ਪਦਮਸ਼੍ਰੀ ਸੁਰਜੀਤ ਪਾਤਰ ਵੱਲ੍ਹੋਂ 'ਨਵੇਂ ਦਿਸਹੱਦੇ' ਪ੍ਰੋਗਰਾਮ ਦਾ ਪੋਸਟਰ ਜਾਰੀ
- ਇਕ ਲੱਖ ਤੋਂ ਵੱਧ ਵਿਦਿਆਰਥੀ ਕਲਾ ਦੇ ਅੰਬਰ 'ਚ ਭਰਨਗੇ ਉਡਾਰੀ
ਪ੍ਰਮੋਦ ਭਾਰਤੀ
ਲੁਧਿਆਣਾ 28 ਅਪ੍ਰੈਲ,2024 - 'ਨਵੇਂ ਦਿਸਹੱਦੇ ' ਪ੍ਰੋਗਰਾਮ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਅਤੇ ਪੰਜਾਬ ਭਰ ਦੇ ਵਿਦਿਆਰਥੀਆਂ ਲਈ ਕਲਾਤਮਕਤਾ ਦੇ ਅੰਬਰ ਵਿੱਚ ਉੱਚੀਆਂ ਉਡਾਰੀਆਂ ਭਰਨ ਦੀ ਇਕ ਨਵੀਂ ਪਹਿਲ ਕਦਮੀਂ ਹੋਵੇਗਾ,ਜਿਸ ਦੇ ਭਵਿੱਖ 'ਚ ਸਾਰਥਿਕ ਸਿੱਟੇ ਸਾਹਮਣੇ ਆਉਣਗੇ। ਪਦਮਸ਼੍ਰੀ ਸੁਰਜੀਤ ਪਾਤਰ ਨੇ ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲ੍ਹੋਂ ਸ਼ੁਰੂ ਕੀਤੇ ਗਏ 'ਨਵੇਂ ਦਿਸਹੱਦੇ ' ਪ੍ਰੋਗਰਾਮ ਦਾ ਪੋਸਟਰ ਜਾਰੀ ਕਰਦਿਆਂ ਪੰਜਾਬ ਦੀਆਂ ਸਿੱਖਿਆ,ਸਾਹਿਤਕ, ਸਭਿਆਚਾਰਕ ਸੰਸਥਾਵਾਂ ਨੂੰ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਨ ਲਈ ਉਸਾਰੀ ਜਾ ਰਹੀ ਲਹਿਰ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ।
ਪੰਜਾਬ ਕਲਾ ਪਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਅਤੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਨੇ ਪ੍ਰਾਇਮਰੀ ਪੱਧਰ ਤੋਂ ਲੈ ਕੇ ਸੈਕੰਡਰੀ ਪੱਧਰ ਤੱਕ ਕਰਵਾਏ ਜਾ ਰਹੇ ਮੁਕਾਬਲਿਆਂ ਸਬੰਧੀ ਕਿਹਾ ਕਿ ਬੱਚਿਆਂ ਦੇ ਭੋਲੇ ਮਨ ਵਿੱਚ ਬੀਜੀ ਜਾ ਰਹੀ 'ਨਵ ਦਿਸਹੱਦਿਆਂ 'ਦੀ ਫ਼ਸਲ ਭਰਪੂਰ ਰੰਗ ਲਿਆਵੇਗੀ।
ਪ੍ਰੋਗਰਾਮ ਦੇ ਪ੍ਰੋਜੈਕਟ ਕੋਆਰਡੀਨੇਟਰ ਜੱਸ ਸ਼ੇਰਗਿੱਲ, ਮਨਦੀਪ ਕੌਰ ਜੱਸੀ, ਗੋਪਾਲ ਸਿੰਘ ਰਟੌਲਾ ਨੇ ਦੱਸਿਆ ਕਿ 'ਨਵੇਂ ਦਿਸਹੱਦੇ' ਪ੍ਰੋਗਰਾਮ ਦੌਰਾਨ ਪਹਿਲੇ ਪੜਾਅ ਦੌਰਾਨ ਸ਼ਬਦ ਗਾਇਨ,ਸੁੰਦਰ ਲਿਖਾਈ,ਕਵਿਤਾ ਉਚਾਰਨ,ਲੋਕ ਗੀਤ,ਸੋਲੋ ਡਾਂਸ (ਕੇਵਲ ਲੜਕੀਆਂ),ਕਵੀਸ਼ਰੀ ਅਤੇ ਦੂਜੇ ਪੜਾਅ ਦੌਰਾਨ ਭਾਸ਼ਣ, ਚਿੱਤਰਕਾਰੀ,ਕਲੇਅ ਮਾਡਲਿੰਗ, ਕੋਰੀਓਗ੍ਰਾਫੀ, ਗਿੱਧਾ, ਭੰਗੜਾ ਦੇ ਆਨਲਾਈਨ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਦੋਨਾਂ ਪੜਾਵਾਂ ਦੇ ਆਨਲਾਈਨ ਮੁਕਾਬਲਿਆਂ ਤੋਂ ਬਾਅਦ ਚੋਣਵੀਆਂ ਟੀਮਾਂ ਦੀ ਚੋਣ ਕਰਕੇ ਪੰਜਾਬ ਪੱਧਰ 'ਤੇ ਮੁਕਾਬਲੇ ਕਰਵਾਏ ਜਾਣਗੇ।
ਸਿੱਖਿਆ ਕਲਾ ਮੰਚ ਪੰਜਾਬ ਦੇ ਸ੍ਰਪ੍ਰਸਤ ਮੈਡਮ ਦੀਪ ਸੰਧੂ,ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਸਰਕਾਰੀ ਸਕੂਲਾਂ ਨੂੰ ਪ੍ਰਾਇਮਰੀ, ਅੱਪਰ ਪ੍ਰਾਇਮਰੀ ਵਰਗ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੱਪਰ ਪ੍ਰਾਇਮਰੀ ਵਰਗ 'ਚ ਵੰਡਿਆ ਗਿਆ ਹੈ, ਜੇਤੂ ਵਿਦਿਆਰਥੀਆਂ ਨੂੰ ਮੈਡਲ, ਟਰਾਫ਼ੀਆਂ,ਸਰਟੀਫਿਕੇਟ ਤੋਂ ਇਲਾਵਾ ਓਵਰ ਆਲ ਟਰਾਫ਼ੀ ਜਿੱਤਣ ਵਾਲੇ ਤਿੰਨ ਵਰਗਾਂ ਦੇ ਇੱਕ-ਇੱਕ ਸਕੂਲ ਨੂੰ 31000 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੀ ਰਜਿਸਟ੍ਰੇਸ਼ਨ ਪਹਿਲੀ ਮਈ ਤੋਂ ਸ਼ੁਰੂ ਹੋ ਰਹੀ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਮੈਡਮ ਤੇਜਿੰਦਰ ਕੌਰ,ਪ੍ਰੋ.ਅਜੀਤ, ਮੈਡਮ ਭੁਪਿੰਦਰ ਕੌਰ,ਅਧਿਆਪਕ ਆਗੂ ਅਵਤਾਰ ਸਿੰਘ ਹਰੀਕੇ,ਇੰਦਰਪਾਲ ਸਿੰਘ,ਅਜਮੀਤ ਸਿੱਧੂ ਨੇ ਕਿਹਾ ਕਿ ਨਵੇਂ ਦਿਸਹੱਦੇ ਪ੍ਰੋਗਰਾਮ ਤਹਿਤ ਵੱਖ-ਵੱਖ ਮੁਕਾਬਲੇ ਪੰਜਾਬ ਭਰ ਦੇ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਨ ਲਈ ਵਿਲੱਖਣ ਉਪਰਾਲਾ ਹੋਵੇਗਾ।