ਲੇਖਿਕਾ ਸੁਧਾ ਜੈਨ 'ਸੁਦੀਪ' ਦੀ ਹਿੰਦੀ ਲਘੂ ਨਾਟਕ ਸੰਗ੍ਰਹਿ ਪੁਸਤਕ 'ਜੀਓ ਔਰ ਜੀਨੇ ਦੋ' ਲੋਕ ਅਰਪਣ
ਪਟਿਆਲਾ, 25 ਜੁਲਾਈ 2021 - ਸਾਹਿਤਕਾਰਾਂ ਦੇ ਮੱਕੇ ਭਾਸ਼ਾ ਵਿਭਾਗ, ਪੰਜਾਬ (ਪਟਿਆਲਾ) ਵਿਖੇ ਪ੍ਰਸਿੱਧ ਲੇਖਿਕਾ ਸੁਧਾ ਜੈਨ 'ਸੁਦੀਪ' ਦੀ ਹਿੰਦੀ ਲਘੂ ਨਾਟਕ ਸੰਗ੍ਰਹਿ ਪੁਸਤਕ 'ਜੀਓ ਔਰ ਜੀਨੇ ਦੋ' ਮਾਨਯੋਗ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਨੇ ਕੀਤੀ ਲੋਕ ਅਰਪਣ।
ਪੰਜਾਬੀ-ਹਿੰਦੀ ਸਾਹਿਤ ਦੀ ਚਰਚਿਤ ਅਤੇ ਪ੍ਰਸਿੱਧ ਲੇਖਿਕਾ -ਹਿੰਦੀ ਅਧਿਆਪਕਾ ਸ਼੍ਰੀਮਤੀ ਸੁਧਾ ਜੈਨ 'ਸੁਦੀਪ' ਦੀ ਹਿੰਦੀ ਲਘੂ ਨਾਟਕ ਸੰਗ੍ਰਹਿ ਪੁਸਤਕ 'ਜੀਓ ਔਰ ਜੀਨੇ ਦੋ' ਮਾਨਯੋਗ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਮੈਡਮ ਕਰਮਜੀਤ ਕੌਰ ਜੀ ਨੇ ਪਟਿਆਲਾ ਵਿਖੇ ਦਫ਼ਤਰ ਵਿੱਚ ਆਪਣੇ ਕਰ ਕਮਲਾਂ ਨਾਲ਼ ਲੋਕ ਅਰਪਣ ਕੀਤੀ।
ਇਸ ਸਿਲਸਿਲੇ ਵਿੱਚ ਮਸ਼ਹੂਰ ਸ਼ਾਇਰ ਬਾਬੂ ਰਾਮ ਦੀਵਾਨਾ (ਸਾਬਕਾ ਸਹਾਇਕ ਡਾਇਰੈਕਟਰ), ਮੈਡਮ ਵੀਰਪਾਲ ਕੌਰ (ਡਿਪਟੀ ਡਾਇਰੈਕਟਰ), ਮੈਡਮ ਪ੍ਰਿਤਪਾਲ ਕੌਰ(ਸਹਾਇਕ ਡਾਇਰੈਕਟਰ), ਸ੍ਰੀ ਪ੍ਰਵੀਨ ਕੁਮਾਰ(ਸਹਾਇਕ ਡਾਇਰੈਕਟਰ), ਸ੍ਰੀ ਤਜਿੰਦਰ ਸਿੰਘ ਗਿੱਲ(ਸਹਾਇਕ ਡਾਇਰੈਕਟਰ), ਮੈਡਮ ਦਵਿੰਦਰ ਕੌਰ (ਸੀਨੀਅਰ ਸਹਾਇਕ), ਸ.ਦਲਜੀਤ ਸਿੰਘ ਅਰੋੜਾ, ਸੰਪਾਦਕ "ਸੋਚ ਦੀ ਸ਼ਕਤੀ" ਪਟਿਆਲਾ, ਖ਼ੁਦ ਲੇਖਿਕਾ ਸੁਧਾ ਜੈਨ 'ਸੁਦੀਪ' ਅਤੇ ਉਨ੍ਹਾਂ ਦਾ ਪੁੱਤਰ ਕਲਰਕਾਰ ਉਦੇ ਜੈਨ ਓਸਵਾਲ ਰਿਲੀਜ਼ ਪ੍ਰੋਗਰਾਮ ਵਿੱਚ ਸਹਿਯੋਗੀ ਰਹੇ।
ਉਕਤ ਪੁਸਤਕ ਪਿਛਲੇ ਸਾਲ ਪ੍ਰਕਾਸ਼ਤ ਹੋਈ ਸੀ। ਲੋਕ ਅਰਪਣ ਲਈ ਸੁਖਾਵੇਂ ਮਾਹੌਲ ਦੀ ਉਡੀਕ ਵਿੱਚ ਸਮਾਂ ਲੰਘਦਾ ਗਿਆ। ਹੁਣ ਹੋਰ ਦੇਰੀ ਕੀਤੇ ਬਗ਼ੈਰ ਸਾਹਿਤਕਾਰਾਂ ਦੇ ਮੱਕੇ ਦੇ ਸੰਚਾਲਕ ਮੈਡਮ ਕਰਮਜੀਤ ਕੌਰ ਜੀ ਨੂੰ ਇਸ ਲਘੂ ਨਾਟਕ ਸੰਗ੍ਰਹਿ ਪੁਸਤਕ"ਜੀਓ ਔਰ ਜੀਨੇ ਦੋ" ਨੂੰ ਨਾਟਕਕਾਰਾਂ ਦੇ ਤੋਖਕੇ ਨੂੰ ਦੇਖਦਿਆਂ ਪਾਠਕਾਂ ਵਿੱਚ ਪੁੱਜਦਾ ਕਰਨ ਲਈ ਲੋਕ ਅਰਪਣ ਕਰਨ ਦੀ ਬੇਨਤੀ ਕੀਤੀ ਗਈ ਜੋ ਉਨ੍ਹਾਂ ਪ੍ਰਵਾਨ ਕਰ ਲਈ।
ਬਹੁਤ ਖੂਬਸੂਰਤ ਢੰਗ ਨਾਲ ਉਕਤ ਪੁਸਤਕ ਰਿਲੀਜ਼ ਕੀਤੀ ਗਈ ਅਤੇ ਡਾਇਰੈਕਟਰ ਸਾਹਿਬਾ ਨੇ ਸੁਧਾ ਜੈਨ 'ਸੁਦੀਪ' ਦੁਆਰਾ ਲਘੂ ਨਾਟਕ ਖੇਤਰ ਵਿੱਚ ਸਖ਼ਤ ਮਿਹਨਤ ਤੇ ਲਗਨ ਨਾਲ਼ ਕੀਤੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਵਿੱਚ ਉਜਾਗਰ ਕੀਤੇ ਵਿਸ਼ਿਆਂ ਨੂੰ ਸਮੇਂ ਦੇ ਹਾਣ ਦੇ ਗਰਦਾਨਿਆ ਅਤੇ ਰੰਗਮੰਚੀ ਰੰਗ ਵਿੱਚ ਦਰਸਾਈਆਂ ਸਮਾਜ ਦੀਆਂ ਸਮੱਸਿਆਂਵਾਂ ਤੇ ਉਨ੍ਹਾਂ ਦੇ ਸਮਾਧਾਨ ਨੂੰ ਸ਼ਲਾਘਾਯੋਗ ਆਖਿਆ।
ਬਾਬੂ ਰਾਮ ਦੀਵਾਨਾ ਦੱਸਿਆ ਕਿ ਪੁਸਤਕ "ਜੀਓ ਔਰ ਜੀਨੇ ਦੋ" ਜੋ ਕਿ ਸੱਧਰਾਂ ਤੇ ਸਖ਼ਤ ਮਿਹਨਤ ਨਾਲ਼ ਤਿਆਰ ਕੀਤੀ ਗਈ ਹੈ। ਲੇਖਿਕਾ ਨੇ ਵਿਸਥਾਰ ਕਰਦਿਆਂ ਦੱਸਿਆ ਕਿ ਪੁਸਤਕ 15 ਵੱਖ ਵੱਖ ਵਿਸ਼ਿਆਂ ਤੇ ਆਧਾਰਿਤ ਲਘੂ ਨਾਟਕ ਸੰਗ੍ਰਹਿ ਹੈ। ਇਸ ਪੁਸਤਕ ਨੂੰ ਨੇਪਰੇ ਚਾੜ੍ਹਨ ਵਿੱਚ ਡਾ. ਦੇਵੇਚਛਾ, ਡਾ. ਸੁਨੀਲ ਬਹਿਲ, ਲੇਖਕ ਤੇ ਅਨੁਵਾਦਕ ਸ਼੍ਰੀ ਬਾਬੂ ਰਾਮ ਦੀਵਾਨਾ ਅਤੇ ਅੰਤਰਰਾਸ਼ਟਰੀ ਰੰਗਮੰਚੀ ਅਦਾਕਾਰ ਸ਼੍ਰੀ ਬਲਕਾਰ ਸਿੱਧੂ ਦਾ ਭਰਪੂਰ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਡਾ. ਜੀ.ਐਸ.ਆਨੰਦ ਪ੍ਰਧਾਨ, ਗਗਨਦੀਪ ਸਾਹਿਤ ਸਾਧਨਾ ਮੰਚ,(ਪਟਿਆਲਾ) ਦੇ ਨਾਲ਼ ਮੰਚ ਦੀ ਕਾਰਜਕਾਰਨੀ ਦੇ ਮੈਂਬਰ ਬਲਵੀਰ ਜਲਾਲਾਬਾਦੀ, ਬਚਨ ਸਿੰਘ ਗੁਰਮ, ਚਮਕੌਰ ਸਿੰਘ ਆਦਿ ਹਾਜ਼ਰ ਹੋਏ। ਅੰਤ ਵਿੱਚ ਸੁਧਾ ਜੈਨ 'ਸੁਦੀਪ' ਨੇ ਡਾਇਰੈਕਟਰ ਸਾਹਿਬਾ ਤੇ ਸਮੂਹ ਹਾਜ਼ਰ ਸਾਹਿਤਕਾਰਾਂ, ਪਤਵੰਤੇ ਸਜਣਾਂ ਅਤੇ ਵਿਭਾਗੀ ਅਮਲੇ ਦਾ ਧੰਨਵਾਦ ਕੀਤਾ।