ਭਾਸ਼ਾ ਵਿਭਾਗ ਵੱਲੋਂ ਵਾਰਿਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਤੇ ਸੈਮੀਨਾਰ ਤੇ ਗਾਇਣ ਭਲਕੇ
- ਲੋਕ ਗਾਇਕ ਹਰਿੰਦਰ ਸੰਧੂ, ਕੁਲਵਿੰਦਰ ਕੰਵਲ, ਦਿਲਬਾਗ ਚਾਹਲ ਕਰਨਗੇ ਵਾਰਿਸ ਸ਼ਾਹ ਦੀ ਹੀਰ ਦਾ ਗਾਇਣ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 12 ਜੁਲਾਈ 2022 - ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਪੁਰਾਤਨ ਪੰਜਾਬ ਦੇ ਮਕਬੂਲ ਸ਼ਾਇਰ ਵਾਰਿਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਅਤੇ ਗਾਇਨ ਸਮਾਗਮ 13 ਜੁਲਾਈ ਨੂੰ ਸਵੇਰੇ 10:00 ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਨੇ ਦੱਸਿਆ ਕਿ ਸਮਾਗਮ 'ਚ ਪੰਜਾਬ ਦੇ ਨਾਮਵਾਰ ਗਾਇਕ ਹਰਿੰਦਰ ਸੰਧੂ, ਕੁਲਵਿੰਦਰ ਕੰਵਲ, ਦਿਲਬਾਗ ਚਾਹਲ ਆਪਣੀ ਦਮਦਾਰ ਆਵਾਜ਼ 'ਚ ਵਾਰਿਸ ਸ਼ਾਹ ਦੀ ਹੀਰ ਦਾ ਗਾਇਣ ਕਰਨਗੇ ।
ਇਸ ਮੌਕੇ ਕੁੰਜੀਵਤ ਭਾਸ਼ਣ ਡਾ.ਦੇਵਿੰਦਰ ਸੈਫ਼ੀ ਉੱਘੇ ਕਵੀ ਅਤੇ ਚਿੰਤਕ ਦੇਣਗੇ । ਸਮਾਗਮ ਦੇ ਮੁੱਖ ਮਹਿਮਾਨ ਪ੍ਰਦੀਪ ਸੂਰੀ ਚੇਅਰਮੈੱਨ ਐੱਮ.ਜੀ.ਐੱਮ.ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਹੋਣਗੇ । ਸਮਾਗਮ ਦੀ ਪ੍ਰਧਾਨਗੀ ਡਾ.ਗੁਰਸੇਵਕ ਲੰਬੀ ਸਹਾਇਕ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਨਗੇ ।
ਵਿਸ਼ੇਸ਼ ਮਹਿਮਾਨਾਂ ਵਜੋਂ ਸੇਵਾ ਸਿੰਘ ਚਾਵਲਾ ਡਾਇਰੈੱਕਟਰ ਪਿ੍ੰਸੀਪਲ, ਐੱਮ.ਜੀ.ਐੱਮ ਸੀ.ਸੈ.ਸਕੂਲ ਫ਼ਰੀਦਕੋਟ ਅਤੇ ਸੱਤਪਾਲ ਭੀਖੀ ਉੱਘੇ ਕਵੀ ਸ਼ਾਮਲ ਹੋਣਗੇ । ਜ਼ਿਲਾ ਭਾਸ਼ਾ ਅਫ਼ਸਰ ਨੇ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਸਤੇ ਖੁੱਲਾ ਸੱਦਾ ਦਿੱਤਾ ਹੈ । ਇਸ ਮੌਕੇ ਉੱਘੇ ਕਵੀ/ ਰੰਗਕਰਮੀ ਪਿ੍ੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਜ਼ਿਲਾ ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ, ਸੀਨੀਅਰ ਸਹਾਇਕ ਅਮਰਜੀਤ ਸਿੰਘ, ਕਲਰਕ ਮਿਸਟਰ ਰਾਹੁਲ ਵੀ ਹਾਜ਼ਰ ਸਨ ।