ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚੌਥੀ ਜਨਮ ਸ਼ਤਾਬਦੀ ਨੂੰ ਸਮਰਪਿਤ ‘ਪਰਵਾਸ’ ਦਾ ਵਿਸ਼ੇਸ਼ ਅੰਕ ਲੋਕ ਅਰਪਣ
ਲੁਧਿਆਣਾਃ 10 ਦਸੰਬਰ 2021 - ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਤ੍ਰੈਮਾਸਿਕ ਪੱਤ੍ਰਿਕਾ ‘ਪਰਵਾਸ’ ਦਾ ਪੰਦਰਵਾਂ ਅੰਕ ਲੋਕ ਅਰਪਣ ਕੀਤਾ ਗਿਆ।
ਇਸ ਸਮਾਗਮ ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ, ਲੁਧਿਆਣਾ ਅਤੇ ਆਸਟਰੇਲੀਆ ਤੋਂ ਲੇਖਕ ਸ. ਪਰਗਟ ਸਿੰਘ ਰੰਧਾਵਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਪ੍ਰੋਗਰਾਮ ਦੇ ਆਰੰਭ ਵਿਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨ ਕੌਂਸਲ, ਲੁਧਿਆਣਾ ਨੇ ਮਹਿਮਾਨਾਂ ਦਾ ਰਸਮੀ ਤੌਰ ’ਤੇ ਸੁਆਗਤ ਕੀਤਾ ਤੇ ਉਹਨਾਂ ਨੇ ਕਿਹਾ ਕਿ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਜਿੱਥੇ ਹਰ ਤਿੰਨ ਮਹੀਨੇ ਬਾਅਦ ਪਰਵਾਸ ਦਾ ਅੰਕ ਕੱਢਿਆ ਜਾਂਦਾ ਹੈ ਉੱਥੇ ਹੀ ਹੁਣ ਤੱਕ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰੂ ਨਾਨਕ ਵਿਸ਼ੇਸ਼ ਅੰਕ, ਦੋ ਕਿਸਾਨੀ ਵਿਸ਼ੇਸ਼ ਅੰਕ ਅਤੇ ਦੋ ਕਰੋਨਾ ਵਿਸ਼ੇਸ਼ ਅੰਕ ਕੱਢੇ ਗਏ ਹਨ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ‘ਪਰਵਾਸ’ਮੈਗਜ਼ੀਨ ਨੇ ਅੱਜ ਵਿਸ਼ਵ ਭਰ ਵਿਚ ਆਪਣੀ ਇਕ ਅਲੱਗ ਪਛਾਣ ਕਾਇਮ ਕੀਤੀ ਹੈ। ਅਨੇਕਾਂ ਹੀ ਅਣਪ੍ਰਕਾਸ਼ਿਤ ਤੇ ਅਣਪਛਾਤੇ ਲੇਖਕਾਂ ਨੂੰ ਇਕ ਮੰਚ ਮੁਹੱਈਆ ਕਰਵਾਉਣ ਵਿਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਗੁਰੂ ਤੇਗ ਬਹਾਦਰ ਜੀ ਵਿਸ਼ੇਸ਼ ਅੰਕ ਵਿਚ ਵੱਖ-ਵੱਖ ਮੁਲਕਾਂ ਵਿਚ ਵੱਸਦੇ 25 ਕਵੀਆਂ (ਡਾ. ਅਮਰ ਜਿਉਤੀ, ਕਵਿੰਦਰ ਚਾਂਦ, ਹਰਚੰਦ ਸਿੰਘ ਬਾਗੜੀ, ਡਾ. ਗੁਰਮਿੰਦਰ ਸਿੱਧੂ, ਸੁਰਿੰਦਰ ਗੀਤ, ਹਰਸ਼ਰਨ ਕੌਰ, ਪਰਮਜੀਤ ਕੌਰ ਦਿਓਲ, ਨਕਸ਼ਦੀਪ ਪੰਜਕੋਹਾ, ਅਜ਼ੀਮ ਸੇਖ਼ਰ, ਚਰਨਜੀਤ ਸਿੰਘ ਪੰਨੂ, ਸੁਰਜੀਤ ਸਖੀ, ਦਲਜਿੰਦਰ ਰਹਿਲ, ਗੁਰਦੀਸ਼ ਕੌਰ ਗਰੇਵਾਲ, ਹਰਜਿੰਦਰ ਕੰਗ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ,ਦਲਵੀਰ ਕੌਰ ਵੁਲਵਰਹੈਂਪਟਨ,ਗੁਰਮੇਲ ਕੌਰ ਸੰਘਾ, ਡਾ. ਦਵਿੰਦਰ ਸਿੰਘ ਜੀਤਲਾ, ਜੀਤ ਸੁਰਜੀਤ ਬੈਲਜੀਅਮ,ਹਰਦਿਆਲ ਸਿੰਘ ਚੀਮਾ, ਕੁਲਦੀਪ ਚਿਰਾਗ਼, ਅਮਨਜੀਤ ਕੌਰ ਸ਼ਰਮਾ, ਕੁਲਵੰਤ ਕੌਰ ਚੰਨ, ਸੋਨੀਆ ਪਾਲ, ਨਿਰੰਜਨ ਸਿੰਘ ਨੂਰ ਨੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਗੁਰੂ ਜੀ ਦੇ ਜੀਵਨ, ਵਿਚਾਰਧਾਰਾ ਤੇ ਸ਼ਹਾਦਤ ਨੂੰ ਚਾਰ ਲੇਖਕਾਂ ਜਿਹਨਾਂ ਵਿਚ ਡਾ. ਭਾਈ ਹਰਬੰਸ ਲਾਲ, ਮਨਜੀਤ ਕੌਰ ਸੇਖੋਂ, ਡਾ. ਦੇਵਿੰਦਰ ਸਿੰਘ ਸੇਖੋਂ ਤੇ ਡਾ. ਅਮਰਜੀਤ ਸਿੰਘ ਟਾਂਡਾ ਨੇ ਆਪਣੇ ਵਿਸ਼ੇਸ਼ ਲੇਖਾਂ ਵਿੱਚ ਕੀਤਾ ਹੈ।
ਪਰਗਟ ਸਿੰਘ ਰੰਧਾਵਾ ਆਸਟਰੇਲੀਆ ਨੇ ਆਪਣੇ ਮੁੱਢਲੇ ਜੀਵਨ ਅਤੇ ਸਾਹਿਤਕ ਰਚਨਾਵਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤੱਕ ਉਨ੍ਹਾਂ ਦੀਆਂ ਤੇਰਾਂ ਪੁਸਤਕਾਂ ਵੱਖ ਵੱਖ ਵਿਧਾਵਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਅਤੇ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ।
ਪ੍ਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ. ਜੀ. ਐਨ. ਆਈ. ਐਮ. ਟੀ. ਨੇ ਇਸ ਮੌਕੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਦੀ ਸਥਾਪਤੀ ਤੋਂ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਦੀਆਂ ਵੱਖ ਵੱਖ ਸਰਗਰਮੀਆਂ ਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਤੇ ਰਸਮੀ ਤੌਰ ’ਤੇ ਆਏ ਲੇਖਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਕੌਂਸਲ ਦੇ ਮੈਂਬਰ ਸ. ਕੁਲਜੀਤ ਸਿੰਘ, ਸ. ਹਰਦੀਪ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ, ਡਾ. ਹਰਪ੍ਰੀਤ ਸਿੰਘ ਦੂਆ , ਡਾ. ਤੇਜਿੰਦਰ ਕੌਰ, ਕੋਆਰਡੀਨੇਟਰ, ਪਰਵਾਸੀ ਸਾਹਿਤ ਅਧਿਅਨ ਕੇਂਦਰ, ਪ੍ਰੋ. ਜਸਮੀਤ ਕੌਰ ਤੇ ਸਹਾਇਕ ਸੰਪਾਦਕ ਪਰਵਾਸ ਰਾਜਿੰਦਰ ਸਿੰਘ ਸੰਧੂ ਵੀ ਹਾਜ਼ਰ ਰਹੇ।