ਆਮਦਨ ਦਾ ਸਾਧਨ ਨਹੀਂ ਬਣ ਸਕੀ ਸਾਹਿਤ ਦੀ ਸਿਰਜਣਾ :ਸੁਰਿੰਦਰਪ੍ਰੀਤ ਘਣੀਆ
ਅਸ਼ੋਕ ਵਰਮਾ
ਬਠਿੰਡਾ, 2ਦਸੰਬਰ2021: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਮੀਤ ਪ੍ਰਧਾਨ ਅਤੇ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨੇ ਆਖਿਆ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਬਾਰਡਰਾਂ ‘ਤੇ ਤਿੰਨ ਖੇਤੀ ਕਨੂੰਨਾਂ ,ਐੱਮਐੱਸਪੀ, ਬਿਜਲੀ ਦੇ ਬਿੱਲਾਂ ਆਦਿ ਨੂੰ ਵਾਪਸ ਕਰਾਉਣ ਵਾਸਤੇ ਇੱਕ ਸਾਲ ਤੋਂ ਮੋਰਚਾ ਲਾਈ ਬੈਠੇ ਕਿਸਾਨਾਂ ਦੀ ਜਿੱਤ ’ਚ ਸਾਹਿਤਕਾਰਾਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਆਖਿਆ ਕਿ ਸਾਹਿਤਕਾਰਾਂ ਨੇ ਜਿੱਥੇ ਆਪਣੀਆਂ ਰਚਨਾਵਾਂ ਨਾਲ, ਇਸ ਸੰਘਰਸ਼ ਨੂੰ ਪ੍ਰਚੰਡ ਕਰਨ ’ਚ ਆਪਣੀ ਭੂਮਿਕਾ ਨਿਭਾਈ ਉਥੇ ਸਥਾਨਕ ਪੱਧਰ ਅਤੇ ਮੋਰਚਿਆਂ ’ਚ ਜਾ ਕੇ ਵੀ ਕਿਸਾਨ ਅੰਦੋਲਨ ਨੂੰ ਗਤੀਸ਼ੀਲ ਬਨਾਉਣ ਲਈ ਆਪਣੀ ਵਾਹ ਲਾਈ ਹੈ। ਇੱਕ ਵੈਬ ਚੈਨਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਐਂਕਰ ਵੀਰਪਾਲ ਕੌਰ ਬੀਬੀ ਵਾਲਾ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ ।
ਇਸ ਗੱਲਬਾਤ ਦੌਰਾਨ ਸੁਰਿੰਦਰਪ੍ਰੀਤ ਘਣੀਆ ਨੂੰ ਉਨ੍ਹਾਂ ਦੇ ਬਚਪਨ, ਪਰਿਵਾਰ, ਪੜ੍ਹਾਈ ਲਿਖਾਈ, ਪੇਸ਼ੇ’ ਲਿਖਣ ਦੇ ਸ਼ੌਕ , ਪਹਿਲੀ ਰਚਨਾ ਦੇ ਪ੍ਰਕਾਸ਼ਤ ਹੋਣ , ਪੁਸਤਕਾਂ , ਜਥੇਬੰਦਕ ਕਾਰਜਾਂ, ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਹੋਰ ਕਈ ਵਿਸ਼ਿਆਂ ਸਬੰਧੀ ਪ੍ਰਸ਼ਨ ਪੁੱਛੇ, ਜਿਨ੍ਹਾਂ ਦੇ ਸ੍ਰੀ ਘਣੀਆਂ ਨੇ ਵਿਸਥਾਰ ਸਾਹਿਤ ਜਵਾਬ ਦਿੱਤੇ। ਘਣੀਆ ਨੇ ਕਿਹਾ ਕਿ ਸਾਹਿਤ ਸਿਰਜਣਾ ਪੰਜਾਬੀ ਸਾਹਿਤਕਾਰਾਂ ਲਈ ਅਜੇ ਤੱਕ ਆਮਦਨ ਦਾ ਸਰੋਤ ਨਹੀਂ ਬਣ ਸਕੀ ਬਲਕਿ ਪੰਜਾਬੀ ਸਾਹਿਤਕਾਰ ਨੂੰ ਆਪਣੀ ਜੇਬ ਵਿੱਚੋਂ ਖਰਚਾ ਕਰਕੇ ਆਪਣੀਆਂ ਪੁਸਤਕਾਂ ਛਪਵਾਉਣੀਆਂ ਪੈਂਦੀਆਂ ਹਨ। ਪੁਸਤਕਾਂ ਨੂੰ ਰਿਲੀਜ਼ ਕਰਨ ਲਈ ਸਮਾਗਮ ਅਤੇ ਗੋਸ਼ਟੀਆਂ ਕਰਵਾਉਣੀਆਂ ਪੈਂਦੀਆਂ ਹਨ ਜਦੋਂਕਿ ਯੂਰਪੀਨ ਦੇਸ਼ਾਂ ਦੇ ਲੇਖਕਾਂ ਨੂੰ ਪ੍ਰਕਾਸ਼ਕਾਂ ਵੱਲੋਂ ਕਰੋੜਾਂ ਡਾਲਰ ਰਾਇਲਟੀ ਦਿੱਤੀ ਜਾਂਦੀ ਹੈ ।
ਘਣੀਆਂ ਦਾ ਕਹਿਣਾ ਸੀ ਕਿ ਉਹ ਇਸ ਤੋਂ ਪਹਿਲਾਂ ਦੋ ਪੁਸਤਕਾਂ “ਹਰਫ਼ਾਂ ਦੇ ਪੁਲ“ ਗ਼ਜ਼ਲ ਸੰਗ੍ਰਹਿ ਤੇ ਇਕ ਸੰਪਾਦਿਤ ਪੁਸਤਕ ‘ਪ੍ਰੋ. ਰੁਪਿੰਦਰ ਮਾਨ: ਜੀਵਨ ਤੇ ਰਚਨਾ‘ ਲਿਖ ਚੁੱਕੇ ਹਨ ਅਤੇ ਹੁਣ ਉਨ੍ਹਾਂ ਦਾ ‘ਟੂਮਾਂ’ ਨਾਮ ਦਾ ਤੀਸਰਾ ਗ਼ਜ਼ਲ ਸੰਗ੍ਰਹਿ ਇਸੇ ਦਸੰਬਰ ਵਿੱਚ ਛਪ ਕੇ ਆਉਣ ਦੀ ਪੂਰੀ ਉਮੀਦ ਹੈ । ਨਵੇਂ ਲੇਖਕਾਂ ਨੂੰ ਸੰਦੇਸ਼ ਦਿੰਦਿਆਂ ਘਣੀਆ ਨੇ ਕਿਹਾ ਕਿ ਉਹ ਛਪਣ ਦੀ ਕਾਹਲ ਨਾ ਕਰਨ ਬਲਕਿ ਕਰੜੀ ਮਿਹਨਤ ਕਾਰਨ, ਚੰਗੇ ਲੇਖਕਾਂ ਨੂੰ ਪੜ੍ਹਨ ਅਤੇ ਲਿਖਣ ਤੋਂ ਪਹਿਲਾਂ ਹਰ ਪੱਖ ਤੋਂ ਲੋੜੀਂਦਾ ਗਿਆਨ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਸਾਹਿਤ ਸਿਰਜਣਾ ਇੱਕ ਤਪੱਸਿਆ ਅਤੇ ਇਕ ਘਾਲਣਾ ਹੈ ਜਿਸ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ ਹੈ ।