ਹਰਦਮ ਮਾਨ
ਸਰੀ, 31 ਅਕਤੂਬਰ 2019 - ਕੈਨੇਡਾ ਵਸਦੇ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਪੰਜਾਬੀ ਸਾਹਿਤ ਦੇ ਪਾਠਕਾਂ, ਲੇਖਕਾਂ ਲਈ ਇਹ ਬੇਹੱਦ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਸਰੀ (ਕੈਨੇਡਾ) ਦੇ ਨਾਮਵਰ ਲੇਖਕ ਅਤੇ ਵਿਦਵਾਨ ਸ. ਜੈਤੇਗ ਸਿੰਘ ਅਨੰਤ ਦੁਆਰਾ ਸੰਪਾਦਿਤ ਪੁਸਤਕ “ਗ਼ਦਰੀ ਯੋਧੇ” ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸ ਸਾਲ ਪ੍ਰਿੰਸੀਪਲ ਤੇਜਾ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਹ ਸਨਮਾਨ ਭਾਸ਼ਾ ਵਿਭਾਗ ਪੰਜਾਬ ਵੱਲੋਂ ਨਵੰਬਰ ਦੇ ਪਹਿਲੇ ਹਫਤੇ ਪੰਜਾਬੀ ਮਾਂ ਬੋਲੀ ਸਬੰਧੀ ਕੀਤੇ ਜਾਣ ਵਾਲੇ ਸਮਾਗਮ ਵਿਚ ਪ੍ਰਦਾਨ ਕੀਤਾ ਜਾਵੇਗਾ।
ਸ. ਜੈਤੇਗ ਸਿੰਘ ਅਨੰਤ ਪਿਛਲੇ 22 ਸਾਲ ਤੋਂ ਕੈਨੇਡਾ ਦੇ ਸ਼ਹਿਰ ਸਰੀ ਵਿਚ ਰਹਿ ਰਹੇ ਹਨ। ਉਹ ਬਹੁਤ ਹੀ ਮਿਲਾਪੜੇ ਤੇ ਖ਼ੂਬਸੂਰਤ ਇਨਸਾਨ, ਯਾਰਾਂ ਦੇ ਯਾਰ, ਕਥਨੀ ਤੇ ਕਰਨੀ ਦੇ ਸੂਰੇ ਅਤੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ। ਪੰਜਾਬੀ ਭਾਸਾ, ਸਾਹਿੱਤ ਅਤੇ ਸੱਭਿਆਚਾਰ ਨਾਲ ਅਥਾਹ ਪਿਆਰ ਕਰਨ ਵਾਲੇ ਉੱਚ ਕੋਟੀ ਦੇ ਸਾਹਿਤਕਾਰ, ਫੋਟੋ ਪੱਤਰਕਾਰ, ਇਤਿਹਾਸਕਾਰ ਅਤੇ ਸਮਾਜ ਸੇਵੀ ਹਨ। ਉਹ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਮੁਹੱਬਤ ਦਾ ਪੁਲ ਹਨ ਅਤੇ ਕੌਮਾਂਤਰੀ ਪ੍ਰਤਿਭਾ ਦੇ ਸਵਾਮੀ ਹਨ। ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਹਿਤ ਉਹ ਹੁਣ ਤੱਕ ਇਕ ਦਰਜਨ ਤੋਂ ਵੱਧ ਪੁਸਤਕਾਂ ਦੀ ਰਚਨਾ ਅਤੇ ਸੰਪਾਦਨਾ ਰਾਹੀਂ ਵਡਮੁੱਲਾ ਯੋਗਦਾਨ ਪਾ ਚੁੱਕੇ ਹਨ। ਅਨੰਤ ਜੀ ਦੀਆਂ ਪ੍ਰਮੁੱਖ ਪ੍ਰਕਾਸ਼ਿਤ ਪੁਸਤਕਾਂ ਵਿੱਚੋਂ ਤਿੰਨ ਪੁਸਤਕਾਂ ਪੰਥ ਦੀ ਸੋਨ ਚਿੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਤੇ ਸ਼ਖ਼ਸੀਅਤ ਨੂੰ ਸਮੱਰਪਿਤ ਹਨ, ਤਿੰਨ ਪੁਸਤਕਾਂ ਸਿਰਦਾਰ ਕਪੂਰ ਸਿੰਘ ਅਤੇ ਦੋ ਪੁਸਤਕਾਂ ਲਹਿੰਦੇ ਪੰਜਾਬ ਦੇ ਨਾਮਵਰ ਸਾਹਿਤਕਾਰ ਉਸਤਾਦ ਦਾਮਨ ਦੇ ਜੀਵਨ ਨਾਲ ਸਬੰਧਤ ਹਨ।
ਉਹ ਲੰਮੇ ਸਮੇਂ ਤੋਂ ਕੈਨੇਡਾ ਵਿਚ ਮਾਸਿਕ ਪੱਤਰ 'ਲਹਿਰਾਂ' ਦੇ ਬਿਉਰੋ ਚੀਫ ਦੇ ਤੌਰ 'ਤੇ ਆਨਰੇਰੀ ਕੰਮ ਕਰ ਰਹੇ ਹਨ। ਕੈਨੇਡਾ ਵਿਚ ਛਪਣ ਵਾਲੇ ਹੋਰ ਪੰਜਾਬੀ ਅਖ਼ਬਾਰਾਂ, ਰਸਾਲਿਆਂ ਨੂੰ ਵੀ ਉਹ ਸਹਿਯੋਗ ਅਤੇ ਸਰਪ੍ਰਸਤੀ ਪ੍ਰਦਾਨ ਕਰਦੇ ਰਹਿੰਦੇ ਹਨ।
ਇਸੇ ਦੌਰਾਨ ਪ੍ਰਸਿੱਧ ਪੰਜਾਬੀ ਸ਼ਾਇਰ ਜਸਵਿੰਦਰ (ਗ਼ਜ਼ਲਗੋ), ਪ੍ਰਸਿੱਧ ਸ਼ਾਇਰ ਰਵਿੰਦਰ ਰਵੀ, ਨਾਵਲਕਾਰ ਜਰਨੈਲ ਸਿੰਘ ਸੇਖਾ, ਬਹੁਪੱਖੀ ਕਲਾਕਾਰ ਗੁਰਚਰਨ ਟੱਲੇਵਾਲੀਆ, ਪੰਜਾਬ ਗਾਰਡੀਅਨ ਦੇ ਸੰਪਾਦਕ ਹਰਕੀਰਤ ਸਿੰਘ ਕੁਲਾਰ, ਦਲਜੀਤ ਸਿੰਘ ਸੰਧੂ (ਸਾਬਕਾ ਪ੍ਰਧਾਨ, ਖਾਲਸਾ ਦੀਵਾਨ ਸੋਸਾਇਟੀ, ਵੈਨਕੂਵਰ), ਗਿਆਨ ਸਿੰਘ ਸੰਧੂ (ਫਾਊਂਡਰ ਵਰਲਡ ਸਿੱਖ ਆਰਗੇਨਾਈਜੇਸ਼ਨ), ਸੁਰਿੰਦਰ ਸਿੰਘ ਜੱਬਲ (ਪ੍ਰਧਾਨ ਗੁਰਦੁਆਰਾ ਬਰੁੱਕਸਾਈਡ, ਸਰੀ), ਪਰਮਜੀਤ ਸਿੰਘ ਰੰਧਾਵਾ ਰਿਚਮੰਡ, ਲਖਵੀਰ ਸਿੰਘ ਖੰਗੂਰਾ, ਇੰਦਰਜੀਤ ਕੌਰ ਸਿੱਧੂ, ਸ਼ਾਇਰ ਹਰਦਮ ਸਿੰਘ ਮਾਨ, ਬਿੱਕਰ ਸਿੰਘ ਖੋਸਾ, ਅਵਤਾਰ ਸਿੰਘ ਆਦਮਪੁਰੀ (ਸਿਆਟਲ), ਸੁਖਵਿੰਦਰ ਸਿੰਘ ਚੋਹਲਾ, ਰਣਧੀਰ ਸਿੰਘ ਢਿੱਲੋਂ, ਸ਼ਾਇਰ ਮੋਹਨ ਗਿੱਲ, ਅੰਗਰੇਜ਼ ਸਿੰਘ ਬਰਾੜ, ਪ੍ਰਿਤਪਾਲ ਗਿੱਲ ਅਤੇ ਸਰੀ ਦੇ ਬਹੁਤ ਸਾਰੇ ਲੇਖਕਾਂ ਨੇ ਜੈਤੇਗ ਸਿੰਘ ਅਨੰਤ ਦੀ ਪੁਸਤਕ “ਗ਼ਦਰੀ ਯੋਧੇ” ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਵਡੇਰਾ ਸਨਮਾਨ ਮਿਲਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਸ. ਅਨੰਤ ਨੂੰ ਮੁਬਾਰਕਬਾਦ ਦਿੱਤੀ ਹੈ।