ਲੁਧਿਆਣਾ 18 ਮਈ 2018: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਪੰਜਾਬ ਸਾਹਿਤ ਅਕੈਡਮੀ ਲੁਧਿਆਣਾ ਅਤੇ ਪੀਏਯੂ ਸਾਹਿਤ ਸਭਾ ਦੇ ਸਹਿਯੋਗ ਨਾਲ ਪ੍ਰਵਾਸੀ ਪੰਜਾਬੀ ਲੇਖਕਾ ਅਤੇ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਹਰਕੀਰਤ ਕੌਰ ਚਾਹਲ ਦਾ ਨਵਾਂ ਨਾਵਲ ਥੋਹਰ ਦੇ ਫੁੱਲ ਅੱਜ ਲੋਕ ਅਰਪਣ ਕੀਤਾ ਗਿਆ । ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਮਰਜੀਤ ਸਿੰਘ ਨੰਦਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ. ਸਿੰਘ, ਪੰਜਾਬੀ ਭਵਨ ਸਰੀ ਦੇ ਸੰਚਾਲਕ ਸੁੱਖੀ ਬਾਠ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਪ੍ਰਸਿੱਧ ਲੇਖਕ ਬਲਦੇਵ ਸਿੰਘ ਸੜਕਨਾਮਾ, ਗੁਰਭਜਨ ਗਿੱਲ,ਪੰਜਾਬੀ ਯੂਨੀਵਰਸਿਟੀ ਪੱਤਰਕਾਰਤਾ ਵਿਭਾਗ ਦੇ ਡੀਨ ਡਾ. ਹਰਜਿੰਦਰ ਸਿੰਘ ਵਾਲੀਆ, ਪੰਜਾਬੀ ਕਵੀ ਅਮਰ ਸੂਫ਼ੀ ਅਤੇ ਹਰਕੀਰਤ ਕੌਰ ਚਾਹਲ ਸ਼ਾਮਲ ਸਨ ।
ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਆਏ ਮਹਿਮਾਨਾਂ ਅਤੇ ਲੇਖਕਾਂ ਦਾ ਸਵਾਗਤ ਕਰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਾਹਿਤਕ ਵਿਰਾਸਤ ਦੀ ਗੱਲ ਕੀਤੀ । ਉਹਨਾਂ ਨੇ ਪੰਜਾਬੀ ਸਾਹਿਤ ਸੱਭਿਆਚਾਰ ਅਤੇ ਭਾਸ਼ਾ ਦੇ ਖੇਤਰ ਵਿੱਚ ਪੀਏਯੂ ਦੀਆਂ ਪ੍ਰਾਪਤੀਆਂ ਨੂੰ ਉਭਾਰਦਿਆਂ ਨਵੇਂ ਲੇਖਕਾਂ ਅਤੇ ਸਿਰਜਕਾਂ ਲਈ ਇਸ ਯੂਨੀਵਰਸਿਟੀ ਨੂੰ ਬਹੁਤ ਅਹਿਮ ਥਾਂ ਕਿਹਾ । ਬਲਦੇਵ ਸਿੰਘ ਸੜਕਨਾਮਾ ਨੇ ਹਰਕੀਰਤ ਕੌਰ ਚਾਹਲ ਦੇ ਨਵੇਂ ਨਾਵਲ ਨੂੰ ਪਰਵਾਸੀ ਨਾਵਲਕਾਰੀ ਦਾ ਨਵਾਂ ਅਧਿਆਇ ਕਿਹਾ । ਉਹਨਾਂ ਨੇ ਨਾਵਲੀ ਵਿਧਾ ਵਿੱਚ ਸਿਰਜਣਾ ਕਰਨ ਦੀ ਔਖਿਆਈ ਬਾਰੇ ਵਿਸਥਾਰ ਵਿੱਚ ਚਰਚਾ ਕਰਦਿਆਂ ਹਰਕੀਰਤ ਕੌਰ ਚਾਹਲ ਦੇ ਨਾਵਲਾਂ ਨੂੰ ਇਸ ਪੱਖ ਤੋਂ ਬਹੁਤ ਕਾਮਯਾਬ ਕਰਾਰ ਦਿੱਤਾ ।
ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਹਰਕੀਰਤ ਕੌਰ ਚਾਹਲ ਦੀ ਲਗਾਤਾਰ ਸਿਰਜਣਾ ਦੀ ਰੁਚੀ ਦੀ ਵਡਿਆਈ ਕੀਤੀ ਅਤੇ ਉਸਦੇ ਨਾਵਲਾਂ ਦੀ ਭਾਸ਼ਾ ਨੂੰ ਵਿਸ਼ੇਸ਼ ਤੌਰ ਤੇ ਮਿੱਠੀ ਮਲਵਈ ਦੀ ਗੁਆਚ ਰਹੀ ਭਾਸ਼ਾਈ ਬਣਤਰ ਕਿਹਾ ।
ਡਾ. ਹਰਜਿੰਦਰ ਸਿੰਘ ਵਾਲੀਆ ਨੇ ਹਰਕੀਰਤ ਕੌਰ ਚਾਹਲ ਦੇ ਨਾਵਲ ਨੂੰ ਸਮਕਾਲੀ ਪੰਜਾਬ ਵਿੱਚ ਔਰਤ ਦੀ ਦੁਖਾਂਤਕ ਸਥਿਤੀ ਦਾ ਦਸਤਾਵੇਜ਼ ਦੱਸਿਆ ਅਤੇ ਨਾਲ ਹੀ ਇਸ ਸਥਿਤੀ ਤੋਂ ਪਾਰ ਜਾਣ ਦੀ ਉਸਦੀ ਇੱਛਾ ਦੀ ਸ਼ਲਾਘਾ ਵੀ ਕੀਤੀ । ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਮਰਜੀਤ ਸਿੰਘ ਨੰਦਾ ਨੇ ਚਹਿਲ ਪਰਿਵਾਰ ਨਾਲ ਯੂਨੀਵਰਸਿਟੀ ਦੇ ਪੁਰਾਣੇ ਰਿਸ਼ਤਿਆਂ ਨੂੰ ਯਾਦ ਕਰਦਿਆਂ ਹਰਕੀਰਤ ਕੌਰ ਨੂੰ ਵਿਦੇਸ਼ ਵਿੱਚ ਰਹਿ ਕੇ ਸਿਰਜਣਾ ਦੇ ਰਾਹ ਤੁਰਨ ਲਈ ਮੁਬਾਰਕਬਾਦ ਦਿੱਤੀ ।
ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਨੇ ਇਸ ਨਾਵਲ ਨੂੰ ਰਿਲੀਜ਼ ਕੀਤਾ । ਹੋਰਨਾਂ ਤੋਂ ਇਲਾਵਾ ਇਸ ਸਮਾਗਮ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਸ. ਗੁਰਪ੍ਰੀਤ ਸਿੰਘ ਤੂਰ, ਪ੍ਰਸਿੱਧ ਗਲਪਕਾਰ ਗੁਰਮੀਤ ਕੜਿਆਲਵੀ, ਗੁਰਚਰਨ ਕੌਰ ਕੋਚਰ,ਸਤੀਸ਼ ਗੁਲਾਟੀ, ਜਗਤਾਰ ਸੰਘੇੜਾ, ਪ੍ਰਿਤਪਾਲ ਕੌਰ ਚਾਹਲ ਆਦਿ ਪ੍ਰਮੁੱਖ ਸਨ । ਸਮਾਗਮ ਦਾ ਸੰਚਾਲਨ ਕਰਦਿਆਂ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੀਏਯੂ ਸਾਹਿਤ ਸਭਾ ਨੂੰ 1987 ਤੋਂ ਲਗਾਤਾਰ ਸਰਗਰਮ ਗਤੀਵਿਧੀਆਂ ਦਾ ਕੇਂਦਰ ਕਿਹਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਿਜਪ੍ਰੀਤ ਮਾਂਗਟ, ਗੁਰਚਰਨ ਕੌਰ ਕੋਚਰ, ਹਰਲੀਨ ਸੋਨਾ, ਤਰਲੋਚਨ ਲੋਚੀ, ਡਾ. ਫਕੀਰ ਚੰਦ ਸ਼ੁਕਲਾ, ਸੁਲਤਾਨਾ ਬੇਗਮ, ਰਮਨਦੀਪ ਵਿਰਕ, ਪਵਿੱਤਰ ਕੌਰ ਮਾਟੀ, ਡਾ. ਜਗਤਾਰ ਧੀਮਾਨ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੇਖਕ, ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ ।
ਸਮਾਗਮ ਦਾ ਸਮੁੱਚਾ ਪ੍ਰਬੰਧ ਕਰਨ ਵਿੱਚ ਡਾ. ਅਪਮਿੰਦਰ ਸਿੰਘ ਬਰਾੜ ਨੇ ਵਿਸ਼ੇਸ਼ ਤੌਰ ਤੇ ਸਰਗਰਮੀ ਦਿਖਾਈ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹਰਕੀਰਤ ਕੌਰ ਚਾਹਲ ਦੇ ਨਾਵਲਥੋਹਰ ਦੇ ਫੁੱਲ ਦੇ ਬਹਾਨੇ ਬਹੁਤ ਖੂਬਸੂਰਤ ਸਾਹਿਤਕ ਗੱਲਾਂ ਕੀਤੀਆਂ