'ਚਿੱਠੀਆਂ 'ਚ ਵਸਦਾ ਪਾਸ਼' ਪੁਸਤਕ ਦਾ ਲੋਕ ਅਰਪਣ 11 ਸਤੰਬਰ ਨੂੰ
ਜਲੰਧਰ, 26 ਅਗਸਤ, 2022: ’ਚਿੱਠੀਆਂ ’ਚ ਵਸਦਾ ਪਾਸ਼’ ਪੁਸਤਕ
ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਮੌਕੇ 11 ਸਤੰਬਰ ਨੂੰ
ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਲੋਕ ਅਰਪਣ ਕੀਤੀ ਜਾਵੇਗੀ।
ਸ਼ਹੀਦ ਹੰਸ ਰਾਜ, ਸੰਤ ਰਾਮ ਉਦਾਸੀ, ਗੁਰਸ਼ਰਨ ਭਾਅ ਜੀ, ਪ੍ਰੋ ਅਜਮੇਰ ਸਿੰਘ ਔਲਖ, ਪਾਸ਼ ਦੇ ਪਿਤਾ ਸੋਹਣ ਸਿੰਘ ਸੰਧੂ,ਪ੍ਰੋ.ਵਰਿਆਮ ਸਿੰਘ ਸੰਧੂ, ਦਰਸ਼ਨ ਖਟਕੜ, ਤਰਸੇਮ ਪੁਰੇਵਾਲ, ਅਤਰਜੀਤ, ਪ੍ਰੋ. ਲੋਕ ਨਾਥ, ਓਮ ਪ੍ਰਕਾਸ਼ ਕੁੱਸਾ, ਕ੍ਰਿਸ਼ਨ ਦਿਆਲ ਕੁੱਸਾ, ਓਮ ਪ੍ਰਕਾਸ਼ ਗਾਸੋ, ਸ਼ਮਸ਼ੇਰ ਸਿੰਘ ਸੰਧੂ, ਪ੍ਰੋ. ਮੋਹਣ ਸਿੰਘ, ਡਾ. ਚਮਨ ਲਾਲ, ਧਰਮਪਾਲ ਉਪਾਸ਼ਕ, ਸੁਰਿੰਦਰ ਦੋਸਾਂਝ, ਸੁਰੇਂਦਰ ਹੇਮ ਜਯੋਤੀ, ਜਸਵੰਤ ਖਟਕੜ, ਗੁਰਭਜਨ ਗਿੱਲ, ਸੁਰਿੰਦਰ ਕੈਲੇ, ਜਸਵੰਤ ਕੈਲਵੀ ਸਮੇਤ ਲੰਮੀ ਲੜੀ ਹੈ ਜਿਹਨਾਂ ਦੀਆਂ ਪਾਸ਼ ਨੂੰ ਲਿਖੀਆਂ ਚਿੱਠੀਆਂ ਪਹਿਲੀ ਵਾਰ ਸੰਗ੍ਰਹਿ ਦੇ ਰੂਪ ਵਿੱਚ ਪਾਠਕਾਂ ਦੇ ਰੂਬਰੂ ਹੋਣਗੀਆਂ।
ਪਹਿਲਾਂ ਪਾਸ਼ ਦੀ ਡਾਇਰੀ ਅਤੇ ਪਾਸ਼ ਦੁਆਰਾ ਲਿਖੀਆਂ ਚਿੱਠੀਆਂ ਇਸ ਸੰਪਾਦਨਾ ਹੇਠ ਇਸ ਪ੍ਰਕਾਸ਼ਨ ਵੱਲੋਂ ਹੀ ਛਾਪੀਆਂ ਗਈਆਂ ਹਨ।
ਪਾਸ਼ ਨੂੰ ਲਿਖੀਆਂ ਕੋਈ 45 ਤੋਂ 50 ਸਾਲ ਪਹਿਲਾਂ ਦੇ ਅਰਸੇ ਨੂੰ ਕਲਾਵੇ ਵਿਚ ਲੈਂਦੀਆਂ ਅਣਛਪੀਆਂ ਚਿੱਠੀਆਂ ਪਹਿਲੀ ਵਾਰ ਪਾਠਕਾਂ ਦੀ ਝੋਲੀ ਪੈਣਗੀਆਂ।
ਪੁਸਤਕ ਦੇ ਸੰਪਾਦਕ ਅਮੋਲਕ ਸਿੰਘ ਨੇ ਕਿਹਾ ਕਿ ਇਸ ਧਰੋਹਰ ਨੂੰ ਸੰਭਾਲਣ ਦਾ ਕੰਮ ਕਰਦਿਆਂ ਸਮੂਹ ਖ਼ਤ ਲੇਖਕਾਂ ਦੇ ਧੰਨਵਾਦ ਸਹਿਤ ਇਹ ਪੁਸਤਕ ਲੋਕ ਅਰਪਣ ਕਰਨ ਦੀ ਖੁਸ਼ੀ ਸਾਂਝੀ ਕਰ ਰਹੇ ਹਾਂ ਤਾਂ ਜ਼ੋ ਰਿਸ਼ਤਿਆਂ ਦੀ ਮਹਿਕ ਅਜੋਕੀ ਅਤੇ ਆਉਣ ਵਾਲੀ ਪੀੜ੍ਹੀ ਤੱਕ ਪਹੁੰਚ ਸਕੇ। ਉਹਨਾਂ ਸੱਦਾ ਦਿੱਤਾ ਕਿ ਆਓ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਵਿੱਚ ਜੁੜ ਕੇ ਹਿਮਾਂਸ਼ੂ ਕੁਮਾਰ ਦੇ ਵਿਚਾਰ ਸੁਣੀਏਂ।
ਵਿਚਾਰ ਚਰਚਾ ਵਿੱਚ ਸ਼ਾਮਲ ਹੋਈਏ ਅਤੇ 'ਚਿੱਠੀਆਂ 'ਚ ਵਸਦਾ ਪਾਸ਼' ਕਿਤਾਬ ਲੋਕ ਅਰਪਣ ਦੀ ਖੁਸ਼ੀ ਮੌਕੇ ਸਿਰ ਜੋੜੀਏ।