ਚੰਡੀਗੜ੍ਹ, 19 ਸਤੰਬਰ, 2017 :ਅੱਜ ਬਦਲਵੇਂ, ਅਗਾਂਹਵਧੂ ਸੱਭਿਆਚਾਰ ਅਤੇ ਕਲਾ ਨੂੰ ਪ੍ਰਫੁਲਤ ਕਰਨ ਲਈ ਬਣੇ ਮੰਚ 'ਪੂਰਵਰੰਗ' ਵੱਲੋਂ ਪੰਜਾਬ ਯੂਨੀਵਰਸਿਟੀ ਦੇ ਗਾਂਧੀ ਭਵਨ ਵਿਖੇ 19 ਸਤੰਬਰ ਨੂੰ 'ਪਾਸ਼ : ਉਸ ਦਾ ਸਮਾਂ ਅਤੇ ਉਸ ਦੀ ਕਵਿਤਾ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਮਾਜਿਕ ਕਾਰਕੁੰਨ ਅਤੇ ਪੰਜਾਬੀ ਮੈਗਜ਼ੀਨ 'ਪ੍ਰਤੀਬੱਧ' ਦੇ ਸੰਪਾਦਕ ਸੁਖਵਿੰਦਰ ਸ਼ਾਮਲ ਹੋਏ |
ਮੁੱਖ ਬੁਲਾਰੇ ਨੇ ਗੱਲ ਰੱਖਦੇ ਹੋਏ ਕਿਹਾ ਕਿ ਪਾਸ਼ ਪੰਜਾਬੀ ਸਾਹਿਤ ਦਾ ਇੱਕ ਮੀਲ-ਪੱਥਰ ਹੈ ਜਿਸ ਨੇ ਖੁੱਲੀ ਕਵਿਤਾ ਵਿੱਚ ਨਵੇਂ ਤਜੁਰਬੇ ਕਰਕੇ ਇਸ ਨੂੰ ਬੁਲੰਦੀਆਂ ਉੱਤੇ ਪਹੁੰਚਾਇਆ | ਉਸ ਦੀ ਕਵਿਤਾ ਇੱਕ ਐਸੇ ਦੌਰ ਵਿੱਚ ਪ੍ਰਵਾਨ ਚੜੀ ਜਿਸ ਨੂੰ ਕਿ ਨਕਸਲਬਾੜੀ ਦਾ ਦੌਰ ਵੀ ਕਿਹਾ ਜਾਂਦਾ ਹੈ, ਭਾਵ ਕਿ 1960ਵਿਆਂ ਅਤੇ 1970ਵਿਆਂ ਦਾ ਉਹ ਸਮਾਂ ਜਦੋਂ ਪੂਰਾ ਪੰਜਾਬ ਅਤੇ ਭਾਰਤ ਦੇ ਕਈ ਹਿੱਸਿਆਂ ਵਿੱਚ ਲੋਕ ਲਹਿਰਾਂ ਉੱਠ ਰਹੀਆਂ ਸਨ ਅਤੇ ਬੁਨਿਆਦੀ ਸਵਾਲਾਂ ਉੱਤੇ ਸਰਕਾਰਾਂ ਤੋਂ ਜਵਾਬਦੇਹੀ ਮੰਗ ਰਹੀਆਂ ਸਨ | ਪਾਸ਼ ਨੇ ਲੋਕਾਂ ਦੇ ਇਹਨਾਂ ਹੀ ਜਜ਼ਬਾਤਾਂ ਨੂੰ ਆਪਣੀ ਕਵਿਤਾ ਵਿੱਚ ਪੇਸ਼ ਕੀਤਾ ਅਤੇ ਇਸੇ ਕਰਕੇ ਹੀ ਉਹ ਮਾਰੇ ਜਾਣ ਦੇ 29 ਸਾਲਾਂ ਮਗਰੋਂ ਵੀ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ ਅਤੇ ਅੱਜ ਵੀ ਉਸ ਦੀ ਕਵਿਤਾ ਨੌਜਵਾਨਾਂ ਨੂੰ ਸਮਾਜ ਬਦਲਣ ਦੀ ਜੁੰਮੇਂਵਾਰੀ ਚੁੱਕਣ ਲਈ ਪ੍ਰੇਰਦੀ ਹੈ |
ਪਰ ਸਾਨੂੰ ਪਾਸ਼ ਦਾ ਮੁਲੰਕਣ ਕਰਦੇ ਸਮੇਂ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਪਾਸ਼ ਨੇ ਜਿਸ ਸਮੇਂ ਵਿੱਚ ਲਿਖਿਆ, ਉਹ ਪੰਜਾਬ ਅਤੇ ਉਹ ਸਮਾਂ ਪਿਛਲੇ 40-50 ਸਾਲਾਂ ਵਿੱਚ ਬਹੁਤ ਬਦਲ ਚੁੱਕਾ ਹੈ | ਪਾਸ਼ ਨੇ ਜਿਸ ਸਮੇਂ ਵਿੱਚ ਲਿਖਿਆ ਉਸ ਸਮੇਂ ਭਾਰਤੀ ਅਤੇ ਪੰਜਾਬੀ ਸਮਾਜ ਮੁੱਖ ਤੌਰ 'ਤੇ ਕਿਸਾਨੀ ਸਮਾਜ ਸੀ ਜਿੱਥੇ ਕਿ ਬਹੁਗਿਣਤੀ ਖੇਤੀ ਵਿੱਚ ਲੱਗੀ ਹੋਈ ਸੀ | ਇਸ ਕਰਕੇ ਇਹ ਸਮਾਜ ਪਾਸ਼ ਦੀ ਕਵਿਤਾ ਵਿੱਚ, ਉਸ ਵੱਲੋਂ ਇਸਤੇਮਾਲ ਕੀਤੇ ਗਏ ਬਿੰਬਾਂ ਵਿੱਚ ਵਾਰ-ਵਾਰ ਆਉਂਦਾ ਹੈ | ਇਹ ਪਾਸ਼ ਦੀ ਕਵਿਤਾ ਦੀ ਸਿਰਜਣਾਤਮਕ ਜ਼ਮੀਨ ਹੈ | ਪਰ ਅੱਜ ਦੇ ਪੰਜਾਬ ਅਤੇ ਭਾਰਤ ਵਿੱਚ ਸਰਮਾਏਦਾਰਾ ਵਿਕਾਸ ਸਦਕਾ ਸ਼ਹਿਰੀ ਮਜ਼ਦੂਰਾਂ ਦੀ ਇੱਕ ਬੇਹੱਦ ਵੱਡੀ ਅਬਾਦੀ ਹੋਂਦ ਵਿੱਚ ਆਈ ਹੈ ਅਤੇ ਭਾਰਤ ਵਿੱਚ ਇਸ ਵੇਲੇ ਬਹੁਗਿਣਤੀ ਸ਼ਹਿਰਾਂ ਵਿੱਚ ਵਸਦੇ ਅਤੇ ਕੰਮ ਕਰਦੇ ਮਜ਼ਦੂਰਾਂ ਦੀ ਹੈ | ਇਸ ਨਵੀਂ ਵਸੋਂ ਦਾ ਜੀਵਨ ਢੰਗ ਅਤੇ ਰਹਿਣ-ਸਹਿਣ ਉਸ ਪੇਂਡੂ ਅਬਾਦੀ ਨਾਲੋਂ ਮੂਲੋਂ ਹੀ ਵੱਖ ਹੈ | ਇਸ ਲਈ ਅੱਜ ਦੇ ਸਮੇਂ ਵਿੱਚ ਜੇਕਰ ਪੰਜਾਬੀ ਕਵਿਤਾ ਨੇ ਪਾਸ਼ ਤੋਂ ਸਿੱਖਕੇ ਉਸ ਤੋਂ ਅੱਗੇ ਵਧਣਾ ਹੈ ਤਾਂ ਸਾਨੂੰ ਇਸ ਬੇਹੱਦ ਜ਼ਰੂਰੀ ਨੁਕਤੇ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਅਤੇ ਇਸ ਨਵੀਂ ਤਰਾਂ ਦੇ ਸਮਾਜ ਨੂੰ ਆਪਣੀ ਸਿਰਜਣਾ ਦੀ ਭੌਂ ਬਣਾਉਣਾ ਹੋਵੇਗਾ | ਇਸ ਤਰਾਂ ਸਾਨੂੰ ਅੱਜ ਪਾਸ਼ ਨਾਲ ਆਲੋਚਨਾਤਮਕ ਰਿਸ਼ਤਾ ਕਾਇਮ ਰੱਖਦੇ ਹੋਏ ਉਸ ਤੋਂ ਸਿੱਖਣਾ ਵੀ ਹੋਵੇਗਾ ਅਤੇ ਉਸ ਦੀਆਂ ਸੀਮਤਾਈਆਂ ਨੂੰ ਵੀ ਸਮਝਣਾ ਹੋਵੇਗਾ |
ਮੁੱਖ ਬੁਲਾਰੇ ਦੇ ਲੈਕਚਰ ਤੋਂ ਬਾਅਦ ਸਵਾਲਾਂ-ਜਵਾਬਾਂ ਦਾ ਇੱਕ ਲੰਬਾ ਸਿਲਸਿਲਾ ਚੱਲਿਆ ਜਿਸ ਵਿੱਚ ਸ਼ਾਮਲ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ | ਇਸ ਮੌਕੇ ਮੰਚ ਦਾ ਸੰਚਾਲਨ ਨਮਿਤਾ ਨੇ ਕੀਤਾ | ਇਸ ਮੌਕੇ 'ਜਨਚੇਤਨਾ' ਵੱਲੋਂ ਅਗਾਂਹਵਧੂ ਸਾਹਿਤ ਅਤੇ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ |