ਲੁਧਿਆਣਾ, 23 ਜਨਵਰੀ 2020 - ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ "ਪਰਵਾਸੀ ਪੰਜਾਬੀ ਸਾਹਿਤ: ਅਜੋਕੇ ਸੰਦਰਭ ਵਿਚ" ਵਿਸ਼ੇ 'ਤੇ ਦੋ ਰੋਜ਼ਾ ਤੀਸਰੀ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਸ਼ੁਭ ਆਰੰਭ, ਪੰਜਾਬ ਭਵਨ ਸਰੀ, ਕੈਨੇਡਾ, ਪੰਜਾਬੀ ਅਕਾਦਮੀ, ਦਿੱਲੀ, ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ, ਆਸਟਰੇਲੀਆ ਅਤੇ ਸਾਹਿਤ ਸੁਰ ਸੰਗਮ ਸਭਾ, ਇਟਲੀ ਦੇ ਸਹਿਯੋਗ ਨਾਲ ਹੋਇਆ।
ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦੀ ਪ੍ਰਧਾਨਗੀ ਸ. ਕਮਲਦੀਪ ਸਿੰਘ ਸੰਘਾ ਐਮ.ਡੀ, ਮਿਲਕ ਫੈਡ ਨੇ ਕੀਤੀ। ਉਦਘਾਟਨੀ ਭਾਸ਼ਣ ਸ. ਵਰਿੰਦਰ ਵਾਲੀਆ, ਮੁੱਖ ਸੰਪਾਦਕ, ਪੰਜਾਬੀ ਜਾਗਰਣ ਅਤੇ ਕੁੰਜੀਵਤ ਭਾਸ਼ਣ ਦੇਣ ਲਈ ਡਾ. ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਕਾਨਫ਼ਰੰਸ ਦਾ ਆਰੰਭ ਸ਼ਬਦ ਗਾਇਨ ਤੋਂ ਹੋਇਆ ਕਾਲਜ ਦੇ ਪ੍ਰਿੰਸੀਪਲ ਡਾ.ਅਰਵਿੰਦਰ ਸਿੰਘ ਨੇ ਇਸ ਕਾਨਫ਼ਰੰਸ ਵਿੱਚ ਪਹੁੰਚੀਆਂ ਸਖ਼ਸ਼ੀਅਤਾਂ ਨੂੰ ਰਸਮੀ ਤੌਰ 'ਤੇ ਜੀ ਆਇਆ ਕਿਹਾ ਅਤੇ ਕਾਲਜ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਬਾਰੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬੋਲਦਿਆਂ ਸ. ਕਮਲਦੀਪ ਸਿੰਘ ਸੰਘਾ ਨੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵਲੋਂ ਹਰ ਵਰ੍ਹੇਂ ਕਰਵਾਈ ਜਾਂਦੀ ਅੰਤਰ-ਰਾਸ਼ਟਰੀ ਕਾਨਫਰੰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਸ਼ਵ 'ਚ ਮਾਂ ਬੋਲੀਆਂ ਬਚਾਉਣ ਬਾਰੇ ਲੋਕ ਚੇਤਨ ਹੋ ਰਹੇ ਹਨ ਪਰ ਪੰਜਾਬ ਵਿਚ ਪੰਜਾਬੀ ਪਰਿਵਾਰ ਅਵੇਸਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ, ਵਪਾਰ, ਵਿਹਾਰ ਤੇ ਸਰਕਾਰ ਦੇ ਕੰਮ-ਕਾਜ ਵਿਚ ਪੰਜਾਬੀ ਵਰਤਣ ਨਾਲ ਲੋਕਾਂ ਦਾ ਆਤਮ ਬਲ ਉਸਰਿਆ ਹੈ। ਸ੍ਰੀ ਵਰਿੰਦਰ ਵਾਲੀਆ ਨੇ ਕਿ ਸੂਚਨਾ ਅਤੇ ਤਕਨਾਲੋਜੀ ਨੇ ਅੱਜ ਸੰਸਾਰ ਨੂੰ ਇਕ ਪਿੰਡ ਵਿਚ ਤਬਦੀਲ ਕਰ ਦਿੱਤਾ ਹੈ। ਇਸ ਲਈ ਵਿਸ਼ਵ ਪੱਧਰ ਤੇ ਰਚੇ ਜਾ ਰਹੇ ਸਾਹਿਤ ਨੂੰ ਪੜ੍ਹਨਾ ਤੇ ਉਸ ਦਾ ਅਧਿਅਨ ਵਿਸ਼ਲੇਸ਼ਣ ਕਰਨਾ ਵਿਦਵਾਨਾਂ ਤੇ ਖੋਜਾਰਥੀਆਂ ਲਈ ਜ਼ਰੂਰੀ ਹੈ। ਅਜਿਹੇ ਸਮਾਗਮ ਇਨ੍ਹਾਂ ਨੂੰ ਇਕ ਮੰਚ ਪ੍ਰਦਾਨ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ।
ਡਾ. ਜਸਵਿੰਦਰ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਪਰਵਾਸੀ ਪੰਜਾਬੀ ਸਾਹਿਤ ਦੇ ਮੂਲ ਸਰੋਕਾਰਾਂ ਨਾਲ ਜਾਣ-ਪਛਾਣ ਕਰਾਉਦਿਆਂ ਇਸ ਸਾਹਿਤ ਧਾਰਾ ਦੇ ਅਜੋਕੇ ਸਮੇਂ ਬਦਲਦੇ ਸਰੋਕਾਰਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਗਲੋਬਲ ਪਧੱਰੀ ਵਰਤਾਰਿਆਂ ਨੂੰ ਇਸ ਸਾਹਿਤ ਨੇ ਆਪਣੀ ਲੇਖਣੀ ਦਾ ਅੰਗ ਬਣਾਇਆ ਹੈ। ਉਨ੍ਹਾਂ ਨੇ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਇਹ ਸਾਹਿਤ ਹੁਣ ਪੰਜਾਬੀ ਸਾਹਿਤ ਤੋਂ ਪਿੱਛੇ ਨਹੀਂ ਬਲਕਿ ਉਸ ਦੇ ਸਮਾਂਤਰ ਖੜਾ ਹੋ ਚੁੱਕਿਆ ਹੈ ਅਤੇ ਇਸ ਦੇ ਲਈ ਉਨ੍ਹਾਂ ਨੇ ਪਰਵਾਸੀ ਪੰਜਾਬੀ ਲੇਖਕਾਂ ਨੂੰ ਚੰਗੀ ਲੇਖਣੀ ਲਈ ਵਧਾਈ ਦਿੱਤੀ ਤੇ ਉਤਸ਼ਾਹਿਤ ਕੀਤਾ।ਇਸ ਮੌਕੇ 'ਤੇ ਡਾ. ਹਰਚੰਦ ਸਿੰਘ ਬੇਦੀ, ਪ੍ਰੋ. ਐਮੀਰੀਟਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਜੀ ਨੇ ਪਰਵਾਸੀ ਆਲੋਚਨਾ ਦੇ ਖੇਤਰ ਵਿਚ ਕੀਤੇ ਗਏ ਖੋਜ ਕਾਰਜ ਅਤੇ ਪਰਵਾਸੀ ਸਾਹਿਤਕਾਰ ਸੁਖਵਿੰਦਰ ਕੰਬੋਜ ਨੂੰ ਸਾਹਿਤ ਸਿਰਜਣਾਂ ਲਈ 51,੦੦੦/- ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਤੇ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਡਾ.ਸ.ਪ.ਸਿੰਘ ਨੇ ਕਿਹਾ ਕਿ ਸਾਡੀ ਸੰਸਥਾ ਦਾ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਖ-ਵੱਖ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਪਰਵਾਸੀ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਵਿੱਚ ਸਾਰਥਕ ਯਤਨ ਕਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਮਨੋਰਥ ਇਹੋ ਹੀ ਹੈ ਕਿ ਵਿਦੇਸ਼ਾਂ ਵਿੱਚ ਰਚੇ ਜਾ ਰਹੇ ਪਰਵਾਸੀ ਪੰਜਾਬੀ ਸਾਹਿਤ ਦੇ ਵੱਖ-ਵੱਖ ਸਰੋਕਾਰਾਂ ਨੂੰ ਨਵੇਂ ਪਰਿਪੇਖ ਵਿੱਚ ਸਮਝਣ ਦਾ ਯਤਨ ਕੀਤਾ ਜਾਵੇ ।ਉਨ੍ਹਾਂ ਨੇ ਕਿਹਾ ਕਿ 2011 ਵਿਚ ਸਥਾਪਤ ਹੋਇਆ ਇਹ ਕੇਂਦਰ ਵਲੋਂ ਹੁਣ ਤੱਕ ਦਰਜਨ ਦੇ ਕਰੀਬ ਰਾਸ਼ਟਰੀ/ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ, ਸੈਮੀਨਾਰ, ਗੋਸ਼ਟੀਆਂ ਤੇ ਪਰਵਾਸੀ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਦਾ ਲੋਕ ਅਰਪਣ ਸਮਾਗਮ ਸਫ਼ਲਤਾਪੂਰਵਕ ਕਰ ਚੁੱਕਾ ਹੈ । ਕੇਂਦਰ ਵਲੋਂ ਪਰਵਾਸੀ ਪੰਜਾਬੀ ਸਾਹਿਤ ਆਲੋਚਨਾ ਤੇ ਅਧਾਰਿਤ ਸੱਤ ਪੁਸਤਕਾਂ ਜਿਨ੍ਹਾਂ ਵਿਚੋਂ ਪੰਜ ਪੰਜਾਬੀ, ਇੱਕ ਅੰਗਰੇਜ਼ੀ ਅਤੇ ਇੱਕ ਹਿੰਦੀ ਵਿੱਚ ਪ੍ਰਕਾਸ਼ਿਤ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਪੰਜਾਬੀ ਵਿਭਾਗ ਅਤੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਦੀ ਸਮੁੱਚੀ ਟੀਮ ਨੂੰ ਤ੍ਰੈ ਮਾਸਿਕ ਪੱਤ੍ਰਿਕਾ ਪਰਵਾਸ ਮੈਗਜ਼ੀਨ ਪੁਨਰ ਸੁਰਜੀਤ ਕਰਨ ਲਈ ਵਧਾਈ ਦਿੱਤੀ।
ਪ੍ਰੋ: ਗੁਰਭਜਨ ਸਿੰਘ ਗਿੱਲ, ਸਾਬਕਾ ਪ੍ਰਧਾਨ, ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਇਸ ਕਾਨਫਰੰਸ ਵਿਚ ਸ਼ਿਰਕਤ ਕੀਤੀ ਅਤੇ ਕਿਹਾ ਕਿ ਵਿਦੇਸ਼ਾਂ ਵਿਚ ਸਾਹਿੱਤ ਸਿਰਜਣ 100 ਸਾਲ ਪਹਿਲਾਂ ਗਦਰੀ ਬਾਬਿਆਂ ਨੇ ਗਦਰ ਗੂੰਜਾਂ ਰਾਹੀਂ ਆਰੰਭੀ।।ਉਥੋਂ ਦੇ ਪੰਜਾਬੀ ਲੇਖਕਾਂ ਦੀ ਸਿਰਜਣ ਨੂੰ ਚਿੰਤਨ ਦਾ ਵਿਸ਼ਾ ਬਣਾਉਣਾ ਸਮੇਂ ਦੀ ਲੋੜ ਹੈ ਪਰ ਨਾਲ ਹੀ ਇਸ ਦੇ ਸਮਾਜਿਕ ਪ੍ਰਭਾਵ ਦਾ ਮੁੱਲਾਂਕਣ ਵੀ ਸਮਾਜ ਸ਼ਾਸਤਰੀਆਂ, ਅਰਥ ਸ਼ਾਸਤਰੀਆਂ ਤੇ ਰਾਜਨੀਤੀ ਸ਼ਾਸਤਰੀਆਂ ਨੂੰ ਕਰਨਾ ਚਾਹੀਦਾ ਹੈ।
ਪੰਜਾਬ ਭਵਨ ਕਨੇਡਾ ਦੇ ਬਾਨੀ ਸੁੱਖੀ ਬਾਠ ਨੇ ਕਿਹਾ ਕਿ ਪਰਵਾਸੀ ਅਧਿਐਨ ਕੇਂਦਰ ਅਤੇ ਪੰਜਾਬ ਭਵਨ ਸਰੀ ਨਿਰੰਤਰ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਪ੍ਰਫੂਲਿਤ ਕਰਨ ਲਈ ਪ੍ਰਤੀਬੱਧ ਹਨ ਅਤੇ ਭਵਿੱਖ ਵਿੱਚ ਵੀ ਦੋਵੇਂ ਸੰਸਥਾਵਾਂ ਵਲੋਂ ਅਜਿਹੀਆਂ ਸਾਂਝੀਆਂ ਸਰਗਰਮੀਆਂ ਕੀਤੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਪੰਜਾਬ ਭਵਨ ਸਰੀ(ਕੈਨੇਡਾ) ਦੀ ਸਥਾਪਨਾ ਗੁਰਭਜਨ ਗਿੱਲ ਦੀ ਪ੍ਰੇਰਨਾ ਤੇ ਡਾ. ਐੱਸ ਪੀ ਸਿੰਘ ਦੀ ਪ੍ਰੇਰਨਾ ਨਾਲ ਸਥਾਪਿਤ ਕਰਕੇ ਮੈਂ ਤੇ ਮੇਰਾ ਪਰਿਵਾਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰ ਰਹੇ ਹਾਂ।
ਸ. ਗੁਰਭੇਜ ਸਿੰਘ ਗੁਰਾਇਆ, ਸਕੱਤਰ ਪੰਜਾਬੀ ਅਕਾਦਮੀ, ਦਿੱਲੀ ਨੇ ਕਾਲਜ ਦੇ ਅਜਿਹੇ ਸਾਹਿਤਕ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਯਤਨ ਭਵਿੱਖ ਵਿੱਚ ਸਿਹਤਮੰਦ ਸੰਵਾਦ ਉਸਾਰਨ ਦਾ ਯਤਨ ਕਰਨਗੇ।
ਉਦਘਾਟਨੀ ਸੈਸ਼ਨ ਉਪਰੰਤ ਪੰਜਾਬੀ ਤੇ ਅੰਗਰੇਜ਼ੀ ਦੇ ਅਕਾਦਮਿਕ ਸੈਸਨਾਂ ਵਿਚ ਵੱਖ ਵੱਖ ਕਾਲਜਾਂ ਦੇ ਯੂਨੀਵਰਸਿਟੀਆਂ ਤੋਂ ਆਏ ਅਧਿਆਪਕਾਂ ਤੇ ਖੋਜਾਰਥੀਆਂ ਨੇ ਖੋਜ ਪੱਤਰ ਪ੍ਰਸਤੁਤ ਕੀਤੇ। ਪੰਜਾਬੀ ਦੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਗੁਰਪਾਲ ਸਿੰਘ ਸੰਧੂ, ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ, ਚੰਡੀਗੜ੍ਹ ਨੇ ਕੀਤੀ। ਅੰਗਰੇਜ਼ੀ ਦੇ ਦੋ ਵੱਖ ਵੱਖ ਸੈਸ਼ਨਾਂ ਦੀ ਪ੍ਰਧਾਨਗੀ ਡਾ. ਪਰਮਜੀਤ ਸਿੰਘ ਰਮਾਣਾ, ਸਾਬਕਾ ਪ੍ਰੋਫੈਸਰ, ਸੈਂਟਰਲ ਯੂਨੀਵਰਸਿਟੀ, ਬਠਿੰਡਾ ਅਤੇ ਡਾ. ਤੇਜਿੰਦਰ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਜੀ ਨੇ ਕੀਤੀ।
ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਸਤਬਿੰਦਰ ਸਿੰਘ, ਡਾ. ਸ. ਪ. ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਵਲੋਂ ਇਸ ਕਾਨਫ਼ਰੰਸ ਦੇ ਅੰਤ ਵਿੱਚ ਸ਼ਾਮਿਲ ਹੋਈਆਂ ਪ੍ਰਬੰਧ ਸ਼ਖ਼ਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਦੇ ਸੈੱਟ ਭੇਂਟ ਕੀਤੇ ਗਏ। ਡਾ: ਭੁਪਿੰਦਰ ਸਿੰਘ, ਮੁੱਖੀ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਇਸ ਕਾਨਫ਼ਰੰਸ ਵਿੱਚ ਪਹੁੰਚੀਆਂ ਨਾਮਵਰ ਸਖ਼ਸ਼ੀਅਤਾਂ, ਵੱਖ-ਵੱਖ ਮੁਲਕਾਂ ਤੋਂ ਪਹੁੰਚੇ ਸਾਹਿਤਕਾਰਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ । ਇਸ ਕਾਨਫ਼ਰੰਸ ਵਿਚ ਉੱਘੇ ਲੇਖਕ ਅਤੇ ਪਰਵਾਸੀ ਲੇਖਕ ਸੁਖਵਿੰਦਰ ਕੰਬੋਜ (ਅਮਰੀਕਾ), ਡਾ. ਨਿਰਮਲ ਜੌੜਾ, ਡਾਇਰੈਕਟਰ ਯੂਥ ਵੈਲਫੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਨਕਸ਼ਦੀਪ ਪੰਜਕੋਹਾ (ਅਮਰੀਕਾ), ਪ੍ਰੋ. ਨਵਰੂਪ ਕੌਰ ਮੁਖੀ ਪੰਜਾਬੀ ਵਿਭਾਗ ਹੰਸ ਰਾਜ ਮਹਿਲਾ ਵਿਦਿਆਲਯ ਜਲੰਧਰ, ਸ. ਮਨਮੋਹਨ ਸਿੰਘ ਸਮਰਾ(ਕੈਨੇਡਾ)ਡਾ. ਤੇਜਿੰਦਰ ਕੌਰ ਸ਼ਾਹੀ (ਪ੍ਰਿੰਸੀਪਲ ਨੂਰਮਹਿਲ ), ਗੁਰਬਚਨ ਸਿੰਘ ਜਗਪਾਲ (ਆਸਟਰੇਲੀਆ) , ਕੁਲਵੰਤ ਸੇਖੋਂ (ਅਮਰੀਕਾ), ਸੁਖਿੰਦਰ (ਕੈਨੇਡਾ), ਨਰਪਾਲ ਸਿੰਘ ਸ਼ੇਰਗਿਲ (ਇੰਗਲੈਂਡ), ਕੇਸਰ ਸਿੰਘ ਕੂਨਰ (ਕੈਨੇਡਾ), ਪਿਆਰਾ ਸਿੰਘ ਝੱਜ (ਕੈਨੇਡਾ), ਕਵੀ ਚਰਨ ਸਿੰਘ (ਕੈਨੇਡਾ), ਤ੍ਰਿਲੋਚਨ ਲੋਚੀ, ਡਾ: ਧਨਵੰਤ ਕੌਰ ਪੰ ਯੂਨੀ: ਪਟਿਆਲਾ , ਪ੍ਰੋ: ਸੁਰਜੀਤ ਜੱਜ, ਮਨਜਿੰਦਰ ਧਨੋਆ ,ਗੁਰਚਰਨ ਕੌਰ ਕੋਚਰ, ਡਾ: ਦਰਿਆ ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ: ਸਤੀਸ਼ ਸ਼ਰਮਾ,ਡਾ: ਗੁਰਇਕਬਾਲ ਸਿੰਘ, ਸਹਿਜਪ੍ਰੀਤ ਮਾਂਗਟ, ਪਰਦੀਪ ਸਿੰਘ , ਪ੍ਰੋ: ਵੀਨਾ ਅਰੋੜਾ, ਡਾ: ਗੁਰਮੀਤ ਸਿੰਘ ਹੁੰਦਲ, ਡਾ: ਰਾਜਵਿੰਦਰ ਕੌਰ ਹੁੰਦਲ, ਪ੍ਰੀਤਮ ਸਿੰਘ ਭਰੋਵਾਲ, ਗੁਰਜੰਟ ਸਿੰਘ ਬਰਨਾਲਾ, ਮਨਮੋਹਨ ਵਿਨਾਇਕ, ਡਾ. ਕੰਵਲਜੀਤ ਕੌਰ ਅਰੋੜਾ, ਸਤੀਸ਼ ਗੁਲਾਟੀ,ਦਲਬੀਰ ਲੁਧਿਆਣਵੀ, ਦਲਜੀਤ ਸ਼ਾਹੀ, ਡਾ. ਗੁਲਜ਼ਾਰ ਪੰਧੇਰ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰੋ.ਪ੍ਰਿਥੀਪਾਲ ਸਿੰਘ ਕਪੂਰ, ਸਾਬਕਾ ਪ੍ਰੋ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਅਰਵਿੰਦਰ ਸਿੰਘ, ਸ. ਕੁਲਜੀਤ ਸਿੰਘ, ਸ. ਭਗਵੰਤ ਸਿੰਘ, ਸ. ਹਰਦੀਪ ਸਿੰਘ ਸ਼ਾਮਲ ਹੋਏ। ਜੀ.ਜੀ.ਐਨ.ਆਈ.ਐਮ.ਟੀ. ਅਤੇ ਜੀ.ਜੀ.ਐਨ.ਆਈ.ਵੀ.ਐਸ. ਦੇ ਡਾਇਰੈਕਟਰ ਪ੍ਰੋ: ਮਨਜੀਤ ਸਿੰਘ ਛਾਬੜਾ ਅਤੇ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ, ਡਾ. ਹਰਪ੍ਰੀਤ ਸਿੰਘ ਦੂਆ, ਪ੍ਰੋ. ਹਰਪ੍ਰੀਤ ਸਿੰਘ ਹਾਜ਼ਰ ਰਹੇ। ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਵੀ ਇਸ ਕਾਨਫ਼ਰੰਸ ਵਿੱਚ ਮੌਜੂਦ ਰਹੇ ।
ਡਾ. ਤੇਜਿੰਦਰ ਕੌਰ ਨੇ ਇਸ ਕਾਨਫ਼ਰੰਸ ਦਾ ਮੰਚ ਸੰਚਾਲਨ ਕੀਤਾ । ਉਦਘਾਟਨੀ ਸਮਾਰੋਹ ਤੋਂ ਬਾਅਦ ਇਸ ਕਾਨਫ਼ਰੰਸ ਦੇ ਅਕਾਦਮਿਕ ਸੈਸ਼ਨ ਸ਼ੁਰੂ ਹੋਏ । ਇਨ੍ਹਾਂ ਵੱਖੋ-ਵੱਖ ਸੈਸ਼ਨਾਂ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਵਿਦਵਾਨ ਚਿੰਤਕਾਂ ਤੇ ਖੋਜਾਰਥੀਆਂ ਨੇ ਖੋਜ-ਪੱਤਰ ਪੇਸ਼ ਕੀਤੇ।