂ 251 ਪੁਸਤਕਾਂ ਇਸ ਲਾਇਬਰੇਰੀ ਲਈ ਘੱਲਣਗੇ।
ਆਪਣੀ ਲੁਧਿਆਣਾ ਫੇਰੀ ਦੌਰਾਨ ਭੁਪਿੰਦਰ ਪੰਨੀਵਾਲੀਆ ਨੇ ਦੱਸਿਆ ਕਿ ਉਹ ਆਪਣੀ ਰਿਹਾਇਸ਼ ਲੰਮਾ ਸਮਾਂ ਪਹਿਲਾਂ ਕਾਲਾਂਵਾਲੀ ਮੰਡੀ ਵਿੱਚ ਲੈ ਆਏ ਸਨ। ਪਰਿਵਾਰ ਦੀ ਇੱਛਾ ਅਨੁਸਾਰ ਪੁਰਾਣੇ ਘਰ ਨੂੰ ਸਮਾਜਿਕ ਕਾਰਜਾਂ ਲਈ ਸਮਰਪਿਤ ਕੀਤਾ ਗਿਆ ਹੈ ਜਿੰਨ੍ਹਾਂ ਵਿੱਚੋਂ ਇੱਕ ਸ਼ਹੀਦ ਭਗਤ ਸਿੰਘ ਲਾਇਬਰੇਰੀ ਪ੍ਰਾਜੈਕਟ ਵੀ ਹੈ। ਉਨ੍ਹਾਂ ਬਦੇਸ਼ਾਂ ਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਿੰਡਾਂ ਚ ਰਹਿ ਗਏ ਘਰਾਂ ਦੀ ਸੁਯੋਗ ਵਰਤੋਂ ਕਰਦਿਆਂ ਕੋਈ ਨਾ ਕੋਈ ਸਾਰਥਕ ਕਾਰਜ ਵਿਉਂਤਣ।
ਭੁਪਿੰਦਰ ਪੰਨੀਵਾਲੀਆ ਨੂੰ ਪਰਵਾਸੀ ਸਾਹਿੱਤ ਅਧਿਐਨ ਕੇਂਦਰ, ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਵੱਲੋਂ ਵੀ ਪੁਸਤਕਾਂ ਦਾ ਸੈੱਟ ਭੇਂਟ ਕੀਤਾ ਗਿਆ।
ਭੁਪਿੰਦਰ ਪੰਨੀਵਾਲੀਆ ਨੂੰ ਪੁਸਤਕਾਂ ਭੇਜਣ ਲਈ ਸੰਪਰਕ ਨੰਬਰ 94161 24729 ਹੈ।