ਲੁਧਿਆਣਾ:12 ਮਾਰਚ 2019 - ਸਰੀ (ਕੈਨੇਡਾ) ਵੱਸਦੇ ਪੰਜਾਬੀ ਨਾਵਲਕਾਰ ਸ: ਜਰਨੈਲ ਸਿੰਘ ਸੇਖਾ ਅਭਿਨੰਦਨ ਗਰੰਥ ਅੱਜ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਖੇ ਡਾ: ਐੱਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ , ਪੰਜਾਬੀ ਨਾਵਲ ਅਕਾਡਮੀ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ: ਸਰਬਜੀਤ ਸਿੰਘ ਵੱਲੋਂ ਲੋਕ ਅਰਪਨ ਕੀਤਾ ਗਿਆ।
ਪੰਜਾਬੀ ਨਾਵਲ ਅਕੈਡਮੀ ਨੇ ਇਹ ਅਭਿਨੰਦਨ ਗਰੰਥ ਚੇਤਨਾ ਪ੍ਰਕਾਸ਼ਨ ਪਾਸੋਂ ਤਿਆਰ ਕਰਵਾਇਐ।
ਇਸ ਮੌਕੇ ਪ੍ਰਧਾਨਗੀ ਭਸ਼ਨ ਦਿੰਦਿਆਂ ਡਾ ਐੱਸ ਪੀ ਸਿੰਘ ਨੇ ਕਿਹਾ ਕਿ ਸੇਖਾ ਦੀ ਨਾਵਲ ਦੁਨੀਆ ਕੈਸੀ ਹੋਈ ਦੀ ਸਿਰਜਣਾ ਨੇ ਪਰਵਾਸੀ ਸਾਹਿੱਤ ਦੀ ਖੜੋਤ ਨੂੰ ਤੋੜਿਆ। ਉਸ ਨੇ ਭਗੌੜਾ, ਬੇਗਾਨੇ ਤੇ ਵਿਗੋਚਾ ਰਾਹੀਂ ਪਰਵਾਸੀ ਸਾਹਿੱਤ ਜਗਤ ਨੂੰ ਨਵੇਂ ਦਿਸਹੱਦਿਆਂ ਤੀਕ ਪਸਾਰਿਆ। ਇਸ ਮੌਕੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਤੇ ਪੰਜਾਬੀ ਨਾਵਲ ਅਕੈਡਮੀ ਵੱਲੋਂ ਜਰਨੈਲ ਸਿੰਘ ਸੇਖਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਪੱਕੇ ਸੰਧੂਰੀ ਅੰਬ ਵਾਂਗ ਮਹਿਕਦਾ ਇਨਸਾਨ ਸੇਖਾ ਆਪਣੀ ਸਾਹਿੱਤ ਸਿਰਦਣਾ ਵਿੱਚ ਵੀ ਸੁਹਜਵੰਤਾ ਸਲੀਕੇ ਵਾਲਾ ਸਿਦਕੀ ਸਿਜਕ ਹੈ।
ਕਰਮਜੀਤ ਸਿੰਘ ਔਜਲਾ ਨੇ ਇਸ ਅਭਿਨੰਦਨ ਗਰੰਥ ਦੀ ਸੰਪਾਦਨਾ ਤੇ ਸੰਕਲਪ ਲਈ ਮਿੱਤਰ ਸੈਨ ਮੀਤ ਤੇ ਹਰਬੀਰ ਸਿੰਘ ਭੰਵਰ ਨੂੰ ਸਲਾਹਿਆ। ਉਨ੍ਹਾਂ ਜਰਨੈਲ ਸਿੰਘ ਸੇਖਾ ਦੇ ਰਚਨਾ ਸੰਸਾਰ ਨੂੰ ਵੀ ਵਡਿਆਇਆ।
ਪੰਜਾਬੀ ਵਿਭਾਗ ਦੇ ਅਧਿਆਪਕ ਡਾ: ਮੁਨੀਸ਼ ਕੁਮਾਰ ਨੇ ਅਭਿਨੰਦਨ ਗਰੰਥ ਦੀ ਸੰਪਾਦਨਾ ਤੇ ਸੇਖਾ ਦੀ ਸਿਰਜਣਾ ਬਾਰੇ ਖੋਜ ਪੱਤਰ ਪੜ੍ਹਿਆ। ਮੰਚ ਸੰਚਾਲਨ ਡਾ: ਤੇਜਿੰਦਰ ਕੌਰ ਨੇ ਕੀਤਾ।
ਇਸ ਮੌਕੇ ਸੁਖਵਿੰਦਰ ਸਿੰਘ (ਬਿੱਲਾ )ਸੰਧੂ ਮਾਲੜੀ ਸੀ ਈ ਓ ਸਾਂਝਾ ਟੀ ਵੀ ਸਰੀ ਕੈਨੇਡਾ,ਪਰਵਾਸੀ ਲੇਖਕ ਪਾਲ ਢਿੱਲੋਂ, ਹਰੀ ਸਿੰਘ ਤਾਤਲਾ, ਗੁਰਬਚਨ ਸਿੰਘ ਚਿੰਤਕ (ਕੈਨੇਡਾ) ਤੇ ਰਵਿੰਦਰ ਸਹਿਰਾਅ ਤੋਂ ਇਲਾਵਾ ਤਰਲੋਕਬੀਰ (ਅਮਰੀਕਾ ) ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਾਲਿਜ ਦੇ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਨੇ ਕਾਲਿਜ ਵੱਲੋਂ ਆਏ ਮਹਿਮਾਨ ਲੇਖਕਾਂ ਤੇ ਸਰੋਤਿਆਂ ਲਈ ਸੁਆਗਤੀ ਸ਼ਬਦ ਕਹੇ ਕੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀਆਂ ਮਾਣਯੋਗ ਪ੍ਰਾਪਤੀਆਂ ਦਾ ਲੇਖਾ ਜੋਖਾ ਦੱਸਿਆ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਂਠਲ,ਮੋਹਨ ਗਿੱਲ, ਨਵਨੀਤ ਸਿੰਘ ਸੇਖਾ,ਤਰਲੋਚਨ ਸਿੰਘ ਗਰੇਵਾਲ ਹਾਲੈਂਡ, ਕੇਸਰ ਸਿੰਘ ਕੂਨਰ ਸਰੀ, ਸੁਰਜੀਤ ਸਿੰਘ ਕਾਉਂਕੇ ਅਮਰੀਕਾ,ਪ੍ਰਿੰ: ਨਛੱਤਰ ਸਿੰਘ ਮੋਗਾ, ਪ੍ਰਿੰਸੀਪਲ ਡਾ: ਕ੍ਰਿਸ਼ਨ ਸਿੰਘ ਲੁਧਿਆਣਾ,ਨਾਵਲਕਾਰ ਬਲਦੇਵ ਸਿੰਘ ਮੋਗਾ, ਕੇ ਐੱਲ ਗਰਗ, ਦੇਵਿੰਦਰ ਸੇਖਾ, ਹਰਬੀਰ ਸਿੰਘ ਭੰਵਰ,ਡਾ: ਗੁਰਇਕਬਾਲ ਸਿੰਘ, ਸਤੀਸ਼ ਗੁਲਾਟੀ, ਅਜੀਤ ਸਿੰਘ ਅਰੋੜਾ,ਹਰਬੰਸ ਸਿੰਘ ਘੇਈ, ਡਾ: ਭੁਪਿੰਦਰ ਸਿੰਘ, ਡਾ: ਸ਼ਰਨਜੀਤ ਕੌਰ, ਡਾ: ਗੁਰਪ੍ਰੀਤ ਸਿੰਘ ਤੇ ਕਈ ਹੋਰ ਸਿਰਕੱਢ ਲੇਖਕ ਇਸ ਸ਼ਾਨਦਾਰ ਸਮਾਗਮ ਵਿੱਚ ਹਾਜ਼ਰ ਸਨ।