ਲੁਧਿਆਣਾ, 3 ਮਾਰਚ, 2017 : (ਸ਼ੇਖ ਦੌਲਤ) ਯਾਦਗਾਰੀ ਟਰੱਸਟ ਦੀ ਅੱਜ ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਪ੍ਰੋ: ਰਵਿੰਦਰ ਭੱਠਲ ਦੀ ਪ੍ਰਧਾਨਗੀ ਹੇਠ ਫੈਸਲਾ ਕੀਤਾ ਗਿਆ ਕਿ ਇਸ ਸਾਲ ਦਾ ਰੁਪਿੰਦਰ ਮਾਨ ਯਾਦਗਾਰੀ ਪੁਰਸਕਾਰ ਉੱਘੇ ਪੰਜਾਬੀ ਅਤੇ ਹਿੰਦੀ ਲੇਖਕ ਸ਼੍ਰੀ ਜੰਗ ਬਹਾਦਰ ਗੋਇਲ, ਸੇਵਾ ਮੁਕਤ ਆਈ ਏ ਐਸ ਨੂੰ 18 ਮਾਰਚ ਸਵੇਰੇ 11 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਪ੍ਰਦਾਨ ਕੀਤਾ ਜਾਵੇਗਾ। ਸ਼੍ਰੀ ਜੰਗ ਬਹਾਦਰ ਗੋਇਲ ਨੇ ਨੋਬਲ ਪੁਰਸਕਾਰ ਵਿਜੇਤਾ ਅਤੇ ਵਿਸ਼ਵ ਦੇ ਸਰਵੋਤਮ 200 ਨਾਵਲਾਂ ਦਾ ਸਰਲ ਸਰੂਪ ਵਿਸ਼ਵ ਸ਼ਾਹਕਾਰ ਨਾਵਲ ਚਾਰ ਲੜੀਆਂ ਵਿੱਚ ਅਨੁਵਾਦ ਕਰਕੇ ਪੰਜਾਬੀ ਪਿਆਰਿਆਂ ਨੂੰ ਭੇਂਟ ਕੀਤੇ ਹਨ। ਪਿਛਲੇ ਦਿਨੀਂ ਉਹਨਾਂ ਵੱਲੋਂ ਮਿਖਾਈਲ ਨਈਮੀ ਦੀ ਲਿਖੀ ਖ਼ਲੀਲ ਜਿਬਰਾਨ ਦੀ ਜੀਵਨੀ ਦਾ ਪੰਜਾਬੀ ਅਨੁਵਾਦ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ।
ਰੁਪਿੰਦਰ ਮਾਨ ਯਾਦਗਾਰੀ ਟਰੱਸਟ ਵੱਲੋਂ ਸਥਾਪਿਤ ਪੰਜ ਮੈਂਬਰੀ ਪੁਰਸਕਾਰ ਚੋਣ ਕਮੇਟੀ ਵਿੱਚ ਪ੍ਰੋ: ਰਵਿੰਦਰ ਭੱਠਲ, ਪ੍ਰੋ: ਗੁਰਭਜਨ ਗਿੱਲ, ਰਾਜਵਿੰਦਰ ਰਾਹੀ, ਕਰਮਜੀਤ ਸਿੰਘ ਬੁੱਟਰ ਅਤੇ ਕੈਨੇਡਾ ਦੇ ਛਪਦੇ ਅਖ਼ਬਾਰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਛਪਾਲ ਸਿੰਘ ਗਿੱਲ ਨੂੰ ਸ਼ਾਮਿਲ ਕੀਤਾ ਗਿਆ ਸੀ। ਸ਼੍ਰੀ ਜੰਗ ਬਹਾਦਰ ਗੋਇਲ ਜੈਤੋ ਦੇ ਜੰਮਪਲ ਹਨ ਅਤੇ ਇਸ ਵੇਲੇ ਮੋਹਾਲੀ ਦੇ ਵਾਸੀ ਹਨ।