ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ਸ਼ਾਇਰ ਗੁਰਪ੍ਰੀਤ ਦਾ ਰੂ-ਬ-ਰੂ ਸਮਾਗਮ
ਹਰੀਸ਼ ਮੋਂਗਾ
ਫ਼ਿਰੋਜ਼ਪੁਰ, ਅਗਸਤ 21, 2023: ਪੰਜਾਬ ਸਰਕਾਰ ਵੱਲੋੰ ਪ੍ਰਮੁੱਖ ਸਕੱਤਰ ਸ਼੍ਰੀਮਤੀ ਜਸਪ੍ਰੀਤ ਤਲਵਾੜ ਅਤੇ ਵਧੀਕ ਡਾਇਰੈਕਟਰ ਡਾ. ਵੀਰਪਾਲ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਾਹਿਤਕਾਰਾਂ ਅਤੇ ਵਿਦਿਆਰਥੀਆਂ ਨੂੰ ਸਾਹਿਤਕ ਗਤੀਵਿਧੀਆਂ ਨਾਲ ਜੋੜਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋੱ ਮਾਨਸਾ ਜ਼ਿਲ੍ਹੇ ਦੇ ਨਾਮਵਰ ਸ਼ਾਇਰ ਗੁਰਪ੍ਰੀਤ ਦਾ ਰੂ-ਬ-ਰੂ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ, ਮਾਨਾ ਸਿੰਘ ਵਾਲਾ ਵਿਖੇ ਕਰਵਾਇਆ ਗਿਆ । ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ 'ਧਨੁ ਲੇਖਾਰੀ ਨਾਨਕਾ' ਦੇ ਵਾਦਨ ਤੋੰ ਬਾਅਦ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਦੇ ਸਵਾਗਤੀ ਸ਼ਬਦਾਂ ਨਾਲ ਹੋਈ । ਉਹਨਾਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਸਾਹਿਤ ਅਤੇ ਕਲਾ ਨਾਲ ਜੁੜ ਕੇ ਆਪਣੀ ਸਖਸ਼ੀਅਤ ਵਿੱਚ ਨਿਖਾਰ ਲਿਆਉਣ ਲਈ ਕਿਹਾ ।
ਆਪਣੇ ਵਿਚਾਰਾਂ ਦਾ ਪ੍ਰਗਟਾ ਕਰਦਿਆਂ ਉਹਨਾਂ ਕਿਹਾ ਵਰਤਮਾਨ ਯੁੱਗ ਵਿੱਚ ਮਨੁੱਖ ਅੰਦਰ ਸਹਿਜਤਾ, ਜ਼ਿੰਮੇਵਾਰੀ ਅਤੇ ਨੈਤਿਕ ਮੁੱਲਾਂ ਉੱਤੇ ਪਹਿਰਾ ਦੇਣ ਦੀ ਬਹੁਤ ਜਿਆਦਾ ਲੋੜ ਹੈ ਅਤੇ ਇਸ ਵਿੱਚ ਸਾਹਿਤ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ । ਇਸ ਮੰਤਵ ਦੀ ਪੂਰਤੀ ਹਿੱਤ ਸ਼ਾਇਰ ਗੁਰਪ੍ਰੀਤ ਦਾ ਵਿਦਿਆਰਥੀਆਂ ਨਾਲ ਰੂ-ਬ-ਰੂ ਕਰਵਾਇਆ ਗਿਆ । ਗੁਰਪ੍ਰੀਤ ਦੀ ਗਿਆਰਵੀਂ ਜਮਾਤ ਦੇ ਪਾਠਕ੍ਰਮ ਵਿੱਚ 'ਹਰੀਕੇ ਪੱਤਣ' ਕਵਿਤਾ ਸ਼ਾਮਲ ਹੈ । ਆਪਣੀ ਗੱਲਬਾਤ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਾਂਝੀ ਕਰਦਿਆਂ ਗੁਰਪ੍ਰੀਤ ਨੇ ਕਿਹਾ ਕਿ ਕਵਿਤਾ ਮਨੁੱਖ ਦੇ ਸੁਭਾਅ ਦਾ ਅਹਿਮ ਹਿੱਸਾ ਹੁੰਦੀ ਹੈ ।
ਹਰੇਕ ਮਨੁੱਖ ਅੰਦਰ ਕਾਵਿਕ ਬਿਰਤੀਆਂ ਹੁੰਦੀਆਂ ਹਨ ਜੋ ਕਿ ਸਥਿਤੀਆਂ ਅਤੇ ਪ੍ਰਸਥਿਤੀਆਂ ਦੇ ਸਹੀ ਸੰਗਮ ਕਾਰਨ ਪ੍ਰਗਟਾਓ ਦਾ ਰੂਪ ਧਾਰਨ ਕਰ ਲੈੰਦੀਆਂ ਹਨ । ਆਪਣੀ ਸਿਰਜਨ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੂੰ ਸਮਾਜ ਦੇ ਹਰੇਕ ਵਰਤਾਰੇ ਵਿੱਚੋੰ ਕਾਵਿਕਤਾ ਨਜ਼ਰ ਆਉੰਦੀ ਹੈ ਅਤੇ ਉਸ ਲਈ ਇਸ ਸ੍ਰਿਸ਼ਟੀ ਦਾ ਕਣ-ਕਣ ਕਵਿਤਾ ਵਿੱਚ ਰਮਿਆ ਹੋਇਆ ਹੈ ।
ਵਿਦਿਆਰਥੀਆਂ ਨਾਲ ਆਪਣੀਆਂ ਕਵਿਤਾਵਾਂ ਦੇ ਪਾਠ ਰਾਹੀਂ ਸਾਂਝ ਪਾਉੰਦਿਆਂ ਗੁਰਪ੍ਰੀਤ ਨੇ ਵਿਦਿਆਰਥੀਆਂ ਨਾਲ ਇਹ ਨੁਕਤਾ ਵੀ ਸਾਂਝਾ ਕੀਤਾ ਕਿ ਕਵਿਤਾ ਤੁਹਾਡੀ ਕਲਪਨਾ ਨੂੰ ਅਸੀਮ ਮੰਡਲਾਂ ਤੱਕ ਫੈਲਣ ਲਈ ਰਾਹ ਪੱਧਰਾ ਕਰਦੀ ਹੈ ਅਤੇ ਅਸੀਂ ਚੰਗੀ ਕਵਿਤਾ ਪੜ੍ਹ-ਸੁਣ ਕੇ ਮਾਨਸਿਕ ਤੌਰ 'ਤੇ ਸਹਿਜ ਮਹਿਸੂਸ ਕਰਦੇ ਹਾਂ । ਇਹੀ ਸਹਿਜਤਾ ਸਾਡੇ ਨਿਤਾਪ੍ਰਤੀ ਦੇ ਕੰਮ-ਧੰਦਿਆਂ ਅਤੇ ਜੀਵਨ ਵਿਹਾਰ ਵਿੱਚ ਸੁਹਜ ਅਤੇ ਅਦਬ ਪੈਦਾ ਕਰਦੀ ਹੈ । ਆਪਣੀ ਗੱਲ ਨੂੰ ਵਿਆਪਕ ਰੂਪ ਵਿੱਚ ਵਿਸਥਾਰ ਦਿੰਦਿਆਂ ਉਹਨਾਂ ਵਿਦਿਆਰਥੀਆਂ ਨੂੰ ਸਾਹਿਤ ਦਾ ਕੋਈ ਵੀ ਆਪਣਾ ਮਨਪਸੰਦ ਰੂਪ (ਕਵਿਤਾ,ਨਾਵਲ, ਕਹਾਣੀ, ਨਾਟਕ, ਸਵੈ ਜੀਵਨੀ ਆਦਿ) ਨਿਰੰਤਰ ਪੜ੍ਹਨ ਲਈ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਾਹਿਤ ਨਾਲ ਜੁੜ ਕੇ ਮਨੁੱਖ ਦੇ ਮਨ ਅੰਦਰ ਚੰਗੇ ਵਿਚਾਰ ਜਨਮ ਲੈੰਦੇ ਹਨ ਅਤੇ ਮਨੁੱਖ ਆਤਮ ਵਿਸ਼ਵਾਸ਼ ਨਾਲ ਭਰ ਜਾਂਦਾ ਹੈ ਜਿਸ ਸਦਕਾ ਉਹ ਸਵੈ-ਪ੍ਰਗਟਾਵਾ ਬਹੁਤ ਕੁਸ਼ਲਤਾ ਅਤੇ ਸਹਿਜ ਰੂਪ ਵਿੱਚ ਕਰ ਸਕਦਾ ਹੈ।
ਪਾਠਕ੍ਰਮ ਵਿੱਚ ਸ਼ਾਮਲ ਆਪਣੀ ਕਵਿਤਾ 'ਹਰੀਕੇ ਪੱਤਣ' ਦਾ ਪਾਠ ਕਰਦਿਆਂ ਗੁਰਪ੍ਰੀਤ ਨੇ ਆਪਣੀ ਇਸ ਕਵਿਤਾ ਦੀ ਸਿਰਜਨਾ ਦੇ ਸਬੱਬ ਬਾਰੇ ਜਾਣਕਾਰੀ ਦਿੰਦਿਆਂ ਇਸ ਕਵਿਤਾ ਦੀ ਮੂਲ ਆਤਮਾ ਨਾਲ ਵੀ ਵਿਦਿਆਰਥੀਆਂ ਨੂੰ ਜੋੜਿਆ। ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਪੂਰੀ ਸਰਗਰਮੀ ਨਾਲ ਭਾਗ ਲੈੰਦਿਆਂ ਗੁਰਪ੍ਰੀਤ ਨੂੰ ਉਹਨਾਂ ਦੇ ਜੀਵਨ ਅਤੇ ਸਾਹਿਤ ਬਾਰੇ ਵਿਭਿੰਨ ਸਵਾਲ ਕੀਤੇ ਜਿਨ੍ਹਾਂ ਦਾ ਜਵਾਬ ਜਵਾਬ ਗੁਰਪ੍ਰੀਤ ਨੇ ਕਾਵਿਕ ਅਤੇ ਕਲਾਤਮਕ ਅੰਦਾਜ਼ ਵਿੱਚ ਦਿੱਤਾ ।
ਵਿਦਿਆਰਥੀਆਂ ਲਈ ਇਹ ਇੱਕ ਅਚੰਭੇ ਵਾਲੀ ਗੱਲ ਸੀ ਕਿ ਉਹ ਜਿਸ ਕਵੀ ਦੀ ਕਵਿਤਾ ਆਪਣੇ ਪਾਠਕ੍ਰਮ ਵਿੱਚ ਪੜ੍ਹ ਰਹੇ ਹਨ ਉਹ ਅੱਜ ਉਹਨਾਂ ਵਿਚਕਾਰ ਸੀ । ਢੁੱਕਵਾਂ ਮੰਚ ਸੰਚਾਲਨ ਕਰਦਿਆਂ ਸ. ਰਸ਼ਪਿੰਦਰ ਸਿੰਘ ਲੈਕ. ਪੰਜਾਬੀ ਨੇ ਕਿਹਾ ਕਿ ਸਾਡੇ ਲਈ ਖੁਸ਼ਕਿਸਮਤੀ ਹੈ ਗੁਰਪ੍ਰੀਤ ਵਰਗਾ ਇੱਕ ਸਮਰੱਥ ਸ਼ਾਇਰ ਇਸ ਸਕੂਲ ਦੇ ਵਿਹੜੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਪਹੁੰਚਿਆ ਹੈ । ਸਮਾਗਮ ਦੇ ਅੰਤ 'ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਨੇ ਕਿਹਾ ਕਿ ਮੇਰੀ ਜ਼ਿੰਦਗੀ ਵਿੱਚ ਇਹ ਪਹਿਲਾ ਮੌਕਾ ਹੈ ਜਦੋੰ ਕਿਸੇ ਲੇਖਕ ਨੂੰ ਮਿਲਣ ਦਾ ਮੌਕਾ ਮਿਲਿਆ ।
ਉਹਨਾਂ ਕਿਹਾ ਕਿ ਇਹ ਸਮਾਗਮ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਰਿਹਾ ਕਿਉੰਕਿ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਦਾ ਉਦੇਸ਼ ਅੱਜ ਦੇ ਇਸ ਸਮਾਗਮ ਦੇ ਭਰਵੇੰ ਸੰਵਾਦ ਨਾਲ ਪੂਰਾ ਹੋ ਗਿਆ ਹੈ। ਉਹਨਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਦਾ ਧੰਨਵਾਦ ਕਰਦਿਆਂ ਕੀਤਾ ਕਿ ਅਜਿਹੇ ਗੁਣਾਤਮਿਕ ਅਤੇ ਸਾਹਿਤਕ ਸਮਾਗਮ ਲਈ ਇਸ ਸਕੂਲ ਸੀ ਚੋਣ ਕੀਤੀ ਗਈ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਦਾ ਭਰਪੂਰ ਲਾਭ ਲਿਆ । ਸਮਾਗਮ ਦੀ ਸਫਲਤਾ ਵਿੱਚ ਖੋਜ ਅਫ਼ਸਰ ਸ.ਦਲਜੀਤ ਸਿੰਘ, ਸੀ.ਸਹਾ. ਸ਼੍ਰੀ ਰਮਨ ਕੁਮਾਰ, ਰਵੀ ਕੁਮਾਰ ਅਤੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ । ਸੰਦੀਪ ਕੁਮਾਰੀ, ਅਜੈਪਾਲ , ਰੰਜੂ ਰਾਣੀ,ਨਵੀਨ ਸ਼ਰਮਾ, ਅਮਿਤ ਬਾਰੀਆ, ਕੰਚਨ ਸ਼ਰਮਾ, ਅੰਜੂ ਰਾਣੀ ਅਤੇ ਸਮੂਹ ਸਟਾਫ਼ ਹਾਜ਼ਰ ਸੀ ।