ਸਿੱਖ ਸੰਘਰਸ਼ ਦੇ ਸ਼ਹੀਦਾਂ ਦੀ ਕਿਤਾਬ ਸਿਮਰਨਜੀਤ ਸਿੰਘ ਮਾਨ ਵੱਲੋਂ ਜਾਰੀ, ਲੇਖਕ ਰਣਜੀਤ ਸਿੰਘ ਦੀ ਕੀਤੀ ਸ਼ਲਾਘਾ
ਅੰਮ੍ਰਿਤਸਰ, 8 ਜੂਨ 2024 - ਸਿੱਖ ਯੂਥ ਫੈ਼ਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਲਿਖੀ ਤਵਾਰੀਖ਼ ਸ਼ਹੀਦ ਏ ਖ਼ਾਲਿਸਤਾਨ ਭਾਗ ਪਹਿਲਾ ਕਿਤਾਬ ਮੁੜ ਪ੍ਰਕਾਸ਼ਿਤ ਹੋਈ ਹੈ ਜਿਸ ਦਾ ਦੂਜਾ ਐਡੀਸ਼ਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਰਣਜੀਤ ਐਵੀਨਿਊ ਦੇ ਸੀ ਬਲਾਕ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਪੰਥਕ ਲੇਖਕ ਰਣਜੀਤ ਸਿੰਘ ਵੱਲੋਂ ਕੀਤੇ ਇਸ ਇਤਿਹਾਸਕ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ ਸ਼ਾਬਾਸ਼ ਦਿੱਤੀ ਤੇ ਹਰੇਕ ਸਿੱਖ ਨੂੰ ਅਪੀਲ ਕੀਤੀ ਕਿ ਇਸ ਕਿਤਾਬ ਨੂੰ ਜ਼ਰੂਰ ਪੜ੍ਹੇ ਜਿਸ ਵਿੱਚ ਸ਼ਹੀਦਾਂ ਦੀ ਯਾਦ ਸਮੋਈ ਹੈ।
ਲੇਖਕ ਰਣਜੀਤ ਸਿੰਘ ਨੇ ਦੱਸਿਆ ਕਿ 528 ਪੰਨਿਆਂ ਦੀ ਇਸ ਕਿਤਾਬ ਵਿੱਚ 1984 ਤੋਂ 1995 ਤੱਕ ਸ਼ਹੀਦ ਹੋਏ ਨਾਮਵਰ ਅਤੇ ਅਣਗੌਲੇ ਸਿੰਘਾਂ ਸਿੰਘਣੀਆਂ ਦਾ ਇਤਿਹਾਸ ਹੈ ਜੋ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਤੇ ਗੁਰਧਾਮਾਂ ਦੀ ਪਵਿੱਤਰਤਾ ਲਈ ਸੀਸ ਵਾਰ ਗਏ ਸਨ। ਉਹਨਾਂ ਦੱਸਿਆ ਕਿ ਇਹ ਕਿਤਾਬ ਪਹਿਲੀ ਵਾਰ ਅਗਸਤ 2019 ਵਿੱਚ ਛਪੀ ਸੀ ਜੋ ਹੱਥੋਂ ਹੱਥ ਵਿਕ ਗਈ ਤੇ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਪਿਛਲੇ ਸਾਲਾਂ ਤੋਂ ਇਸ ਕਿਤਾਬ ਦੀ ਪਾਠਕਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ, ਤੇ ਹੁਣ ਕਿਤਾਬ ਵਿੱਚ ਹੋਰ ਵਾਧਾ ਕਰਦਿਆਂ ਪ੍ਰਕਾਸ਼ਕ ਖ਼ਾਲਸਾ ਫ਼ਤਹਿਨਾਮਾ ਵੱਲੋਂ ਸਿੱਖ ਯੂਥ ਆਫ ਅਮਰੀਕਾ ਦੇ ਸਹਿਯੋਗ ਨਾਲ ਛਾਪੀ ਗਈ ਹੈ।
ਇਸ ਕਿਤਾਬ ਨੂੰ ਪੜ੍ਹ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਪੰਥ ਤੇ ਪੰਜਾਬ ਦੇ ਹੱਕਾਂ ਲਈ ਲਾਏ ਧਰਮ ਯੁੱਧ ਮੋਰਚੇ, ਜੂਨ 1984 ਦੇ ਘੱਲੂਘਾਰੇ ਅਤੇ ਸ਼ਹੀਦਾਂ ਦੇ ਮਾਣਮੱਤੇ ਇਤਿਹਾਸ ਤੇ ਸਿੱਖ ਕੌਮ ਉੱਤੇ ਹੋਏ ਜ਼ੁਲਮਾਂ ਤੋਂ ਸੰਗਤਾਂ ਜਾਣੂੰ ਹੋਣਗੀਆਂ। ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਸੁਪਤਨੀ ਬੀਬਾ ਕਮਲਜੀਤ ਕੌਰ ਨਿਹੰਗ, ਭੁਝੰਗੀ ਗੁਰਬਾਜ਼ ਸਿੰਘ ਅਤੇ ਗੁਰਪੰਥ ਪ੍ਰਥਮ ਸਿੰਘ, ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਈਮਾਨ ਸਿੰਘ ਮਾਨ, ਜਨਰਲ ਸਕੱਤਰ ਉਪਕਾਰ ਸਿੰਘ ਸੰਧੂ, ਹਰਪਾਲ ਸਿੰਘ ਬਲੇਰ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਬਾਬਾ ਲਹਿਣਾ ਸਿੰਘ ਦਮਦਮੀ ਟਕਸਾਲ, ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਮੀਤ ਪ੍ਰਧਾਨ ਭੁਪਿੰਦਰ ਸਿੰਘ ਛੇ ਜੂਨ, ਅੰਗਦ ਸਿੰਘ ਕਸ਼ਮੀਰ, ਅੰਮ੍ਰਿਤਪਾਲ ਸਿੰਘ ਛੰਦੜਾ, ਜਤਿੰਦਰ ਸਿੰਘ ਥਿੰਦ, ਚਾਨਣ ਸਿੰਘ ਘਰਿਆਲਾ ਤੇ ਹੋਰ ਆਗੂ ਹਾਜ਼ਰ ਸਨ।