ਇਟਲੀ : ਸਿੱਖ ਫ਼ੌਜੀ ਕਿਤਾਬ ਦੇ ਅੰਗਰੇਜ਼ੀ ਐਡੀਸ਼ਨ 'ਤੇ ਖੁੱਲ੍ਹੀ ਵਿਚਾਰ ਚਰਚਾ
ਸਿੱਕੀ ਝੱਜੀ ਪਿੰਡ ਵਾਲਾ
ਇਟਲੀ, 6 ਅਕਤੂਬਰ, 2020 : ਲੇਖਕ ਬਲਵਿੰਦਰ ਸਿੰਘ ਚਾਹਲ ਦੀ ਕਿਤਾਬ ਇਟਲੀ ਵਿੱਚ ਸਿੱਖ ਫ਼ੌਜੀ (ਦੂਜਾ ਵਿਸ਼ਵ ਯੁੱਧ) ਦੇ ਅੰਗਰੇਜ਼ੀ ਐਡੀਸ਼ਨ ਉੱਪਰ ਆਨਲਾਈਨ ਚਰਚਾ ਕੀਤੀ ਗਈ। ਜਿਸ ਵਿੱਚ ਇਸ ਕਿਤਾਬ ਬਾਰੇ ਗੱਲਬਾਤ ਕਰਨ ਲਈ ਯੂਰਪੀ ਪੰਜਾਬੀ ਸੱਥ ਯੂ ਕੇ, ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਲੁਧਿਆਣਾ, ਪੰਜਾਬ ਭਵਨ ਸਰੀ ਕੈਨੇਡਾ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਨੇ ਸਾਂਝੇ ਤੌਰ 'ਤੇ ਭਾਗ ਲਿਆ। ਜ਼ਿਕਰਯੋਗ ਹੈ ਕਿ ਇਸ ਕਿਤਾਬ ਨੂੰ ਅਨੁਵਾਦ ਕਰਨ ਦੀ ਜ਼ਿੰਮੇਵਾਰੀ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਲੁਧਿਆਣਾ ਵੱਲੋਂ ਨਿਭਾਈ ਗਈ ਅਤੇ ਯੂਰਪੀ ਪੰਜਾਬੀ ਸੱਥ ਯੱਕੇ ਵੱਲੋਂ ਇਸ ਕਿਤਾਬ ਨੂੰ ਛਾਪਿਆ ਗਿਆ ਹੈ। ਇਸ ਸਮਾਗਮ ਨੂੰ ਸ਼ੁਰੂ ਕਰਦਿਆਂ ਸੰਚਾਲਕ ਦਲਜਿੰਦਰ ਰਹਿਲ ਨੇ ਸਭ ਤੋਂ ਪਹਿਲਾ ਸੱਦਾ ਮੋਤਾ ਸਿੰਘ ਸਰਾਏ ਨੂੰ ਦਿੰਦਿਆਂ ਇਸ ਕਿਤਾਬ ਦੇ ਸਫ਼ਰ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਇਸ ਆਨਲਾਈਨ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਮੋਤਾ ਸਿੰਘ ਸਰਾਏ ਨੇ ਵਿੱਚ ਯੂਰਪੀ ਪੰਜਾਬੀ ਸੱਥ ਵੱਲੋਂ ਬੋਲਦਿਆਂ ਕਿਹਾ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਸਾਡੇ ਕੋਲ ਇੱਕ ਅਜਿਹੀ ਕਿਤਾਬ ਆਈ ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਮੀਲ ਪੱਥਰ ਦੇ ਤੌਰ ਤੇ ਜਾਣਿਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਮੈਨੂੰ ਦਿਲੀ ਪ੍ਰਸੰਨਤਾ ਹੈ ਕਿ ਇਸ ਕਿਤਾਬ ਨੂੰ ਯੂਰਪੀ ਪੰਜਾਬ ਸੱਥ ਯੂ ਕੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਤੋਂ ਬਾਅਦ ਪ੍ਰੋ ਮਨਜੀਤ ਸਿੰਘ ਛਾਬੜਾ ਨੇ ਬੋਲਦੇ ਹੋਏ ਕਿਹਾ ਕਿ ਇਸ ਕਿਤਾਬ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਸਾਡਾ ਇਤਿਹਾਸ ਸਿਰਜਣ ਵਾਲੇ ਲੋਕਾਂ ਭਾਵ ਸਿੱਖਾਂ ਨੂੰ ਅਣਗੌਲਿਆ ਗਿਆ ਹੈ।
ਇਸ ਕਰਕੇ ਅਜਿਹੀਆਂ ਹੋਰ ਵੀ ਕਿਤਾਬਾਂ ਲਿਖੀਆਂ ਜਾਣੀਆਂ ਚਾਹੀਦੀਆਂ ਹਨ। ਡਾ ਮਨੀਸ਼ ਕੁਮਾਰ ਦਿੱਲੀ ਨੇ ਕਿਹਾ ਕਿ ਇਹ ਕਿਤਾਬ ਬੀਤੇ ਕੱਲ੍ਹ ਤੇ ਵਰਤਮਾਨ ਨੂੰ ਕਈ ਪੱਖਾਂ ਤੋਂ ਰੂਪਮਾਨ ਕਰਦੀ ਹੈ। ਅੰਗਰੇਜ਼ਾਂ ਨੇ ਕਿਸ ਤਰ੍ਹਾਂ ਸਿੱਖਾਂ ਨੂੰ ਸਹੀ ਅਗਵਾਈ ਦੇ ਕੇ ਦੁਨੀਆ ਭਰ ਦੇ ਵੱਡੇ ਤੇ ਕਠਿਨ ਮੋਰਚਿਆਂ ਨੂੰ ਫ਼ਤਿਹ ਕੀਤਾ, ਅਜਿਹੇ ਬਹੁਤ ਸਾਰੇ ਪੱਖਾਂ ਨੂੰ ਇਸ ਕਿਤਾਬ ਵਿੱਚ ਦੇਖਿਆ ਜਾ ਸਕਦਾ ਹੈ। ਇਸ ਕਿਤਾਬ ਦੀ ਅਨੁਵਾਦਕ ਡਾ ਸੁਸ਼ਮਿੰਦਰਜੀਤ ਕੌਰ ਨੇ ਅਨੁਵਾਦ ਦੌਰਾਨ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਇਸ ਕਿਤਾਬ ਦਾ ਅਨੁਵਾਦ ਕਰਕੇ ਦਿਲੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰੋ ਗੁਰਭਜਨ ਗਿੱਲ ਨੇ ਇਸ ਕਿਤਾਬ ਵਿਚਲੇ ਪਾਤਰਾਂ ਅਤੇ ਆਪਣੇ ਚਾਚਾ ਜੀ ਬਾਰੇ ਗੱਲ ਕਰਦਿਆਂ ਕਿਹਾ ਪੰਜਾਬੀ ਸੂਰਮਿਆਂ ਨੇ ਅੰਗਰੇਜ਼ਾਂ ਅਧੀਨ ਰਹਿ ਕੇ ਵੀ ਆਪਣਾ ਇਖ਼ਲਾਕ, ਵਿਰਾਸਤ ਤੇ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਿਆ ਅਤੇ ਨਾਜ਼ੀਵਾਦ ਦਾ ਮੁਕਾਬਲਾ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ। ਪ੍ਰੋ ਜਸਪਾਲ ਸਿੰਘ ਨੇ ਕਿਹਾ ਕਿ "ਇਟਲੀ ਵਿੱਚ ਸਿੱਖ ਫ਼ੌਜੀ" ਕਿਤਾਬ ਆਉਣ ਵਾਲੇ ਸਮੇਂ ਵਿੱਚ ਇੱਕ ਇਤਿਹਾਸਕ ਦਸਤਾਵੇਜ਼ ਦੇ ਰੂਪ ਵਿੱਚ ਜਾਣੀ ਜਾਣ ਵਾਲੀ ਕਿਤਾਬ ਹੈ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸੁੱਖੀ ਬਾਠ ਨੇ ਇਸ ਸਮੇਂ ਕਿਹਾ ਕਿ ਪੰਜਾਬ ਭਵਨ ਕੈਨੇਡਾ ਵੱਲੋਂ ਇਸ ਕਿਤਾਬ ਦਾ ਅਗਲਾ ਐਡੀਸ਼ਨ ਇਟਾਲੀਅਨ ਭਾਸ਼ਾ ਵਿੱਚ ਛਾਪਣ ਲਈ ਹਰ ਤਰ੍ਹਾਂ ਯੋਗਦਾਨ ਦਿੱਤਾ ਜਾਵੇਗਾ। ਪ੍ਰਸਿੱਧ ਲੇਖਕ ਤੇ ਪ੍ਰਕਾਸ਼ਕ ਐੱਸ ਬਲਵੰਤ ਨੇ ਬੋਲਦੇ ਹੋਏ ਕਿਹਾ ਕਿ ਬਲਵਿੰਦਰ ਦੀ ਇਹ ਲਿਖਤ ਪਾਠਕ ਲਈ ਹਰ ਪੱਖ ਤੋਂ ਰੋਚਿਕਤਾ ਤੇ ਜਾਣਕਾਰੀ ਪ੍ਰਦਾਨ ਕਰਨ ਵਾਲੀ ਕਿਤਾਬ ਹੈ। ਡਾ ਆਸਾ ਸਿੰਘ ਘੁੰਮਣ ਨੇ ਵੀ ਕਿਤਾਬ ਪ੍ਰਤੀ ਉਤਸੁਕਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਕਿਤਾਬ ਸਾਨੂੰ ਸਭ ਨੂੰ ਪੜ੍ਹਨੀ ਚਾਹੀਦੀ ਹੈ। ਇਸ ਸਮਾਗਮ ਦੇ ਸਰਪ੍ਰਸਤ ਡਾ ਐਸ ਪੀ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਇਸ ਕਿਤਾਬ ਨੇ ਆਪਣਾ ਸਫ਼ਰ ਸ਼ੁਰੂ ਕਰ ਲਿਆ ਹੈ ਅਤੇ ਇਹ ਸਮੇਂ ਸਮੇਂ ਵਿਦਵਾਨਾਂ, ਆਲੋਚਕਾਂ, ਵਿਦਿਆਰਥੀਆਂ, ਪਾਠਕਾਂ ਤੇ ਆਮ ਲੋਕਾਂ ਦਾ ਧਿਆਨ ਖਿੱਚਦੀ ਰਹੇਗੀ। ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲਿਆਂਵਾਲੀ ਨੇ ਸਵਾਗਤੀ ਭਾਸ਼ਣ ਵਿੱਚ ਸਭ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਕਿਤਾਬ ਦੇ ਲੇਖਕ ਬਲਵਿੰਦਰ ਸਿੰਘ ਚਾਹਲ ਨੇ ਜਿੱਥੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਨੇ ਇਸ ਕਿਤਾਬ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕਰਨ, ਛਾਪਣ ਤੇ ਪਬਲਿਸ਼ ਕਰਨ ਲਈ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ, ਯੂਰਪੀ ਪੰਜਾਬੀ ਸੱਥ ਯੂ ਕੇ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਤੋਂ ਇਲਾਵਾ ਕੁਲਵਿੰਦਰ ਵਿਰਕ ਕੋਟਕਪੂਰਾ, ਸਿੱਕੀ ਝੱਜੀ ਪਿੰਡ ਵਾਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਵਿੱਚ ਪ੍ਰਸਿੱਧ ਲੇਖਕ ਤੇ ਚਿੰਤਕ ਡਾ ਦਵਿੰਦਰ ਸੈਫੀ, ਡਾ ਮੁਹੰਮਦ ਇੰਦਰੀਸ਼ ਪਟਿਆਲਾ, ਕੁਲਵੰਤ ਕੌਰ ਢਿੱਲੋਂ, ਡਾ ਤਜਿੰਦਰ ਕੌਰ ਲੁਧਿਆਣਾ ਤੇ ਹੋਰ ਅਨੇਕਾਂ ਬੁੱਧੀਜੀਵੀ ਵੀ ਜੁੜੇ ਰਹੇ। ਦਲਜਿੰਦਰ ਰਹਿਲ ਦਾ ਸਾਰੇ ਸਮਾਗਮ ਵਿੱਚ ਸੰਚਾਲਨ ਬਾਕਮਾਲ ਸੀ। ਜਿਸ ਦੌਰਾਨ ਉਹ ਕਿਤਾਬ ਦੇ ਬਾਰੇ ਅਤੇ ਬੁਲਾਰਿਆਂ ਬਾਰੇ ਬਹੁਤ ਢੁਕਵੇਂ ਸ਼ਬਦਾਂ ਵਿੱਚ ਜਾਣ ਪਹਿਚਾਣ ਕਰਵਾਉਂਦੇ ਆ ਰਹੇ ਸਨ। ਅੰਤ ਵਿੱਚ ਕਹਿ ਸਕਦੇ ਹਾਂ ਕਿ ਇਟਲੀ ਵਿੱਚ ਸਿੱਖ ਫ਼ੌਜੀ ਕਿਤਾਬ ਉੱਪਰ ਕੀਤੀ ਗਈ ਵਿਚਾਰ ਚਰਚਾ ਬਹੁਤ ਸਾਰਥਿਕ ਰਹੀ ਅਤੇ ਕਿਤਾਬ ਪ੍ਰਤੀ ਪਾਠਕਾਂ ਨੂੰ ਬਹੁਤ ਕੁਝ ਦੱਸਣ ਵਿੱਚ ਇਹ ਬੈਠਕ ਕਾਮਯਾਬ ਰਹੀ।