ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਹਰਸਿਮਰਨ ਕੌਰ ਦੇ ਨਾਵਲ ‘ਕੰਧਾਂ ਕੌਲੇ' ਦਾ ਲੋਕ ਅਰਪਣ
- ਹਰਸਿਮਰਨ ਕੌਰ ਦੀ ਲੇਖਣੀ ਦੇਸ਼—ਵੰਡ ਦੇ ਦਰਦ ਅਤੇ ਸਮਾਜਿਕ ਦੁਸ਼ਵਾਰੀਆਂ ਦਾ ਖ਼ੂਬਸੂਰਤ ਆਈਨਾ— ਡਾ. ਦਰਸ਼ਨ ਸਿੰਘ ‘ਆਸ਼ਟ
- ਵਿਦਵਾਨਾਂ ਨੇ ਕੀਤੀ ਚਰਚਾ
ਪਟਿਆਲਾ, 19 ਅਗਸਤ 2023 - ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਨੇ ਪੰਜਾਬੀ ਦੀ ਬਹੁਪੱਖੀ ਲੇਖਿਕਾ ਹਰਸਿਮਰਨ ਕੌਰ (ਚੰਡੀਗੜ੍ਹ) ਦੇ ਤਾਜ਼ਾਤਰੀਨ ਨਾਵਲ ‘ਕੰਧਾਂ ਕੌਲੇ ਦਾ ਲੋਕ—ਅਰਪਣ ਸਥਾਨਕ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਕੀਤਾ ਗਿਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ ਨੇ ਲੇਖਕਾਂ ਨੂੰ ਜੀ ਆਇਆਂ ਕਿਹਾ। ਉਹਨਾਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਨੂੰ ਇਸ ਗੱਲ ਦਾ ਗੌਰਵ ਹਾਸਿਲ ਹੈ ਕਿ ਇਸ ਦੇ ਸਾਹਿਤਕ ਸਮਾਗਮਾਂ ਵਿਚ ਦੂਰੋਂ ਦੂਰੋਂ ਲੇਖਕ ਆ ਕੇ ਆਪਣੀਆਂ ਪੁਸਤਕਾਂ ਉਪਰ ਸੰਵਾਦ ਅਤੇ ਚਰਚਾ ਕਰਵਾਉਣਾ ਮਾਣ ਸਮਝਦੇ ਹਨ।
ਉਹਨਾਂ ਹਰਸਿਮਰਨ ਕੌਰ ਦੇ ਹਵਾਲੇ ਨਾਲ ਕਿਹਾ ਕਿ ਚੰਡੀਗੜ੍ਹ ਵਿਖੇ ਰਹਿ ਰਹੀ ਅਤੇ ਬਾਲ ਸਾਹਿਤ ਸਮੇਤ ਵੀਹ ਪੁਸਤਕਾਂ ਦੀ ਸਿਰਜਣਾ ਕਰ ਚੁੱਕੀ ਇਸ ਬਹੁਪੱਖੀ ਲੇਖਿਕਾ ਨੇ ਪੰਜਾਬੀ ਭਾਸ਼ਾ ਵਿਚ ਆਪਣੀਆਂ ਲਿਖਤਾਂ ਨਾਲ ਵੱਖਰੀ ਪਛਾਣ ਬਣਾਈ ਹੈ।ਉਸ ਨੇ ‘ਕੰਧਾਂ ਕੌਲੇ ਨਾਵਲ ਵਿਚ ਨਿੱਜੀ ਅਨੁਭਵ ਅਤੇ ਦੇਸ਼ ਦੀ ਵੰਡ ਦੇ ਦਰਦ ਦੇ ਨਾਲ ਨਾਲ ਆਰਥਿਕ ਟੁੱਟ ਭੱਜ ਅਤੇ ਰਿਸ਼ਤਿਆਂ ਵਿਚ ਆ ਰਹੀ ਇਕੱਲਤਾ ਅਤੇ ਬੇਗਾਨਗੀ ਨੂੰ ਬੜੀ ਖ਼ੂਬਸੂਰਤੀ ਨਾਲ ਉਲੀਕਿਆ ਹੈ। ਬਿਆਸ ਤੋਂ ਪੁੱਜੇ ਬਹੁਪੱਖੀ ਕਲਮਕਾਰ ਵਿਸ਼ਾਲ ਨੇ ਇਸ ਨਾਵਲ ਲਈ ਹਰਸਿਮਰਨ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਵਲ ਨਾਲ ਇਸਤਰੀ ਲੇਖਿਕਾਵਾਂ ਵੱਲੋਂ ਲਿਖੇ ਗਏ ਨਾਵਲਾਂ ਦੀ ਪਰੰਪਰਾ ਅੱਗੇ ਤੁਰਦੀ ਹੈ।
ਹਰਸਿਮਰਨ ਕੌਰ ਦੇ ਇਸ ਨਾਵਲ ਉਪਰ ਮੁੱਖ ਪੇਪਰ ਪੜ੍ਹਦੇ ਹੋਏ ਡਾ. ਹਰਪ੍ਰੀਤ ਸਿੰਘ ਰਾਣਾ ਨੇ ਕਿਹਾ ਕਿ ਹਰਸਿਮਰਨ ਕੌਰ ਨੇ ਨਾਵਲ ਦੀ ਨਾਇਕਾ ‘ਸਹਿਜ ਦੇ ਮਾਧਿਅਮ ਦੁਆਰਾ 1947 ਦੀ ਵੰਡ ਦੀ ਤ੍ਰਾਸਦੀ ਨੂੰ ਯਥਾਰਥ ਦੀ ਪਾਣ ਚਾੜ੍ਹ ਕੇ ਪੇਸ਼ ਕੀਤਾ ਹੈ। ਇਸ ਨਾਵਲ ਵਿਚੋਂ ਤਤਕਾਲੀ ਸਮਾਜ ਦੀਆਂ ਰਾਜਨੀਤਕ,ਆਰਥਿਕ,ਧਾਰਮਿਕ ਅਤੇ ਸਮਾਜਿਕ ਪ੍ਰਸਥਿਤੀਆਂ ਰੂਪਮਾਨ ਹੁੰਦੀਆਂ ਹਨ ਅਤੇ ਨਾਲ ਇਸ ਦਰਦ ਨੂੰ ਵੀ ਪੇਸ਼ ਕੀਤਾ ਗਿਆ ਹੈ ਕਿ ਕੱਟੜਤਾ ਅਤੇ ਜਨੂੰਨ ਕਾਰਨ ਸਦੀਆਂ ਤੋਂ ਚੱਲਦੀ ਆ ਰਹੀ ਮਨੁੱਖੀ ਸਾਂਝ ਕਿਵੇਂ ਖੇਰੂੰ ਖੇਰੂੰ ਹੋ ਜਾਂਦੀ ਹੈ।
ਇਸ ਚਰਚਾ ਨੂੰ ਅੱਗੇ ਤੋਰਦਿਆਂ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਇਤਿਹਾਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਕੰਵਲਜੀਤ ਕੌਰ ਬਾਜਵਾ ਨੇ ਤਰਕ ਪੇਸ਼ ਕੀਤਾ ਕਿ ਹਰਸਿਮਰਨ ਕੌਰ ਦਾ ਇਹ ਨਾਵਲ ਇਤਿਹਾਸਕ ਪੱਖੋਂ ਵੀ ਬਹੁਤ ਮੁੱਲਵਾਨ ਹੈ ਜਿਸ ਰਾਹੀਂ ਪਾਠਕ ਨੂੰ ਸਾਹਿਤ ਅਤੇ ਇਤਿਹਾਸ ਦੇ ਆਪਸੀ ਸੰਬੰਧਾਂ ਗੂੜ੍ਹੇ ਹੁੰਦੇ ਹਨ।ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਡੂੰਘੀ ਸਮਝ ਰੱਖਣ ਵਾਲੀ ਪ੍ਰੋ. ਡਾ. ਤਰਲੋਚਨ ਕੌਰ ਨੇ ਕਿਹਾ ਕਿ ‘ਕੰਧਾਂ ਕੌਲੇ* ਵਰਗੀਆਂ ਲਿਖਤਾਂ ਦਾ ਸਦੀਵੀ ਮਹੱਤਵ ਬਣਿਆ ਰਹਿੰਦਾ ਹੈ।
ਹਰਸਿਮਰਨ ਕੌਰ ਨੇ ਆਪਣੇ ਇਸ ਨਾਵਲ ਬਾਰੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਸ ਨਾਵਲ ਦਾ ਕਥਾਨਕ ਉਹਨਾਂ ਦੇ ਜ਼ਿਹਨ ਵਿਚ ਵਰਿ੍ਹਆਂ ਤੋਂ ਉਸਲਵੱਟੇ ਲੈ ਰਿਹਾ ਸੀ ਜੋ ਹੁਣ ਪਾਠਕਾਂ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਇਸ ਨਾਵਲ ਰਾਹੀਂ ਉਹਨਾਂ ਨੇ ਸਮੁੱਚੀ ਮਾਨਵਤਾ ਦੀ ਬਹੁਪੱਖੀ ਮਾਨਸਿਕਤਾ,ਸੰਕਟਾਂ ਅਤੇ ਚੁਣੌਤੀਆਂ ਸਾਹਮਣੇ ਲਿਆਂਦੀਆਂ ਹਨ ਅਤੇ ਭਵਿੱਖ ਵਿਚ ਜ਼ਿਹਨ ਵਿਚ ਛੁਪੇ ਹੋਏ ਅਜਿਹੇ ਹੋਰ ਕੌੜੇ ਮਿੱਠੇ ਅਨੁਭਵਾਂ ਨੂੰ ਸਾਹਮਣੇ ਲਿਆਵੇਗੀ।
ਇਸ ਪੁਸਤਕ ਬਾਰੇ ਰਘਬੀਰ ਸਿੰਘ ਮਹਿਮੀ,ਅੰਮ੍ਰਿਤਸਰ ਤੋਂ ਪੁੱਜੇ ਡਾ. ਵਿਕਰਮਜੀਤ,ਕਹਾਣੀਕਾਰ ਬਾਬੂ ਸਿੰਘ ਰੈਹਲ,,ਡਾ. ਜੀ.ਐਸ.ਆਨੰਦ ਅਤੇ ਬਲਵਿੰਦਰ ਸਿੰਘ ਭੱਟੀ ਆਦਿ ਨੇ ਵੀ ਚਰਚਾ ਵਿਚ ਭਾਗ ਲਿਆ।
ਇਸ ਸਮਾਗਮ ਵਿਚ ਚੰਡੀਗੜ੍ਹ ਤੋਂ ਡਾ. ਸਿਫ਼ਤਇੰਦਰ ਕੌਰ ਤੋਂ ਇਲਾਵਾ ਹਰਦੀਪ ਸਿੰਘ ਸੱਭਰਵਾਲ, ਗੁਰਵਿੰਦਰ ਕੌਰ ਵਿੰਦਰ(ਸਟੇਟ ਬੈਂਕ ਆਫ ਇੰਡੀਆ),ਪ੍ਰਿੰਸੀਪਲ ਜਰਨੈਲ ਸਿੰਘ ਮੌੜਾਂ, ਪਰਮਜੀਤ ਸਿੰਘ ਪਰਵਾਨਾ,ਰਾਜੇਸ਼ਵਰ ਕੁਮਾਰ, ਸੁਖਵਿੰਦਰ ਕੌਰ ਆਹੀ, ਕੁਲਵੰਤ ਸਿੰਘ ਖਨੌਰੀ,ਨਵਦੀਪ ਸਿੰਘ ਮੁੰਡੀ,ਸੁਖਦੇਵ ਸਿੰਘ ਚਾਹਲ,ਪ੍ਰਿੰ. ਸੁਨੀਤਾ ਕੁਮਾਰੀ,ਇੰਜੀਨੀਅਰ ਜਗਤਾਰ ਸਿੰਘ,ਰਹਿਨੁਮਾ ਬਾਨੋ, ਅਮਰ ਗਰਗ ਕਲਮਦਾਨ ਅਤੇ ਜੰਗ ਸਿੰਘ ਫੱਟੜ ਆਦਿ ਨੇ ਕਲਾਮ ਵੀ ਪੇਸ਼ ਕੀਤਾ। ਇਸ ਸਮਾਗਮ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਹਿਤ ਅਤੇ ਇਤਿਹਾਸ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਅਤੇ ਖੋਜਾਰਥੀ ਵੀ ਸ਼ਾਮਿਲ ਸਨ।
ਮੰਚ ਸੰਚਾਲਨ ਦਵਿੰਦਰ ਪਟਿਆਲਵੀ ਨੇ ਨਿਭਾਇਆ।