ਡੈਲਟਾ, 24 ਜੁਲਾਈ 2019 - ਹਰ ਮਹੀਨੇ ਦੇ ਤੀਸਰੇ ਮੰਗਲਵਾਰ ਦੀ ਸ਼ਾਮ, ਜਾਰਜ ਮੈਕੀ ਲਾਇਬਰੇਰੀ ਡੈਲਟਾ ਵਲੋਂ ਪੰਜਾਬੀ ਬੋਲੀ, ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਤ ਕੀਤੀ ਹੋਈ ਹੈ। ਇਸ ਸ਼ਾਮ ਦੇ ਪ੍ਰੋਗਰਾਮ ਵਿਚ ਉਹਨਾਂ ਦੋ ਸ਼ਖਸੀਅਤਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਭਾਸ਼ਾ, ਸਾਹਿਤ, ਸੱਭਿਆਚਾਰ ਤੇ ਕਲਾ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਹੋਵੇ। ਸੰਨ 2019 ਦੇ ਜੁਲਾਈ ਮਹੀਨੇ ਦੀ 16 ਤਰੀਕ, ਦਿਨ ਮੰਗਲਵਾਰ ਨੂੰ ਤ੍ਰੈਭਾਸ਼ੀ ਕਵੀ ਅਸ਼ੋਕ ਭਾਰਗਵ ਅਤੇ 'ਦੇਸ਼ ਵਦੇਸ਼ ਟਾਈਮਜ਼' ਪੱਤਰਕਾ ਤੇ ਮੈਗਜ਼ੀਨ 'ਸਰੋਕਾਰਾਂ ਦੀ ਅਵਾਜ਼' ਦੇ ਸੰਪਾਦਕ ਸ਼ਾਇਰ, ਸੁਖਵਿੰਦਰ ਚੋਹਲਾ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਗਿਆ।
ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਸੰਚਾਲਕ, ਮੋਹਨ ਗਿੱਲ ਨੇ ਭਰਵੀਂ ਹਾਜ਼ਰੀ ਵਿਚ ਆਏ ਸਰੋਤਿਆਂ ਦਾ ਧੰਨਵਾਦ ਕਰਨ ਉਪਰੰਤ ਉਹਨਾਂ ਨੂੰ ਇਸ ਕਾਵਿ ਸ਼ਾਮ ਦੇ ਪਿਛੋਕੜ ਤੋਂ ਜਾਣੂ ਕਰਵਾ ਕੇ ਦੋਹਾਂ ਬੁਲਾਰਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਫਿਰ ਉਸ ਨੇ ਕਿਚਨਰ, ਉਂਟਾਰੀਓ ਤੋਂ ਆਏ ਨੌਜਵਾਨ ਸ਼ਾਇਰ ਗੁਲਸ਼ੇਰ ਦੀ ਜਾਣ ਪਹਿਚਾਣ ਕਰਵਾਈ ਅਤੇ ਉਸ ਨੂੰ ਇਕ ਨਜ਼ਮ ਸੁਨਾਉਣ ਲਈ ਕਿਹਾ। ਗੁਲਸ਼ੇਰ ਨੇ ਇਕ ਨਜ਼ਮ ਤੇ ਇਕ ਗੀਤ ਸੁਣਾ ਕੇ ਸਰੋਤਿਆਂ ਤੋਂ ਦਾਦ ਵਸੂਲ ਕੀਤੀ।
ਉਸ ਤੋਂ ਮਗਰੋਂ ਅਸ਼ੋਕ ਭਾਰਗਵ ਸਟੇਜ ਉਪਰ ਆਏ। ਉਹਨਾਂ ਆਪਣੇ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਜਲੰਧਰ ਦੇ ਜਮ ਪਲ ਹਨ। ਮੁੱਢਲੀ ਪੜ੍ਹਾਈ ਹੀ ਅੰਗ੍ਰੇਜ਼ੀ ਰਾਹੀਂ ਮਿਲੀ ਅਤੇ ਵਿਨੀਪੈਗ, ਕੈਨੇਡਾ ਆ ਕੇ ਹੋਰ ਉਚੇਰੀ ਪੜ੍ਹਾਈ ਕੀਤੀ ਉਹ ਵੀ ਅੰਗ੍ਰੇਜ਼ੀ ਵਿਚ। ਹਰ ਪਾਸੇ ਅੰਗ੍ਰੇਜ਼ੀ ਨਾਲ ਹੀ ਵਾਹ ਪੈਣ ਕਾਰਨ ਅੰਗ੍ਰੇਜ਼ੀ ਵਿਚ ਲਿਖਣਾ ਸ਼ੁਰੂ ਕੀਤਾ। ਵਿਨੀਪੈਗ ਵਿਚ ਪੰਜਾਬੀਆਂ ਦੀ ਵਸੋਂ ਬਹੁਤ ਘੱਟ ਸੀ, ਜਿਸ ਕਾਰਨ ਪੰਜਾਬੀ ਬੋਲਣ ਦਾ ਵੀ ਮੌਕਾ ਨਾ ਮਿਲਿਆ। ਜਦੋਂ ਵੈਨਕੂਵਰ ਆ ਕੇ ਰਹਿਣ ਦਾ ਸਬੱਬ ਬਣਿਆ ਤਾਂ ਪੰਜਾਬੀਆਂ ਨਾਲ ਮਿਲਣ ਦਾ ਮੌਕਾ ਬਣਿਆ। ਇਥੇ ਹੀ ਪੰਜਾਬੀ ਕੁਝ ਲੇਖਕਾਂ ਨਾਲ ਮੇਲ ਹੋਇਆ। ਉਹਨਾਂ ਦੀ ਪ੍ਰੇੲਣਾ ਨਾਲ ਪੰਜਾਬੀ ਬੋਲਣ, ਪੜ੍ਹਨ ਤੇ ਲਿਖਣ ਲੱਗਾ। ਫਿਰ ਮਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਦੂਸਰੀਆਂ ਭਾਸ਼ਾਵਾਂ ਦੇ ਲੇਖਕਾਂ ਨਾਲ ਮੇਲ ਮਿਲਾਪ ਵਧਾਇਆ ਜਾਵੇ! ਇਹ ਸੋਚ ਕੇ ਰਾਈਟਰਜ਼ ਇੰਟਰਨੈਸ਼ਨਲ ਨੈੱਟਵਰਕ (WIN) ਸੰਸਥਾ ਖੜ੍ਹੀ ਕੀਤੀ। ਇਹ ਸੰਸਥਾ ਹਰ ਸਾਲ ਇਕ ਸਮਾਗਮ ਕਰਵਾਉਂਦੀ ਹੈ ਜਿਸ ਵਿਚ ਉਤਰੀ ਅਮਰੀਕਾ ਵਿਚ ਵਸਦੇ ਇੰਗ੍ਰੇਜ਼ੀ ਦੇ ਨਾਲ ਨਾਲ ਦੂਸਰੀਆਂ ਭਾਸ਼ਾਵਾਂ ਦੇ ਲੇਖਕਾਂ ਨੂੰ ਵੀ ਸਨਮਾਨਤ ਕੀਤਾ ਜਾਂਦਾ ਹੈ। ਬਹੁਤ ਸਾਰੇ ਪੰਜਾਬੀ ਲੇਖਕ ਵੀ ਇਹ ਸਨਮਾਨ ਹਾਸਲ ਕਰ ਚੁੱਕੇ ਹਨ। ਇਸ ਤੋਂ ਬਿਨਾਂ ਕਵੀ ਦਰਬਾਰ ਕਰਵਾਏ ਜਾਂਦੇ ਜਿਸ ਵਿਚ ਅੰਗ੍ਰੇਜ਼ੀ ਕਵੀਆਂ ਨਾਲ ਦੂਸਰੀਆਂ ਭਾਸ਼ਾਵਾਂ ਦੇ ਕਵੀ ਵੀ ਸ਼ਾਮਿਲ ਹੁੰਦੇ ਹਨ। ਮੈਂ ਆਪ ਮੁੱਖ ਰੂਪ ਵਿਚ ਅੰਗ੍ਰੇਜ਼ੀ ਵਿਚ ਹੀ ਲਿਖਦਾ ਹਾਂ ਪਰ ਹਿੰਦੀ ਤੇ ਪੰਜਾਬੀ ਵਿਚ ਵੀ ਕਵਿਤਾ ਲਿਖ ਲੈਂਦਾ ਹਾਂ। ਕਵਿਤਾ ਦੀਆਂ ਤਿੰਨ ਪੁਸਤਕਾਂ ਅੰਗ੍ਰੇਜ਼ੀ ਵਿਚ ਛਪ ਚੁੱਕੀਆਂ ਹਨ ਪਰ ਹਿੰਦੀ ਅਤੇ ਪੰਜਾਬੀ ਵਿਚ ਕੋਈ ਪੁਸਤਕ ਨਹੀਂ ਛਪਵਾ ਸਕਿਆ। ਇਕ ਪੁਸਤਕ ਤਿੰਨ ਭਾਸ਼ਾਵਾਂ, ਬੰਗਲਾ, ਅਰਬੀ ਤੇ ਤੈਲਗੂ ਵਿਚ ਅਨੁਵਾਦ ਹੋ ਕੇ ਛਪ ਚੁੱਕੀ ਹੈ। ਆਪਣੀ ਲੇਖਣ ਪ੍ਰਕਿਰਿਆ ਬਾਰੇ ਗੱਲ ਕਰਨ ਮਗਰੋਂ ਉਹਨਾਂ ਤਿੰਨਾਂ ਭਾਸ਼ਾਵਾਂ, ਅੰਗ੍ਰੇਜ਼ੀ, ਹਿੰਦੀ ਤੇ ਪੰਜਾਬੀ ਵਿਚ ਦੋ ਦੋ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬਨ੍ਹਿਆ।
ਦੂਸਰੇ ਬੁਲਾਰੇ, ਸੁਖਵਿੰਦਰ ਸਿੰਘ ਚੋਹਲਾ ਨੂੰ ਜਰਨੈਲ ਸਿੰਘ ਸੇਖਾ ਨੇ ਸਰੋਤਿਆਂ ਦੇ ਸਨਮੁਖ ਕੀਤਾ। ਚੋਹਲਾ ਸਾਹਿਬ ਨੇ ਆਪਣੇ ਬਾਰੇ ਗੱਲ ਕਰਦਿਆ ਕਿਹਾ ਕਿ ਮੇਰਾ ਜਨਮ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਵਰੋਸਾਏ ਪ੍ਰਸਿੱਧ ਧਾਰਮਿਕ ਸਥਾਨ, ਚੋਹਲਾ ਸਾਹਿਬ ਵਿਚ ਹੋਇਆ। ਉਥੋਂ ਹੀ ਮੁੱਢਲੀ ਵਿਦਿਆ ਪ੍ਰਾਪਤ ਕੀਤੀ। ਉਚੇਰੀ ਸਿਖਿਆ ਖਾਲਸਾ ਕਾਲਜ ਅਮ੍ਰਿਤਸਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਘਰ ਵਿਚ ਰਹਿੰਦੇ ਇਕ ਕਿਰਾਏਦਾਰ ਬਜ਼ੁਰਗ ਦੀ ਸੰਗਤ ਵਿਚ ਬੈਠਦਿਆਂ ਕਵਿਤਾ ਦੇ ਬੀਜ ਬੀਜੇ ਗਏ। ਛੋਟੀ ਉਮਰ ਤੋਂ ਹੀ ਤੁਕਬੰਦੀ ਕਰਨ ਲੱਗ ਪਿਆ ਸੀ। ਨਾਮਵਰ ਸ਼ਾਇਰ ਪਰਮਿੰਦਰਜੀਤ ਨਾਲ ਮੇਲ ਹੋਣ ਅਤੇ ਉਸ ਦੀ ਪੱਤਰਕਾ 'ਲੋਅ' ਤੇ 'ਸਮਕਾਲ' ਪੜ੍ਹਦਿਆਂ ਕਵਿਤਾ ਵਿਚ ਪਕਿਆਈ ਆਈ। ਐਮ.ਏ. ਇਕਨਾਮਿਕਸ ਵਿਚ ਕੀਤੀ ਪਰ ਕਵਿਤਾ ਪੰਜਾਬੀ ਵਿਚ ਲਿਖਦਾ ਰਿਹਾ। ਕਵਿਤਾ ਰਾਹੀਂ ਹੀ ਪੱਤਰਕਾਰੀ ਵਿਚ ਆਇਆ। ਪਹਿਲੀ ਸਟੋਰੀ ਮੰਡ ਇਲਾਕੇ ਦੀ ਕੀਤੀ, ਜਿਸ ਨਾਲ ਪਤੱਰਕਾਰਾਂ ਵਿਚ ਵੱਡੀ ਪਛਾਣ ਬਣੀ। ਅੱਸੀਵਿਆਂ ਤੇ ਨੱਬੇਵਿਆਂ ਦੇ ਪਹਿਲੇ ਦਹਾਕੇ ਵਿਚ ਪੱਤਰਕਾਰੀ ਕੰਡਿਆਂ ਦੀ ਸੇਜ ਹੁੰਦੀ ਸੀ। ਪੁਲੀਸ ਤੇ ਖਾੜਕੂਆਂ ਦੇ ਦਬਾਅ ਵਿਚ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ ਪਰ ਦਬਾਅ ਦੇ ਹੁੰਦਿਆਂ ਵੀ ਪੀਲ਼ੀ ਪੱਤਰਕਾਰੀ ਤੋਂ ਦੂਰ ਹੀ ਰਿਹਾ। ਕੁਝ ਸਮਾਂ ਅਜੀਤ ਅਖਬਾਰ ਦਾ ਪੱਤਰਕਾਰ ਫਿਰ ਉਸ ਦਾ ਸਬ ਐਡੀਟਰ ਤੇ ਚੀਫ ਸਬਐਡੀਟਰ ਰਿਹਾ। ਇਸੇ ਦੌਰਾਨ ਕੈਨੇਡਾ ਵਸਦੇ ਪੱਤਰਕਾਰ ਮਿੱਤਰ, ਗੁਰਭਲਿੰਦਰ ਸਿੰਘ ਸੰਧੂ ਦੇ ਸੱਦੇ 'ਤੇ ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਐਡਮਿੰਟਨ ਆ ਗਿਆ। ਏਥੇ ਆ ਕੇ 'ਦੇਸ ਪਰਦੇਸ ਟਾਈਮਜ਼' ਐਡਮਿੰਟਨ ਲਈ ਕੰਮ ਕੀਤਾ। ਕੁਝ ਸਮਾਂ ਐਡਮਿੰਟਨ ਵਿਚ ਪੱਤਰਕਾਰੀ ਕਰਨ ਮਗਰੋਂ ਸਰੀ, ਬੀ.ਸੀ. ਆ ਗਿਆ। ਹੁਣ 'ਦੇਸ਼ ਪਰਦੇਸ ਟਾਈਮਜ਼' ਬਾਈ ਵੀਕਲੀ ਪੱਤਰਕਾ ਅਤੇ ਮੈਗਜ਼ੀਨ 'ਐਨ.ਆਰ.ਆਈ. ਸਰੋਕਾਰ' ਨੂੰ ਸੰਪਾਦਿਤ ਕਰ ਰਿਹਾ ਹਾਂ। ਪੱਤਰਕਾਰੀ ਵਿਚ ਪੈਸੇ ਨਹੀਂ ਕਮਾਏ, ਦੋਸਤੀਆਂ ਕਮਾਈਆਂ ਹਨ। ਕਵਿਤਾ ਦੀਆਂ ਦੋ ਪੁਸਤਕਾਂ ਛਪ ਚੁੱਕੀਆਂ ਹਨ। ਜਦੋਂ ਮਨ ਵਿਚ ਤਰੰਗ ਉਠਦੀ ਹੈ ਤਾਂ ਕਵਿਤਾ ਲਿਖ ਲੈਂਦਾ ਹਾਂ। ਪੁਸਤਕਾਂ ਵੱਧ ਤੋਂ ਵੱਧ ਪੜ੍ਹਦਾ ਹਾਂ। ਮੇਰਾ ਵਿਚਾਰ ਹੈ ਕਿ ਲੇਖਕ ਨੂੰ ਚੰਗੀਆਂ ਪੁਸਤਕਾਂ ਪੜ੍ਹਦੇ ਰਹਿਣਾ ਚਾਹੀਦਾ ਹੈ। ਜੇ ਢੰਗ ਨਾਲ ਪੜ੍ਹਨਾ ਆ ਜਾਵੇ ਤਾਂ ਲਿਖਣਾ ਵੀ ਆ ਜਾਂਦਾ ਹੈ। ਅਖੀਰ ਵਿਚ ਸੁਖਵਿੰਦਰ ਸਿੰਘ ਚੋਹਲਾ ਨੇ ਪੰਜਾਬੀ ਦੀਆਂ ਤਿੰਨ ਕਵਿਤਾਵਾਂ, ਇਕ ਹਿੰਦੀ ਦੀ ਕਵਿਤਾ ਤੇ ਇਕ ਪੰਜਾਬੀ ਗੀਤ ਤਰੰਨਮ ਵਿਚ ਸੁਣਾਇਆ। ਕਵਿਤਾਵਾਂ ਤੇ ਗੀਤ ਦੀ ਭਰਪੂਰ ਸ਼ਲਾਘਾ ਹੋਈ।
ਸਿਆਟਲ ਤੋਂ ਆਏ ਪੰਜਾਬੀ ਸਾਹਿਤ ਸਭਾ ਸਿਆਟਲ, ਅਮਰੀਕਾ ਦੇ ਪਰਮੁਖ ਸਕੱਤਰ ਬਲਿਹਾਰ ਸਿੰਘ ਲੇਹਲ ਨੇ ਫਰੇਜ਼ਰ ਵੈਲੀ ਦੇ ਲੇਖਕਾਂ ਨੂੰ ਸੱਦਾ ਦਿੱਤਾ ਕਿ ਜਦੋਂ ਵੀ ਉਹਨਾਂ ਸਿਆਟਲ ਆਉਣਾ ਹੋਵੇ ਤਾਂ ਆਉਣ ਤੋਂ ਪਹਿਲਾਂ ਇਕ ਫੋਨ ਰਾਹੀਂ ਸੂਚਿਤ ਕਰਨ ਦੀ ਲੋੜ ਹੈ, ਉਹ ਆਪਣੀ ਸਭਾ ਵਲੋਂ ਲੇਖਕ ਮਿਲਣੀ ਦਾ ਪ੍ਰਬੰਧ ਕਰਨ ਵਿਚ ਖੁਸ਼ੀ ਮਹਿਸੂਸ ਕਰਨਗੇ।
ਸਰੋਤਿਆਂ ਵਿਚ ਡਾ. ਸਾਧੂ ਸਿੰਘ, ਡਾ. ਪ੍ਰਿਥੀਪਾਲ ਸੋਹੀ, ਟੋਰਾਂਟੋ ਤੋਂ ਇਕਬਾਲ ਮਾਹਲ, ਚੇਤਨਾ ਪ੍ਰਕਾਸ਼ਨ ਵਾਲੇ ਸਤੀਸ਼ ਗੁਲਾਟੀ, ਅਮਰੀਕ ਪਲਾਹੀ, ਹਰਦਮ ਸਿੰਘ ਮਾਨ, ਗੁਰਦਰਸ਼ਨ ਬਾਦਲ, ਬਖਸ਼ਿੰਦਰ, ਸੁਰਿੰਦਰ ਚਾਹਲ, ਪ੍ਰੋ. ਹਰਿੰਦਰ ਸੋਹੀ, ਸੁਖਦੇਵ ਸਿੰਘ ਦਰਦੀ, ਸੁਰਜੀਤ ਕਲਸੀ, ਮਨਜੀਤ ਕੌਰ ਗਿੱਲ, ਬਲਬੀਰ ਕੌਰ ਢਿੱਲੋਂ, ਪਰਮਿੰਦਰ ਸਵੈਚ, ਰੁਪਿੰਦਰ ਰੂਪੀ, ਬਿੰਦੂ ਮਠਾੜੂ, ਭੂਪਿੰਦਰ ਮੱਲ੍ਹੀ, ਸ਼ਬਨਮ ਮੱਲ੍ਹੀ, ਜਸਬੀਰ ਕੌਰ ਮਾਨ, ਮੀਨੂੰ ਬਾਵਾ ਅਤੇ ਕਈ ਹੋਰ ਪਰਮੁਖ ਸ਼ਖਸੀਅਤਾਂ ਹਾਜ਼ਰ ਸਨ।
ਮੈਕੀ ਲਾ ਿਲਾਇਬਰੇਰੀ ਦਾ ਇਕ ਕੋਨਾ ਚਿੱਤਰ ਕਲਾ ਪ੍ਰਦਰਸ਼ਨੀ ਲਈ ਵੀ ਰਾਖਵਾਂ ਰੱਖਿਆ ਹੋਇਆ ਹੈ।ਲਾਇਬਰੇਰੀ ਵਿਚ ਪਹਿਲੀ ਚਿੱਤਰ ਪ੍ਰਦਰਸ਼ਨੀ ਸ. ਜਰਨੈਲ ਸਿੰਘ ਆਰਟਿਸਟ ਦੀ ਲਾਈ ਗਈ ਸੀ। ਇਸ ਕਾਵਿ ਸ਼ਾਮ ਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਲਾਇਬ੍ਰੇਰੀ ਦੇ ਚਿੱਤਰਾਂ ਲਈ ਰਾਖਵੀਂ ਕੰਧ 'ਤੇ ਨਾਮਵਰ ਕਵਿੱਤਰੀ ਤੇ ਚਿਤਰਕਾਰ, ਬਿੰਦੂ ਮੁਠਾੜੂ ਦੀ ਦੋ ਮਹੀਨਿਆਂ ਲਈ ਕਲਾ ਪ੍ਰਦਰਸ਼ਨੀ ਲੱਗੀ ਹੋਈ ਸੀ, ਜਿਸ ਨੂੰ ਕਾਵਿ ਸ਼ਾਮ 'ਤੇ ਆਏ ਸਰੋਤਿਆਂ ਨੇ ਗਰੁੱਪਾਂ ਵਿਚ ਦੇਖਿਆ ਅਤੇ ਚਿੱਤਰਾਂ ਦੀ ਸ਼ਲਾਘਾ ਕੀਤੀ। ਇਹ ਪ੍ਰਦਰਸ਼ਨੀ ਅਗਸਤ ਮਹੀਨੇ ਦੇ ਅਖਰਿ ਤੱਕ ਰਹਿਣੀ ਹੈ। ਕਲਾ ਨਾਲ ਪਿਆਰ ਕਰਨ ਵਾਲੇ ਉਥੇ ਜਾ ਕੇ ਇਸ ਪ੍ਰਦਰਸ਼ਨੀ ਦਾ ਆਨੰਦ ਮਾਣ ਸਕਦੇ ਹਨ।