ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕ ਆਗੂਆਂ ਵੱਲੋਂ 1699 ਦੀ ਵੈਸਾਖੀ ਕਿਤਾਬ ਜਾਰੀ
ਅੰਮ੍ਰਿਤਸਰ, 17 ਮਈ 2024 - ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕ ਆਗੂਆਂ ਵੱਲੋਂ ਲੇਖਕ ਡਾਕਟਰ ਕਿਰਨਪ੍ਰੀਤ ਕੌਰ ਬਾਠ ਦੀ ਲਿਖੀ ਕਿਤਾਬ 1699 ਦੀ ਵੈਸਾਖੀ ਇੱਕ ਅਲੌਕਿਕ ਸਫਰ ਨਿਰਮਲ ਪੰਥ ਤੋਂ ਖਾਲਸਾ ਪੰਥ ਤੱਕ ਰਿਲੀਜ਼ ਕੀਤੀ ਗਈ। ਕਿਤਾਬ ਜਾਰੀ ਕਰਨ ਤੋਂ ਪਹਿਲਾਂ ਸਰਬੱਤ ਖਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ (ਨਜ਼ਰਬੰਦ ਤਿਹਾੜ ਜੇਲ ਨਵੀਂ ਦਿੱਲੀ) ਦੇ ਜਨਮ ਦਿਨ ਤੇ ਉਹਨਾਂ ਦੀ ਚੜ੍ਹਦੀ ਕਲਾ, ਤੰਦਰੁਸਤੀ ਤੇ ਰਿਹਾਈ ਲਈ ਅਰਦਾਸ ਵੀ ਕੀਤੀ ਗਈ। ਇਸ ਮੌਕੇ ਕਿਤਾਬ ਦੀ ਲੇਖਿਕਾ ਡਾਕਟਰ ਕਿਰਨਪ੍ਰੀਤ ਕੌਰ ਬਾਠ ਇੰਗਲੈਂਡ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁਖੀ ਪ੍ਰੋਫੈਸਰ ਬਲਜਿੰਦਰ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਗੁਰੂ ਨਾਨਕ ਯੂਨੀਵਰਸਿਟੀ ਤੋਂ ਸੱਥ ਦੇ ਆਗੂ ਭਾਈ ਜੁਝਾਰ ਸਿੰਘ, ਭਾਈ ਭੁਪਿੰਦਰ ਸਿੰਘ ਭਿੰਦਾ (ਭਰਾਤਾ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ) ਅਤੇ ਬੀਬੀ ਰਸ਼ਪਿੰਦਰ ਕੌਰ ਗਿੱਲ ਅਤੇ ਭਾਈ ਮਨਜੀਤ ਸਿੰਘ ਜੰਮੂ ਆਦਿ ਆਗੂ ਹਾਜ਼ਰ ਸਨ।
ਡਾਕਟਰ ਕਿਰਨਪ੍ਰੀਤ ਕੌਰ ਬਾਠ ਨੇ ਕਿਹਾ ਕਿ ਇਸ ਕਿਤਾਬ ਦੇ ਪਹਿਲੇ ਹਿੱਸੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤਕ ਗੁਰਮੁਖ ਦੀ ਘਾੜਤ, ਖਾਲਸੇ ਦੀ ਤਿਆਰੀ, ਸਿਰਜਣਾ ਅਤੇ ਉਦੇਸ਼ ਬਾਰੇ ਵਿਸਥਾਰ ਸਹਿਤ ਗੱਲ ਕੀਤੀ ਹੈ। ਦੂਸਰੇ ਹਿੱਸੇ ਵਿੱਚ ਪੰਜ ਪਿਆਰਿਆਂ ਦੀ ਸੰਖੇਪ ਜੀਵਨੀ ਦਿੱਤੀ ਹੈ ਪੰਜ ਪਿਆਰਿਆਂ ਦੇ ਵਡੇਰੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਅਪਣਾ ਚੁੱਕੇ ਸਨ, ਸੋ ਪੰਜ ਪਿਆਰਿਆਂ ਦਾ ਹਿੰਦੂ-ਮਤ ਨਾਲ਼ ਕੋਈ ਵਾਸਤਾ ਨਹੀਂ ਸੀ, ਜਿੱਥੋਂ ਤਕ ਮੈਂ ਸਮਝਦੀ ਹਾਂ ਜਦੋਂ ਹਮਲਾ ਬੌਧਿਕ ਹੋਵੇ ਤਾਂ ਜਵਾਬ ਵੀ ਬੌਧਿਕ ਹੀ ਹੋਣਾ ਚਾਹੀਦਾ ਹੈ। ਪੰਥਕ ਆਗੂਆਂ ਪ੍ਰੋਫੈਸਰ ਬਲਜਿੰਦਰ ਸਿੰਘ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਭਾਈ ਜੁਝਾਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਨ ਇੱਕੋ ਜੋਤ ਅਤੇ ਇੱਕੋ ਸਰੂਪ ਸਨ ਉਹਨਾਂ ਨੂੰ ਵੱਖ ਵੱਖ ਕਰਕੇ ਨਾ ਵੇਖਿਆ ਜਾਵੇ ਜੋ ਗੁਰੂ ਨਾਨਕ ਸਾਹਿਬ ਨੇ ਨਿਰਮਲ ਪੰਥ ਚਲਾਇਆ ਸੀ ਉਸੇ ਨੇ ਹੀ ਖਾਲਸਾ ਪੰਥ ਦਾ ਰੂਪ ਧਾਰਨ ਕੀਤਾ, ਰਬਾਬ ਦਾ ਸਫਰ ਨਗਾਰੇ ਅਤੇ ਕਿਰਪਾਨ ਤੱਕ ਪਹੁੰਚਿਆ।
ਬੀਬੀ ਕਿਰਨਪ੍ਰੀਤ ਕੌਰ ਬਾਠ ਨੇ ਕਿਹਾ ਕਿ ਜਦੋਂ ਹਮਲਾ ਬੌਧਿਕ ਹੋਵੇ ਤੇ ਜਵਾਬ ਵੀ ਬੌਧਿਕ ਹੋਣਾ ਚਾਹੀਦਾ ਹੈ, ਮੈਂ ਜਥੇਦਾਰ ਮਹਿੰਦਰ ਸਿੰਘ (ਯੂ.ਕੇ.) ਹੁਰਾਂ ਦੀ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਗੁਰ- ਇਤਿਹਾਸ ਦੀ ਇਸ ਖੋਜ ਵਿੱਚ ਹਮੇਸ਼ਾ ਸਹਾਇਤਾ ਦਿੱਤੀ। ਇਹ ਕਿਤਾਬ ਵੀ ਉਹਨਾਂ ਦੀ ਪ੍ਰੇਰਨਾ-ਸਦਕਾ ਹੀ ਹੋਂਦ ਵਿੱਚ ਆਈ ਹੈ। ਗਿੱਧੇ-ਭੰਗੜੇ ਵਾਲ਼ੀ ਵਿਸਾਖੀ ਤਾਂ ਕਈ ਵਾਰ ਆਈ ਵੀ ਤੇ ਗਈ ਵੀ ਪਰ ਖ਼ਾਲਸੇ ਦੀ ਵੈਸਾਖੀ ਇੱਕੋ ਆਈ 1699 ਵਿੱਚ, ਜਿਸ ਨੇ ਪੰਥ ਦੀ ਵਿਲੱਖਣਤਾ, ਪ੍ਰਭੂਸੱਤਾ ਅਤੇ ਹੋਂਦ ਨੂੰ ਸਦਾ-ਚਿਰ ਲਈ ਪਰਿਭਾਸ਼ਿਤ ਕਰ ਦਿੱਤਾ। ਇਸ ਮੌਕੇ ਗਗਨਦੀਪ ਸਿੰਘ ਸੁਲਤਾਨਵਿੰਡ, ਮਨਪ੍ਰੀਤ ਸਿੰਘ ਮੰਨਾ ਤੇ ਹੋਰ ਹਾਜ਼ਰ ਸਨ।