ਸਕੇਪ ਸਾਹਿੱਤਕ ਸੰਸਥਾ ਵਲੋਂ ਚਾਰ ਪੁਸਤਕਾਂ ਲੋਕ ਅਰਪਨ
-ਸੁੱਖੀ ਬਾਠ ਕੈਨੇਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਫਗਵਾੜਾ, 26 ਫਰਵਰੀ 2024 : ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵੱਲੋਂ ਬਲੱਡ ਬੈਂਕ ਹਰਗੋਬਿੰਦ ਨਗਰ ਵਿਖੇ ਕਰਵਾਏ ਸਾਹਿੱਤਕ ਸਮਾਗਮ 'ਚ ਚਾਰ ਪੁਸਤਕਾਂ ਲੋਕ ਅਰਪਨ ਕੀਤੀਆਂ ਗਈਆਂ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਉੱਘੀਆਂ ਸਖ਼ਸ਼ੀਅਤਾਂ ਸਕੇਪ ਸਾਹਿਤਕ ਸੰਸਥਾ ਦੇ ਪ੍ਰਧਾਨ ਸ. ਪਰਵਿੰਦਰ ਜੀਤ ਸਿੰਘ ,ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ,ਮੁੱਖ ਮਹਿਮਾਨ ਸ੍ਰੀ ਸੁੱਖੀ ਬਾਠ ਜੀ ਮੁੱਖ ਸੰਚਾਲਕ ਪੰਜਾਬ ਭਵਨ ਸਰੀ, ਪ੍ਰਸਿੱਧ ਕਵੀ ਰਵਿੰਦਰ ਸਹਿਰਾਅ ਸ਼ਾਮਲ ਹੋਏ। ਸਮਾਗਮ ਦਾ ਆਗਾਜ਼ ਮਾ. ਸੁਖਦੇਵ ਸਿੰਘ ਗੰਢਵਾਂ ਨੇ "ਧਰਤੀ ਪੰਜਾਬ ਦੀਏ" ਗਾ ਕੇ ਕੀਤਾ। ਇਸ ਤੋਂ ਇਲਾਵਾ ਪ੍ਰਸਿੱਧ ਸ਼ਾਇਰਾਂ ਸੁਖਦੇਵ ਸਿੰਘ ਭੱਟੀ, ਸ਼ਾਮ ਸਰਗੂੰਦੀ , ਲਾਲੀ ਕਰਤਾਰਪੁਰੀ, ਸੋਹਣ ਸਹਿਜਲ ,ਸੁਰਜੀਤ ਸਿੰਘ ਬਲਾੜ੍ਹੀ ਕਲਾਂ, ਰਵਿੰਦਰ ਸਿੰਘ ਰਾਏ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ਼ ਸਾਂਝੀਆਂ ਕਰ ਕੇ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਤੇ ਚਾਰ ਪੁਸਤਕਾਂ ਸ਼ਬਦ ਸਿਰਜਣਹਾਰੇ- 4 (ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸ਼ਾਇਰਾਂ ਦਾ ਸਾਂਝਾ ਕਾਵਿ-ਸੰਗ੍ਰਹਿ ) , ਸੁਰਖ਼ ਰਾਹਾਂ ਦੇ ਹਮਸਫ਼ਰ ( ਰਵਿੰਦਰ ਸਹਿਰਾਅ), ਮੁਹੱਬਤ... ਸੱਚੀ ਮੁੱਚੀ! (ਕਹਾਣੀ-ਸੰਗ੍ਰਹਿ ਨਿਆਣਾ ਹਰਜਿੰਦਰ ), ਸੋਚ ਦੇ ਅੱਖਰ (ਗ਼ਜ਼ਲ-ਸੰਗ੍ਰਹਿ ਕਾਸ਼ਿਫ਼ ਤਨਵੀਰ ਕਾਸ਼ਿਫ਼) ਮੁੱਖ ਸੰਚਾਲਕ ਸਰੀ ਸ੍ਰੀ ਸੁੱਖੀ ਬਾਠ ਵੱਲੋਂ ਲੋਕ-ਅਰਪਣ ਕੀਤੀਆਂ ਗਈਆਂ। ਪੁਸਤਕਾਂ ਰਿਲੀਜ਼ ਕਰਨ ਉਪਰੰਤ ਪ੍ਰਸਿੱਧ ਸਮਾਜ ਸੁਧਾਰਕ ਐਡਵੋਕੇਟ ਐੱਸ. ਐੱਲ. ਵਿਰਦੀ ਨੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸ਼ਾਇਰਾਂ ਦੇ ਸਾਂਝੇ ਕਾਵਿ-ਸੰਗ੍ਰਹਿ "ਸ਼ਬਦ ਸਿਰਜਣਹਾਰੇ- 4" ,ਉੱਘੇ ਕਹਾਣੀਕਾਰ ਸ੍ਰੀ ਰਵਿੰਦਰ ਚੋਟ ਜੀ ਨੇ ਰਵਿੰਦਰ ਸਹਿਰਾਅ ਜੀ ਦੀ ਪੁਸਤਕ "ਸੁਰਖ ਰਾਹਾਂ ਦੇ ਹਮਸਫ਼ਰ", ਸਾਹਿਤਕ ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਨਿਆਣਾ ਹਰਜਿੰਦਰ ਦੇ ਕਹਾਣੀ ਸੰਗ੍ਰਹਿ "ਮੁਹੱਬਤ... ਸੱਚੀ-ਮੁੱਚੀ!"ਅਤੇ ਕਮਲੇਸ਼ ਸੰਧੂ ਨੇ ਲਹਿੰਦੇ ਪੰਜਾਬ ਦੇ ਸ਼ਾਇਰ ਕਾਸ਼ਿਫ਼ ਤਨਵੀਰ ਕਾਸ਼ਿਫ਼ ਦੇ ਗਜ਼ਲ-ਸੰਗ੍ਰਹਿ "ਸੋਚ ਦੇ ਅੱਖਰ" ਦੀ ਸਰੋਤਿਆਂ ਨਾਲ਼ ਸੰਖੇਪ ਜਾਣ - ਪਹਿਚਾਣ ਕਰਵਾਈ। ਰਵਿੰਦਰ ਸਹਿਰਾਅ ਅਤੇ ਨਿਆਣਾ ਹਰਜਿੰਦਰ ਨੇ ਆਪਣੇ ਜਜ਼ਬਾਤ ਸਰੋਤਿਆਂ ਨਾਲ ਸਾਂਝੇ ਕਰਦਿਆਂ ਆਪਣੀਆਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ ਅਤੇ ਸੰਸਥਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਹਮੇਸ਼ਾ ਸਾਹਿਤਕ ਸੇਵਾ ਲਈ ਹਾਜ਼ਰ ਰਹਿਣਗੇ। ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਜੀ ਨੇ ਰਵਿੰਦਰ ਸਹਿਰਾਅ ਅਤੇ ਸੁੱਖੀ ਬਾਠ ਨੂੰ ਪੁਸਤਕਾਂ ਭੇਂਟ ਕਰ ਕੇ ਸਨਮਾਨਿਤ ਕੀਤਾ।ਅੰਤ ਵਿੱਚ ਸ੍ਰੀ ਸੁੱਖੀ ਬਾਠ ਸਮਾਗਮ ਵਿੱਚ ਹਾਜ਼ਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਅਤੇ ਪੰਜਾਬੀ ਦੇ ਵਿਕਾਸ ਲਈ,ਨਵੀਂ ਪੀੜ੍ਹੀ ਖ਼ਾਸ ਤੌਰ ਉੱਤੇ ਬੱਚਿਆਂ ਨੂੰ ਸਾਹਿਤ ਪੜ੍ਹਨ ਲਈ ਪ੍ਰੇਰਿਤ ਕਰਨ ਅਤੇ ਸਾਹਿਤ ਸਿਰਜਣਾ ਲਈ ਉਤਸ਼ਾਹਿਤ ਕਰਨ ਲਈ ਪੰਜਾਬ ਭਵਨ ਸਰੀ ਵੱਲੋਂ ਕੀਤੇ ਜਾ ਰਹੇ ਜਤਨਾਂ ਤੋਂ ਜਾਣੂ ਕਰਵਾਇਆ। ਉਹਨਾਂ ਨੇ ਬੱਚਿਆਂ ਨੂੰ ਸਾਹਿਤ ਸਿਰਜਣ ਲਈ ਪ੍ਰੇਰਿਤ ਕਰਨ ਲਈ ਇਹ ਐਲਾਨ ਵੀ ਕੀਤਾ ਕਿ ਪੰਜਾਬ ਭਵਨ ਸਰੀ ਵੱਲੋਂ ਉਹਨਾਂ 10 ਵਿਦਿਆਰਥੀਆਂ ਦੀ ਸਾਰੇ ਸਾਲ ਦੀ ਪੜ੍ਹਾਈ ਦਾ ਖ਼ਰਚ ਕੀਤਾ ਜਾਵੇਗਾ ਜਿਹੜੇ ਸਕੇਪ ਸਾਹਿਤਕ ਸੰਸਥਾ ਦੇ ਮਹੀਨਾਵਾਰ ਕਵੀ ਦਰਬਾਰ ਵਿੱਚ ਨਿਰੰਤਰ ਆਪਣੀਆਂ ਰਚਨਾਵਾਂ ਸਾਂਝੀਆਂ ਕਰਨਗੇ।ਸਮਾਗਮ ਵਿੱਚ ਪ੍ਰਸਿੱਧ ਕਵੀ,ਸ਼ਾਇਰ ,ਸਾਹਿਤਕਾਰ ਹਾਜ਼ਰ ਸਨ।
ਇਸ ਮੌਕੇ ਸੁਖਦੇਵ ਸਿੰਘ ਸੁੱਖ, ਕੁਲਬੀਰ ਸਿੰਘ ਹਸਰਤ,ਸੋਢੀ ਸੱਤੋਵਾਲੀ,ਸੁਰਜੀਤ ਸਿੰਘ ਬੁਲਾੜ੍ਹੀ ਕਲਾਂ,ਸਿਮਰਤ ਕੌਰ,ਜਰਨੈਲ ਸਿੰਘ ਸਾਖੀ, ਅਸ਼ੀਸ਼ ,ਮੋਨਿਕਾ ਬੇਦੀ,ਉਰਮਲਜੀਤ ਸਿੰਘ ਵਾਲੀਆ,ਨਗੀਨਾ ਸਿੰਘ ਬਲੱਗਣ,ਅਸ਼ੋਕ ਮਹਿਰਾ,ਮਨਮੀਤ ਮੇਵੀ,ਅਸ਼ੋਕ ਸ਼ਰਮਾ ,ਸ਼ਾਮ ਸਰਗੂੰਦੀ,ਮਨੋਜ ਫਗਵਾੜਵੀ,ਉਰਮਲਜੀਤ ਸਿੰਘ ਵਾਲੀਆ, ਸੁਬੇਗ ਸਿੰਘ ਹੰਜਰਾਅ,ਦਲਜੀਤ ਮਹਿਮੀ,ਰਵਿੰਦਰ ਚੋਟ,ਨਿਰਵੈਰ ਸਿੰਘ ,ਵਿਕਾਸ,ਦਲਜੀਤ ਕੌਰ,ਨਵਕਿਰਨ, ਪ੍ਰੀਤ ਹੀਰ, ਦਵਿੰਦਰ ਸਿੰਘ ਜੱਸਲ , ਲਾਲੀ ਕਰਤਾਰਪੁਰੀ,ਮਨੋਜ ਫਗਵਾੜਵੀ,ਦਰਸ਼ਨ ਸਿੰਘ ਨੰਦਰਾ, ਸਰਬਜੀਤ ਸਿੰਘ ਚਾਨਾ , ਗਗਨਿੰਦਰ ਸਿੰਘ, ਅਸ਼ੋਕ ਸ਼ਰਮਾ, ਤਰਸੇਮ ਸਿੰਘ,ਗੁਰਮੀਤ ਸਿੰਘ,ਸੁਰਿੰਦਰ ਕੁਮਾਰ,ਨਿਰਮਲ ਕੌਰ, ਨੀਰੂ,ਜਸਵਿੰਦਰ ਕੌਰ ਫਗਵਾੜਾ, ਜਸਵਿੰਦਰ ਸਿੰਘ, ਨਰਿੰਦਰ ਕੌਰ, ਮਨਦੀਪ ਸਿੰਘ, ਬਲਦੀਪ ਸਿੰਘ,ਗੁਰਨਾਮ ਬਾਵਾ ਆਦਿ ਨੇ ਸ਼ਿਰਕਤ ਕੀਤੀ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕਮਲੇਸ਼ ਸੰਧੂ ਨੇ ਨਿਭਾਈ। ਸੰਸਥਾ ਦੇ ਪ੍ਰਧਾਨ ਸ. ਪਰਵਿੰਦਰ ਜੀਤ ਸਿੰਘ ਨੇ ਆਏ ਹੋਏ ਸਭ ਸਰੋਤਿਆਂ ਦਾ ਤਹਿ - ਦਿਲੋਂ ਧੰਨਵਾਦ ਕੀਤਾ।ਇਸ ਤਰ੍ਹਾਂ ਸਕੇਪ ਸਾਹਿਤਕ ਸੰਸਥਾ ਦਾ ਇਹ ਪੁਸਤਕ ਲੋਕ ਅਰਪਣ ਸਮਾਰੋਹ ਯਾਦਗਾਰੀ ਹੋ ਨਿਬੜਿਆ।