ਪੰਜਾਬ ਸਾਹਿੱਤ ਅਕਾਡਮੀ ਵੱਲੋਂ ਜੰਗ ਤਾਂ ਖ਼ੁਦ ਇਕ ਮਸਲਾ ਹੈ' ਵਿਸ਼ੇ ‘ਤੇ ਅੰਤਰਰਾਸ਼ਟਰੀ ਕਵੀ ਦਰਬਾਰ
ਲੁਧਿਆਣਾਃ 3 ਮਈ 2022- ਪੰਜਾਬ ਆਰਟਸ ਕੌਂਸਲ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਅਦਾਰੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਹਰ ਮਹੀਨੇ ਕਰਵਾਏ ਜਾਣ ਵਾਲੇ ਪ੍ਰੋਗਰਾਮ ‘ਬੰਦਨਵਾਰ’ ਵਿਚ ਇਸ ਵਾਰ ਵਿਸ਼ਵ ‘ਤੇ ਮੰਡਰਾ ਰਹੇ ਤੀਜੇ ਵਿਸ਼ਵ ਯੁੱਧ ਦੇ ਸੰਦਰਭ ਵਿਚ 'ਜੰਗ ਤਾਂ ਖ਼ੁਦ ਇਕ ਮਸਲਾ ਹੈ' ਵਿਸ਼ੇ ਤੇ ਅੰਤਰਰਾਸ਼ਟਰੀ ਪੱਧਰ ਦਾ ਕਵੀ ਦਰਬਾਰ ਕਰਵਾਇਆ ਗਿਆ। ਅਕਾਡਮੀ ਦੀ ਚੇਅਰਪਰਸਨ ਡਾ. ਸਰਬਜੀਤ ਕੌਰ ਸੋਹਲ ਦੀ ਅਗਵਾਈ ਵਿਚ ਹੋਏ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਗੁਰਭਜਨ ਗਿੱਲ ਨੇ ਕੀਤੀ। ਕਵੀ ਦਰਬਾਰ ਵਿਚ ਪਾਕਿਸਤਾਨੀ ਪੰਜਾਬ ਤੋਂ ਪ੍ਰੋ. ਸਫ਼ੀਆ ਹਿਆਤ, ਬਨਾਰਸ ਤੋਂ ਹਿੰਦੀ ਕਵੀ ਆਸ਼ੀਸ਼ ਤ੍ਰਿਪਾਠੀ ਅਤੇ ਵੰਦਨਾ ਚੱਬੇ, ਪ੍ਰਤਾਪ ਨਗਰ ਤੋਂ ਰੂਪਮ ਮਿਸ਼ਰਾ, ਪੁਣਛ (ਜੰਮੂ) ਤੋਂ ਸਵਾਮੀ ਅੰਤਰ ਨੀਰਵ, ਦਿੱਲੀ ਤੋਂ ਕੁਮਾਰ ਰਾਜੀਵ ਅਤੇ ਗਗਨਮੀਤ, ਪੰਜਾਬ ਤੋਂ ਤਰਸੇਮ ਅਤੇ ਡਾ ਸੰਤੋਖ ਸਿੰਘ ਸੁੱਖੀ ਨੇ ਭਾਗ ਲਿਆ।
ਪ੍ਰੋਗਰਾਮ ਦੇ ਸੰਚਾਲਕ ਦੇ ਰੂਪ ਵਿਚ ਡਾ ਕੁਲਦੀਪ ਸਿੰਘ ਦੀਪ ਨੇ ਕਵਿਤਾ ਦੇ ਜੰਗ ਆਧਾਰਿਤ ਪ੍ਰਵਚਨਾਂ ਦੀਆਂ ਪਰਤਾਂ ਫੋਲੀਆਂ। ਇਸ ਤੋਂ ਬਾਅਦ ਹਰੇਕ ਸ਼ਾਇਰ ਨੇ ਆਪਣੀ ਕਵਿਤਾ ਵਿਚ ਸਾਮਰਾਜੀ ਜੰਗਾਂ ਦੀ ਮਾਨਵ ਵਿਰੋਧੀ ਅਤੇ ਵਿਨਾਸ਼ਕਾਰੀ ਪਹੁੰਚ ਨੂੰ ਕਵਿਤਾ ਰਾਹੀਂ ਪ੍ਰਸਤੁਤ ਕੀਤਾ। ਗੁਰਭਜਨ ਗਿੱਲ ਨੇ ਕਿਹਾ ਕਿ ਹਰ ਦੌਰ ਵਿਚ ਕਵਿਤਾ ਨੇ ਯੁੱਧ ਦੇ ਵਿਨਾਸ਼ਕਾਰੀ ਰੂਪ ਨੂੰ ਰੱਦ ਕੀਤਾ ਹੈ ਅਤੇ ਅੱਜ ਵੀ ਕਵਿਤਾ ਵੀ ਆਪਣੀ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋ ਵਿਸ਼ਵ ਜੰਗਾਂ ਕਾਰਨ ਹੋਈ ਤਬਾਹੀ ਦੇ ਅਸਰ ਅਜੇ ਵੀ ਮੱਧਮ ਨਹੀਂ ਪਏ ਅਤੇ ਹੁਣ ਘਟਫੇਰ ਤੀਸਰੀ ਵਿਸ਼ਵ ਜੰਗ ਦੀ ਤਿਆਰੀ ਹੈ। ਉਨ੍ਹਾਂ ਆਖਿਆ ਕਿ ਦੁਨੀਆ ਭਰ ਵਿੱਚ ਵਾਰ ਮੈਮੋਰੀਅਲ ਉਸਾਰਨ ਦੀ ਥਾਂ ਪੀਸ ਮੈਮੋਰੀਅਲ ਉਸਾਰਨ ਦੀ ਲੋੜ ਹੈ ਤਾਂ ਜੋ ਸਮਾਜ ਨੂੰ ਸਾਰਥਿਕ ਸੁਨੇਹਾ ਜਾ ਸਕੇ। ਸੋਸ਼ਲ ਮੀਡੀਆ ਤੇ ਲਾਈਵ ਕੀਤੇ ਇਸ ਪ੍ਰੋਗਰਾਮ ਨੂੰ ਵੱਡੀ ਗਿਣਤੀ ਵਿਚ ਦੇਸ਼ ਬਦੇਸ਼ ਵੱਸਦੇ ਸਰੋਤਿਆਂ ਨੇ ਮਾਣਿਆ।