ਡਾ.ਅਰਵਿੰਦਰ ਕੌਰ ਧਾਲੀਵਾਲ ਦੁਆਰਾ ਰਚਿਤ ਕਹਾਣੀ- ਸੰਗ੍ਰਹਿ ' ਝਾਂਜਰਾਂ ਵਾਲੇ ਪੈਰ 'ਤੇ ਵਿਚਾਰ ਗੋਸ਼ਟੀ ਕਰਵਾਈ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 21 ਅਕਤੂਬਰ 2022- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਖੋਜ -ਮੰਚ ਵੱਲੋਂ ਡਾ.ਅਰਵਿੰਦਰ ਕੌਰ ਧਾਲੀਵਾਲ ਦੁਆਰਾ ਰਚਿਤ ਕਹਾਣੀ- ਸੰਗ੍ਰਹਿ ' ਝਾਂਜਰਾਂ ਵਾਲੇ ਪੈਰ ' ਉਤੇ ਵਿਚਾਰ - ਗੋਸ਼ਟੀ ਕਰਵਾਈ ਗਈ। ਇਸ ਦੀ ਪ੍ਰਧਾਨਗੀ ਪੋ੍. ਸਰਬਜੋਤ ਸਿੰਘ ਬਹਿਲ (ਡੀਨ ਅਕਾਦਮਿਕ ਮਾਮਲੇ,ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ) ਨੇ ਕੀਤੀ। ਪੁਸਤਕ ਲੇਖਿਕਾ ਅਰਵਿੰਦਰ ਕੌਰ ਧਾਲੀਵਾਲ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਵਿਭਾਗ ਦੇ ਮੁਖੀ ਡਾ . ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ।
ਪ੍ਰੋ . ਸਰਬਜੋਤ ਸਿੰਘ ਬਹਿਲ ਨੇ ਅਰਵਿੰਦਰ ਕੌਰ ਧਾਲੀਵਾਲ ਦੇ ਕਥਾ ਸੰਸਾਰ ਨੂੰ ਇਸਮਤ ਚੁਗਤਾਈ ਨਾਲ ਤੁਲਨਾਇਆ ਤੇ ਕਿਹਾ ਕਿ ਇਸ ਕਹਾਣੀ - ਸੰਗ੍ਰਹਿ ਵਿਚ ਭਾਵਪੂਰਤ ਨਾਰੀ ਸੰਵੇਦਨਾ ਲਗਾਤਾਰ ਪ੍ਰਵਾਹਿਤ ਰਹਿੰਦੀ ਹੈ। ਡਾ .ਮਨਜਿੰਦਰ ਸਿੰਘ ਨੇ ਇਸ ਵਿਚਾਰ- ਗੋਸ਼ਟੀ ਵਿਚ ਨਿੱਕੀ ਕਹਾਣੀ ਦੇ ਸਿਧਾਂਤਕ ਮੁਹਾਂਦਰੇ 'ਤੇ ਬੋਲਦਿਆਂ ਕਿਹਾ ਕਿ ਆਧੁਨਿਕ ਨਿੱਕੀ ਕਹਾਣੀ ਆਪਣੇ ਛੋਟੇ ਆਕਾਰ ਕਰਕੇ ਆਧੁਨਿਕ ਨਹੀਂ ਹੈ ਬਲਕਿ ਇਹ ਸਾਧਾਰਨ ਮਨੁੱਖ ਦੀ ਸੰਵੇਦਨਾ ਦਾ ਬਿਰਤਾਂਤ ਸਿਰਜਣ ਕਰਕੇ ਆਧੁਨਿਕ ਹੈ। ਉਹਨਾਂ ਕਿਹਾ ਕਿ ਅਰਵਿੰਦਰ ਕੌਰ ਧਾਲੀਵਾਲ ਦੀਆਂ ਕਹਾਣੀਆਂ ਮਾਨਵੀ ਤਣਾਉ ਦੀ ਪੇਸ਼ਕਾਰੀ ਕਰਦੀਆਂ ਹਨ ਪਰ ਉਨ੍ਹਾਂ ਦੀ ਕਹਾਣੀ ਦੇ ਪਾਤਰ ਜ਼ਿੰਦਗੀ ਵਿੱਚ ਹਾਰ ਨਹੀਂ ਮੰਨਦੇ ਸਗੋਂ ਜਿੰਦਗੀ ਜਿਊਣ ਲਈ ਸੰਘਰਸ਼ਸ਼ੀਲ ਰਹਿੰਦੇ ਹਨ। ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ .ਰਮਿੰਦਰ ਕੌਰ ਨੇ ਇਸ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਰਵਿੰਦਰ ਕੌਰ ਧਾਲੀਵਾਲ ਦੀ ਕਹਾਣੀ ਯਥਾਰਥ ਕੇਂਦਰਤ ਤੇ ਸਹਿਜ ਬਿਰਤਾਂਤ ਵਾਲੀ ਹੈ।
ਡਾ.ਕੰਵਲਦੀਪ ਕੌਰ ਨੇ ਇਸ ਕਹਾਣੀ-ਸੰਗ੍ਰਹਿ ਦੀ ਬਣਤਰ ਅਤੇ ਪ੍ਰਵਚਨ- ਜੁਗਤ ਦੇ ਵਿਭਿੰਨ ਧਰਾਤਲਾਂ ਨੂੰ ਉਜਾਗਰ ਕੀਤਾ।ਉਨ੍ਹਾਂ ਕਿਹਾ ਕਿ ਇਹ ਕਹਾਣੀਆਂ ਕਿਸੇ ਵੀ ਵਿਸ਼ੇਸ਼ ਵਰਗ ਨੂੰ ਮੁਖਾਤਿਬ ਹੋਣ ਦੀ ਬਜਾਏ ਮਾਨਵੀ ਅਸਤਿੱਤਵ ਦੇ ਮਸਲਿਆਂ ਦਾ ਪ੍ਵਚਨ ਸਿਰਜਦੀਆਂ ਹਨ। ਵਿਭਾਗ ਦੀ ਖੋਜ ਵਿਦਿਆਰਥਣ ਸ਼ਰਨਦੀਪ ਕੌਰ ਨੇ 'ਝਾਂਜਰਾਂ ਵਾਲੇ ਪੈਰ' ਪੁਸਤਕ ਦੇ ਥੀਮਿਕ ਪਸਾਰਾਂ ਬਾਰੇ ਖੋਜ-ਪੱਤਰ ਪੇਸ਼ ਕੀਤਾ।ਡਾਕਟਰ ਅਰਵਿੰਦਰ ਕੌਰ ਧਾਲੀਵਾਲ ਨੇ ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਆਪਣੀ ਕਹਾਣੀ ਸਿਰਜਣਾ , ਵਿਸ਼ਿਆਂ ਦੀ ਚੋਣ ਅਤੇ ਨਿਭਾਉ ਸਬੰਧੀ ਨੁਕਤੇ ਸਾਂਝੇ ਕੀਤੇ। ਮੰਚ-ਸੰਚਾਲਕ ਦੀ ਭੂਮਿਕਾ ਡਾ. ਪਵਨ ਕੁਮਾਰ ਦੁਆਰਾ ਬਾਖੂਬੀ ਨਿਭਾਈ ਗਈ। ਸਮਾਗਮ ਦੇ ਅੰਤ 'ਤੇ ਵਿਭਾਗ ਦੇ ਮੁਖੀ ਡਾ.ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਵਿਚਾਰ-ਗੋਸ਼ਟੀ ਨੇ ਖੋਜ- ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਜ਼ਿਹਨ ਰੌਸ਼ਨ ਕੀਤੇ ਹਨ। ਇਸ ਮੌਕੇ ਡਾ਼. ਮੇਘਾ ਸਲਵਾਨ ,ਡਾ.ਹਰਿੰਦਰ ਕੌਰ ਸੋਹਲ, ਹਰਮੀਤ ਆਰਟਿਸਟ,ਡਾ.ਇੰਦਰਪ੍ਰੀਤ ਕੌਰ ,ਡਾ.ਜਸਪਾਲ ਸਿੰਘ, ਡਾ.ਹਰਿੰਦਰ ਸਿੰਘ ,ਡਾ.ਗੁਰਪ੍ਰੀਤ ਸਿੰਘ ਬੁੱਟਰ, ਖੋਜ ਵਿਦਿਆਰਥੀ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
--