ਅਬੋਹਰ ਵਿਖੇ ਮਿੰਨੀ ਕਹਾਣੀ ਸਮਾਗਮ: ਪੰਜਾਬ ਦੀਆਂ ਵੱਖ-2 ਥਾਵਾਂ ਤੋਂ ਮਿੰਨੀ ਕਹਾਣੀ ਲੇਖਕਾਂ ਨੇ ਲਿਆ ਹਿੱਸਾ
ਅਬੋਹਰ, ਫਾਜ਼ਿਲਕਾ, 3 ਫਰਵਰੀ 2023 - ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਅਤੇ ਅਦਾਰਾ ਤ੍ਰੈਮਾਸਿਕ ‘ਮਿੰਨੀ’ ਅਤੇ ਤ੍ਰੈਮਾਸਿਕ ‘ਮੇਲਾ’ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਮਿੰਨੀ ਕਹਾਣੀ ਸਮਾਗਮ ‘ਜੁਗਨੂੰਆਂ ਦੇ ਅੰਗ-ਸੰਗ’ ਨਾਂ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਮਿੰਨੀ ਕਹਾਣੀ ਲੇਖਕਾਂ ਨੇ ਭਾਗ ਲਿਆ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਰੁਪਿੰਦਰ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਅਬੋਹਰ, ਭੁਪਿੰਦਰ ਉਤਰੇਜਾ ਜਿਲਾ ਭਾਸ਼ਾ ਅਫਸਰ ਫਾਜ਼ਿਲਕਾ, ਪ੍ਰੋ. ਗੁਰਰਾਜ ਸਿੰਘ ਚਹਿਲ ਡੀ.ਏ.ਵੀ ਕਾਲਜ ਅਬੋਹਰ, ਰਵੀ ਡੋਡਾ ਸੇਵਾਮੁਕਤ ਮੈਨੇਜ਼ਰ, ਪ੍ਰੋ. ਭੁਪਿੰਦਰ ਸਿੰਘ ਜੱਸਲ, ਰਾਜਿੰਦਰ ਮਾਜ਼ੀ ਸੰਪਾਦਕ ‘ਮੇਲਾ’ ਅਤੇ ਪ੍ਰਧਾਨ ਲੋਕ ਰੰਗ ਮੰਚ (ਰਜਿ.) ਅਬੋਹਰ ਸ਼ਾਮਿਲ ਹੋਏ।
ਸਮਾਗਮ ਦੇ ਪਹਿਲੇ ਸ਼ੈਸ਼ਨ ਦਾ ਆਗਾਜ਼ ਕਰਦਿਆਂ ‘ਮਿੰਨੀ’ ਦੇ ਸੰਪਾਦਕ ਜਗਦੀਸ਼ ਰਾਏ ਕੁਲਰੀਆਂ ਨੇ ‘ਜੀ ਆਇਆ ਨੂੰ’ ਕਹਿੰਦਿਆਂ ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ। ਇਸ ਉਪਰੰਤ ਡਾ. ਦੀਪਤੀ ਨੇ ਮੰਚ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਪੰਜਾਬੀ ਮਿੰਨੀ ਕਹਾਣੀ ਦੀ ਦਸ਼ਾ ਤੇ ਦਿਸ਼ਾ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਵੱਲੋਂ ਮੈਗਜ਼ੀਨ ‘ਗੁਫ਼ਤਗੂ’, ਤ੍ਰੈਮਾਸਿਕ ‘ਮਿੰਨੀ’ ਅਤੇ ਡਾ. ਦੀਪਤੀ ਦੀ ਪੁਸਤਕ ‘ਜਿਊਣ ਢੰਗ ਅਤੇ ਸਾਡਾ ਸਰੀਰ’ਨੂੰ ਲੋਕ ਅਰਪਣ ਕੀਤਾ ਗਿਆ।
ਇਸ ਸ਼ੈਸ਼ਨ ਵਿਚ ਮਾਇਆ ਦੇਵੀ ਮੈਮੋਰੀਅਲ ਆਦਰਸ਼ ਸਕੂਲ ਕੇਰਾ ਖੇੜਾ ਦੀਆਂ ਵਿਦਿਆਰਥਣਾਂ ਖੁਸ਼ਮਨ ਕੌਰ ਨੇ ‘ਨਾਨਕ ਦਾ ਫਲਸਫਾ’, ਅੰਕਿਤਾ ਨੇ ‘ਉਹਦੇ ਸਬਰਾਂ ਦਾ’, ਸ਼ਮਤਾ ਨੇ ‘ਉਂਗਲ’, ਜਸ਼ਨਦੀਪ ਕੌਰ ਨੇ ‘ਪਛਤਾਵਾ’, ਰਜ਼ਮੀਤ ਕੌਰ ਨੇ ‘ਮਿਹਨਤਨਾਮਾ’ ਤੇ ਰੀਆ ਨੇ ‘ਵਿਸ਼ਵਾਸ’ ਨਾਮੀਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ। ਇਹਨਾਂ ਮਿੰਨੀ ਕਹਾਣੀਆਂ ਤੇ ਵਿਸ਼ੇਸ਼ ਤੌਰ ਤੇ ਮਿੰਨੀ ਕਹਾਣੀ ਦੇ ਹਸਤਾਖਰ ਬਿਕਰਮਜੀਤ ਨੂਰ ਨੇ ਵਿਚਾਰ ਰੱਖੇ ਅਤੇ ਵਿਦਿਆਰਥਣਾਂ ਨੂੰ ਵਧੀਆਂ ਰਚਨਾਵਾਂ ਲਿਖਣ ਤੇ ਵਧਾਈ ਦਿਤੀ। ਪ੍ਰੋ. ਜੱਸਲ ਅਤੇ ਡਾ. ਰੁਪਿੰਦਰ ਕੌਰ ਨੇ ਇਹਨਾਂ ਰਚਨਾਵਾਂ ਦੇ ਹਵਾਲੇ ਨਾਲ ਮਿੰਨੀ ਕਹਾਣੀ ਕਲਾ ਦੀ ਪਰਖ ਪੜਚੋਲ ਕੀਤੀ।
ਦੂਜੇ ਸ਼ੈਸ਼ਨ ਵਿਚ ਦਰਸ਼ਨ ਸਿੰਘ ਬਰੇਟਾ ਨੇ ‘ਮੁਕਤੀ’, ਸੁਖਦਰਸ਼ਨ ਗਰਗ ਨੇ ‘ਰੋਟੀ’, ਮੰਗਤ ਕੁਲਜਿੰਦ ਨੇ ‘ਤੰਦਾਂ’, ਮਹਿੰਦਰਪਾਲ ਬਰੇਟਾ ਨੇ ‘ਅੰਦਰਲੀ ਗੱਲ’ ਤੇ ਭਗਵਾਨ ਦਾਸ ਨੇ ‘ਉਲਝਣ’ ਨਾਮੀਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ। ਜਿਸ ਉੱਤੇ ਭੁਪਿੰਦਰ ਉਤਰੇਜਾ, ਪ੍ਰੋ ਭੁਪਿੰਦਰ ਜੱਸਲ ਨੇ ਵਿਚਾਰ ਰਖਦਿਆ ਕਿਹਾ ਕਿ ਇਹ ਰਚਨਾਵਾਂ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਹਨ। ਉਨਾਂ ਇਸ ਗਲ ਦੀ ਪ੍ਰੋੜਤਾ ਵੀ ਕੀਤੀ ਕਿ ਮਿੰਨੀ ਕਹਾਣੀ ਨੂੰ ਹੁਣ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।
ਸਮਾਗਮ ਦੇ ਤੀਸਰੇ ਤੇ ਆਖਰੀ ਸ਼ੈਸ਼ਨ ਵਿਚ ਬਿਕਰਮਜੀਤ ਨੂਰ ਨੇ ‘ਸਿੱਕਾ’, ਊਸ਼ਾ ਦੀਪਤੀ ਨੇ ‘ਹੌਸਲਾ’, ਅਭਿਜੀਤ ਵਧਵਾ ਨੇ ‘ਖਾਹਿਸ਼’, ਪਰਗਟ ਸਿੰਘ ਜੰਬਰ ਨੇ ‘ਕਮਜ਼ੋਰ ਪ੍ਰਮਾਤਮਾ’ ਤੇ ਜਗਦੀਸ਼ ਰਾਏ ਕੁਲਰੀਆਂ ਨੇ ‘ਜੰਗ’ ਨਾਮੀਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ। ਜਿੰਨ੍ਹਾਂ ਤੇ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ, ਪ੍ਰੋ. ਗੁਰਰਾਜ ਸਿੰਘ ਚਹਿਲ ਤੇ ਡਾ ਦੀਪਤੀ ਨੇ ਨਿੱਠ ਕੇ ਚਰਚਾ ਕਰਦਿਆਂ ਕਿਹਾ ਕਿ ਇਹ ਰਚਨਾਵਾਂ ਮਨੁੱਖੀ ਮਾਨਸਿਕਤਾ ਅਤੇ ਸਮਾਜਿਕ ਯਥਾਰਥ ਦਾ ਬਾਖੂਬੀ ਪ੍ਰਗਟਾਵਾ ਕਰਦੀਆਂ ਹਨ ਅਤੇ ਪਾਠਕ ਦੀ ਸੋਚ ਨੂੰ ਝੰਜੋੜਦੀਆਂ ਹਨ। ਰਾਜਿੰਦਰ ਮਾਜ਼ੀ ਨੇ ਆਖਿਰ ਵਿਚ ਸਭਨਾਂ ਦਾ ਧੰਨਵਾਦ ਕਰਦਿਆਂ ਤ੍ਰੈਮਾਸਿਕ ‘ਮੇਲਾ’ ਦੇ ਮਿੰਨੀ ਕਹਾਣੀ ਵਿਸ਼ੇਸ਼ ਅੰਕ ਬਾਰੇ ਜਾਣਕਾਰੀ ਦਿਤੀ।
ਇਸ ਮੌਕੇ ਅਰੁਣ ਡੇਮਲਾ, ਪ੍ਰਿੰਸੀਪਲ ਰਾਜ ਕੁਮਾਰ, ਕੁਲਵੰਤ ਸ਼ਰਮਾ, ਸੁਰੇਸ਼ ਸਿੰਘ, ਸੁਮਿੱਤਰਾ ਮਾਜ਼ੀ, ਵਿਜੈਅੰਤ ਆਦਿ ਨੇ ਵੀ ਵਿਚਾਰ ਚਰਚਾ ਵਿਚ ਹਿੱਸਾ ਲਿਆ। ਰਚਨਾਵਾਂ ਪੜ੍ਹਣ ਵਾਲੀਆਂ ਵਿਦਿਆਰਥਣਾਂ ਦਾ ਮੰਚ ਅਤੇ ਭਾਸ਼ਾ ਵਿਭਾਗ ਵੱਲੋਂ ਪੁਸਤਕਾਂ ਅਤੇ ਮੈਗਜ਼ੀਨਾਂ ਨਾਲ ਸਨਮਾਨ ਕੀਤਾ ਗਿਆ।