ਵੈਨਕੂਵਰ, 12 ਸਤੰਬਰ , 2019 : 2019 ਲਈ 25 ਹਜ਼ਾਰ ਡਾਲਰ ਦਾ ਪੰਜਾਬੀ ਸਾਹਿਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇਨਾਮ ਪੰਜਾਬੀ ਦੇ ਕਹਾਣੀਕਾਰ ਜਤਿੰਦਰ ਹਾਂਸ ਨੇ ਜਿੱਤਿਆ ਹੈ। ਢਾਹਾਂ ਇੰਟਰਨੈਸ਼ਨਲ ਪੰਜਾਬੀ ਐਵਾਰਡ ਵਜੋਂ ਕਾਇਮ ਕੀਤਾ ਗਿਆ ਇਹ ਇਨਾਮ ਹਾਂਸ ਦੇ ਕਹਾਣੀ - ਸੰਗ੍ਰਹਿ 'ਜਿਓਣਾ ਸੱਚ ਬਾਕੀ ਝੂਠ' ਨੂੰ ਦਿੱਤਾ ਗਿਆ ਹੈ। ਹਾਂਸ ਲੁਧਿਆਣੇ ਦੇ ਪਿੰਡ ਅਲੂਣਾ ਤੋਲਾ ਪਿੰਡ ਦਾ ਵਾਸੀ ਹੈ ਅਤੇ ਪ੍ਰਾਇਮਰੀ ਸਕੂਲ ਟੀਚਰ ਹੈ। 10 -10 ਹਜ਼ਾਰ ਡਾਲਰ ਦੇ ਬਾਕੀ ਦੋ ਇਨਾਮ ਵੀ ਐਲਾਨ ਦਿੱਤੇ ਗਏ ਹਨ।
ਜਤਿੰਦਰ ਸਿੰਘ ਹਾਂਸ ਨੇ ਐਮ.ਏ. ਤੇ ਬੀ.ਐਡ. ਹਾਸਲ ਕਰ ਕੇ ਅਧਿਆਪਨ ਦੇ ਕਿੱਤੇ ਨੂੰ ਅਪਣਾਇਆ। ਉਸ ਨੂੰ ਉੱਘੇ ਕਹਾਣੀਕਾਰ ਪ੍ਰੇ ਪ੍ਰਕਾਸ਼ ਦੀ ਕਿਤਾਬ 'ਪ੍ਰੇਮ ਕਹਾਣੀਆਂ’ ਅਤੇ ਵਾਰਿਸ ਸ਼ਾਹ ਦੀ ਕਲਾਸਿਕ ਲੋਕ ਕਹਾਣੀ 'ਹੀਰ’ ਪੜ੍ਹਨ ਤੋਂ ਬਾਅਦ ਲਿਖਣ ਦੀ ਚੇਟਕ ਲੱਗੀ। ਹਾਂਸ ਨਵੀਂ ਪੀੜ੍ਹੀ ਦੇ ਲੇਖਕਾਂ 'ਚੋਂ ਪਿਹਲੀ ਕਤਾਰ ਦਾ ਨਿਪੁੰਨ ਕਹਾਣੀਕਾਰ ਹੈ। ਉਸ ਨੇ ਹੁਣ ਤਕ ਦੋ ਕਹਾਣੀ ਸੰਗ੍ਰਹਿ - "ਪਾਵੇ ਨਾਲ ਬੰਨ੍ਹਿਆ ਕਾਲ" (2005) ਅਤੇ "ਈਸ਼ਵਰ ਦਾ ਜਨਮ" (2009) ਅਤੇ ਇਕ ਨਾਵਲ "ਬੱਸ ਅਜੇ ਏਨਾ ਹੀ" (2015) ਛਪਵਾਏ ਹਨ। ਉਸ ਦੀਆਂ ਕੁਝ ਕਹਾਣੀਆਂ 'ਤੇ ਲਘੂ ਫਿਲਮਾਂ ਬਣ ਚੁੱਕੀਆਂ ਹਨ ਜਿੰਨ੍ਹਾਂ 'ਚ 'ਤੱਖੀ' ਅਤੇ 'ਲੁਤਰੋ' ਖ਼ਾਸ ਵਰਨਨਯੋਗ ਹਨ। "ਪਾਵੇ ਨਾਲ ਬੰਨ੍ਹਿਆ ਕਾਲ" ਹਿੰਦੀ 'ਚ ਅਤੇ ਕੁਝ ਕਹਾਣੀਆਂ ਅੰਗਰੇਜ਼ੀ ਅਤੇ ਭਾਰਤ ਦੀਆਂ ਹੋਰ ਕਈ ਭਾਸ਼ਾਵਾਂ 'ਚ ਅਨੁਵਾਦ ਹੋ ਚੁੱਕੀਆਂ ਹਨ।
ਉਸਨੂੰ ਬਹੁਤ ਸਾਰੇ ਇਨਾਮਾਂ ਨਾਲ ਸਨਮਾਿਨਆ ਗਿਆ ਹੈ ਜਿੰਨ੍ਹਾਂ 'ਚੋਂ ਪ੍ਰਿੰਸੀਪਲ ਸੁਜਾਨ ਸਿੰਘ ਪੁਰਸਕਾਰ, ਸੰਤ ਸਿੰਘ ਸੇਖੋਂ ਪੁਰਸਕਾਰ ਅਤੇ ਸਵਰਨ ਕੌਰ ਯਾਦਗਾਰੀ ਪੁਰਸਕਾਰ (ਅਖਬਾਰ ਨਵਾਂ ਜ਼ਮਾਨਾ) ਵਧੇਰੇ ਜ਼ਿਕਰਯੋਗ ਹਨ। ਹਾਂਸ ਅਨੁਸਾਰ, ਉਹ ਬਹੁਤੀਆਂ ਕਹਾਣੀਆਂ ਉਦੋਂ ਲਿਖਖਦਾ ਹੈ ਜਦੋਂ ਉਸਦਾ ਮਨ ਉਦਾਸ ਹੁੰਦਾ ਹੈ। ਉਹ ਆਪਣੇ ਪਾਤਰਾਂ ਬਾਰੇ ਕਹਾਣੀਆਂ ਲਿਖਣ ਅਤੇ ਉਨ੍ਹਾਂ ਦੇ ਦੁੱਖ ਸੁਖ ਦਾ ਸਾਂਝੀ ਬਣਨ ਰਾਹੀਂ ਬੇਹੱਦ ਖੁਸ਼ੀ ਮਹਿਸੂਸ ਕਰਦਾ ਹੈ।
ਜਿਊਣਾ ਸੱਚ ਬਾਕੀ ਝੂਠ ਕਹਾਣੀ ਸੰਗ੍ਰਹਿ ਰਾਹੀਂ ਹਾਂਸ ਆਪਣੀ ਵਿਲੱਖਣ ਅਤੇ ਉੱਚੇ ਮਿਆਰਾਂ ਵਾਲੀ ਬਿਰਤਾਂਤਕਾਰੀ ਦਾ ਉੱਤਮ ਨਮੂਨਾ ਪੇਸ਼ ਕਰਦਾ ਹੈ। ਇਸ ਸੰਗ੍ਰਹਿ ਦਾ ਵਿਸ਼ਾ ਵਸਤੂ, ਕਲਾ-ਪੱਖ, ਅਤੇ ਦ੍ਰਿਸ਼ਟੀਕੋਣ ਆਪਣੇ ਨਵੇਂਪਣ ਕਰ ਕੇ ਇਕ ਪਾਸੇ ਪਾਠਕਾਂ ਦਾ ਅਤੇ ਦੂਜੇ ਪਾਸੇ ਆਲੋਚਕਾਂ ਦਾ ਉਚੇਚਾ ਧਿਆਨ ਖਿੱਚਣ 'ਚ ਸਫ਼ਲ ਰਿਹਾ ਹੈ। ਕਹਾਣੀ ਜਿਊਣਾ ਸੱਚ ਬਾਕੀ ਝੂਠ 'ਚ ਉਹ ਦਰਸਾਉਂਦਾ ਹੈ ਕਿ ਹਰੇਕ ਦੀ ਜ਼ਿੰਦਗੀ ਬਹੁਤ ਕੀਮਤੀ ਹੈ। ਹਰ ਮਨੁੱਖ ਦਾ ਆਪਣਾ ਸੱਚ ਵੱਖਰਾ ਅਤੇ ਅਨੋਖਾ ਹੁੰਦਾ ਹੈ ਜੋ ਉਸ ਦੇ ਹਾਲਾਤਾਂ ਉਪਰ ਨਿਰਭਰ ਕਰਦਾ ਹੈ। ‘ਙ’ ਖਾਲੀ ਨਹੀਂ ਹੁੰਦਾ ਕਹਾਣੀ 'ਚ ਇਕ ਗਰੀਬ ਘਰ ਦਾ ਲੜਕਾ 'ਜਿੰਦੂ’ ਸਰਕਾਰੀ ਸਕੂਲ 'ਚ ਪੜ੍ਹਾਈ ਕਰਨ ਲਈ ਜੱਦੋ-ਜਹਿਦ ਕਰ ਰਹੇ ਨੂੰ ਬੇਪਰਵਾਹ ਅਤੇ ਸ਼ਰਾਰਤੀ ਮੰਨਿਆ ਜਾਂਦਾ ਹੈ।
ਇਕ ਆਦਰਸ਼ਕ ਅਿਧਆਪਕ ਉਸਦੀ ਯੋਗਤਾ ਅਤੇ ਬੁੱਧੀ ਨੂੰ ਪਛਾਣਦਾ ਅਤੇ ਸਮਝਦਾ ਹੈ। ਉਹ ਜਿੰਦੂ ਨੂੰ ਰਵਾਇਤੀ ਸਿੱਖਿਆ ਦੀ ਥਾਂ ਨਾਟਕੀ ਕਿਰਿਆਵਾਂ ਰਾਹੀਂ ਸਿੱਖਣ ਦੇ ਮੌਕੇ ਪ੍ਰਦਾਨ ਕਰਦਾ ਹੈ। ਹਾਂਸ ਇਸ ਕਹਾਣੀ ਰਾਹੀਂ ਆਪਣੇ ਪਾਠਕਾਂ ਨੂੰ ਇਹ ਸੋਚਣ ‘ਤੇ ਮਜ਼ਬੂਰ ਕਰਦਾ ਹੈ ਕਿ ਕੋਈ ਵੀ ਯੋਗਤਾ ਅਤੇ ਬੁੱਧੀ ਤੋਂ ਖਾਲੀ ਨਹੀਂ ਹੁੰਦਾ। ਉਹ ਸਮਾਜਕ ਅਸਮਾਨਤਾ, ਸਿੱਖਿਆ ਪ੍ਰਨਾਲੀ ਦੀ ਕਠੋਰਤਾ, ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅਿਧਆਪਕ ਅਤੇ ਵਿਦਆਰਥੀਆਂ ਦੇ ਵਿਚਕਾਰ ਦੀ ਅਸਮਾਨਤਾ ਤੇ ਪ੍ਰਸ਼ਨ ਚਿੰਨ੍ਹ ਖੜ੍ਹੇ ਕਰਦਾ ਹੈ। ਇੰਨ੍ਹਾਂ ਕਹਾਣੀਆਂ ਦੇ ਪਾਤਰ ਮਾਨਸਿਕ ਅਤੇ ਭਾਵਾਤਮਕ ਤਣਾਅ 'ਚ ਜਕੜੇ ਹੋਏ ਪੇਸ਼ ਕੀਤੇ ਏ ਹਨ। ‘ਲੁਤਰੋ’ ਕਹਾਣੀ ਦੀ ਕੇਂਦਰੀ ਪਾਤਰ ਅੰਤ 'ਚ ਆਪਣੀ ਮਾਲਕਣ ਨੂੰ ਦੋ-ਟੁੱਕ ਜਵਾਬ ਦੇ ਦਿੰਦੀ ਹੈ, "ਫਿਰ ਤਾਂ ਬੀਬੀ ਬੇਵਾਹ, ਫੇਰ ਤਾਂ ਛੁੱਟੀ ਕਰਨੀ ਹੀ ਪੈਣੀ ਆਂ, ਭਾਵੇਂਮਹੀਨੇ ਦੀ ਤਨਖਾਹ ਕੱਟ ਲਈ। ਲੜਾਈ ਤਾਂ ਮੈਂ ਦੇਖਣੀ ਹੀ ਦੇਖਣੀ ਆ।" ਇਹੋ ਜਿਹੀਆਂ ਕਹਾਣੀਆਂ ਪਾਠਕਾਂ ਨੂੰ ਅਹਿਸਾਸ ਕਰਵਾਉਂਦੀਆਂ ਹਨ ਕਿ ਔਕੜਾਂ ਭਰਿਆ ਜੀਵਨ ਆਪਣੀ ਜਗ੍ਹਾ ਅਤੇ ਚਿੱਤ ਨੂੰ ਰਾਜ਼ੀ ਕਰਨ ਵਾਲਾ ਅਨੰਦ ਆਪਣੀ ਜਗ੍ਹਾ।
ਇਨ੍ਹਾਂ ਚੋਂ ਇੱਕ ਇਨਾਮ ਪੰਜਾਬੀ ਦੇ ਹੀ ਕਹਾਣੀਕਾਰ ਗੁਰਦੇਵ ਰੁਪਾਣਾ ਨੂੰ ਉਸਦੇ ਕਹਾਣੀ ਸੰਗ੍ਰਹਿ "ਆਮ ਖ਼ਾਸ" ਨੂੰ ਮਿਲਿਆ ਹੈ।
ਗੁਰਦੇਵ ਰੁਪਾਣਾ
ਦੂਜਾ ਇਨਾਮ ਪਾਕਿਸਤਾਨ ਦੇ ਪੰਜਾਬੀ ਲੇਖਕ ਮੁਦੱਸਰ ਬਸ਼ੀਰ ਨੂੰ ਉਸਦੇ ਸ਼ਾਹਮੁਖੀ 'ਚ ਲਿਖੇ ਨਾਵਲ " ਕੌਣ " ਲਈ ਦਿੱਤਾ ਗਿਆ ਹੈ।
ਮੁਦੱਸਰ ਬਸ਼ੀਰ
ਇਨ੍ਹਾਂ ਇਨਾਮਾਂ ਦਾ ਐਲਾਨ ਅੱਜ ਇੱਥੇ ਇਸ ਇਨਾਮ ਦੇ ਬਾਨੀ ਬਾਰਜ ਢਾਹਾਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤਾ ਗਿਆ।
ਲੁਧਿਆਣੇ ਤੋਂ ਹਾਂਸ ਨੇ ਬਾਬੂਸ਼ਾਹੀ ਨਾਲ 45 ਸਾਲਾ ਹਾਂਸ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਇਨਾਮ ਲੈਣ ਤੋਂ ਬਾਅਦ ਉਸਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ। ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੁਹਿੰਮ 'ਚ ਡਿਊਟੀ ਦੇ ਰਹੇ ਜਤਿੰਦਰ ਨੇ ਦੱਸਿਆ ਕਿ ਢਾਹਾਂ ਇਨਾਮ ਲਈ ਉਸਦੀ ਕਿਤਾਬ ਦੀ ਐਂਟਰੀ ਉਸਦੇ ਕੈਲਗਰੀ ਰਹਿੰਦੇ ਭਰਾ ਨੇ ਹੀ ਕਰਾਏ ਸੀ। ਰਾਤੀਂ ਉਸਨੂੰ ਇਸ ਇਨਾਮ ਦੀ ਜਾਣਕਾਰੀ ਫੇਸ ਬੁੱਕ ਤੋਂ ਮਿਲੀ . ਫੇਰ ਢਾਹਾਂ ਸੰਸਥਾ ਵੱਲੋਂ ਫੋਨ ਤੇ ਵੀ ਜਾਣਕਾਰੀ ਦਿੱਤੀ ਗਈ ਅਤੇ ਈਮੇਲ ਵੀ ਆਈ ਅਤੇ ਸਵੇਰੇ ਉੱਠਦਿਆਂ ਹੀ ਵਧਾਈ ਦੇ ਫੋਨਾਂ ਦਾ ਤਾਂਤਾ ਲੱਗਿਆ ਰਿਹਾ ।