ਹਰਦਮ ਮਾਨ
ਸਰੀ, 29 ਅਕਤੂਬਰ 2019 - ਗ਼ਜ਼ਲ ਮੰਚ ਸਰੀ ਵੱਲੋਂ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਦੀ ਪੁਸਤਕ “ਪੌਣਾਂ ਦੇ ਨਕਸ਼” ਦਾ ਰਿਲੀਜ਼ ਸਮਾਰੋਹ ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ, ਸਰੀ-ਡੈਲਟਾ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰੁਪਿੰਦਰ ਰੂਪੀ ਵੱਲੋਂ ਸ੍ਰੀ ਭਨੋਟ ਦੀ ਗ਼ਜ਼ਲ ਗਾਇਣ ਨਾਲ ਹੋਈ ਅਤੇ ਫਿਰ ਮੀਨੂੰ ਬਾਵਾ, ਡਾ. ਰਣਦੀਪ ਮਲਹੋਤਰਾ, ਕਮਲ ਭਨੋਟ, ਮਨਰਾਜ ਹਸਨ, ਬਲਰਾਜ ਬਾਸੀ ਅਤੇ ਗੋਗੀ ਬੈਂਸ ਨੇ ਪੁਸਤਕ ਵਿਚਲੀਆਂ ਕੁਝ ਗ਼ਜ਼ਲਾਂ ਨੂੰ ਆਪਣੇ ਸੁਰੀਲੇ ਸੁਰ ਦੇ ਕੇ ਸਮਾਗਮ ਨੂੰ ਸੰਗੀਤਮਈ ਬਣਾ ਦਿੱਤਾ।
ਉਪਰੰਤ ਸ਼ਾਇਰ ਰਾਜਵੰਤ ਰਾਜ ਨੇ ਬਹੁਤ ਹੀ ਖੂਬਸੂਰਤ ਲਫ਼ਜ਼ਾਂ ਰਾਹੀਂ ਕ੍ਰਿਸ਼ਨ ਭਨੋਟ ਦੀ ਸ਼ਾਇਰੀ ਅਤੇ ਇਸ ਪੁਸਤਕ ਸੰਬਧੀ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ। ਇੰਦਰਜੀਤ ਧਾਮੀ ਨੇ ਵੀ ਆਪਣੇ ਵਿਲੱਖਣ ਅੰਦਾਜ਼ ਵਿਚ “ਪੌਣਾਂ ਦੇ ਨਕਸ਼” ਅਤੇ ਕ੍ਰਿਸ਼ਨ ਭਨੋਟ ਦੀ ਸ਼ਾਬਦਿਕ ਤਸਵੀਰ ਰੂਪਮਾਨ ਕੀਤੀ। ਉਰਦੂ, ਪੰਜਾਬੀ ਸ਼ਾਇਰ ਨਦੀਮ ਪਰਮਾਰ ਅਤੇ ਦਵਿੰਦਰ ਗੌਤਮ ਨੇ ਕ੍ਰਿਸ਼ਨ ਭਨੋਟ ਦੀ ਸ਼ਾਇਰੀ ਦੀ ਗੱਲ ਕਰਦਿਆਂ ਕਿਹਾ ਕਿ ਇਹ ਸ਼ਾਇਰੀ ਆਮ ਆਦਮੀ ਦੇ ਦੁੱਖਾਂ, ਸੁੱਖਾਂ ਅਤੇ ਸਮਾਜ ਦੇ ਹਰ ਤਰ੍ਹਾਂ ਦੇ ਵਰਤਾਰੇ ਦੀ ਗੱਲ ਕਰਦੀ ਹੈ ਅਤੇ ਮਨੁੱਖਤਾ ਦੀ ਬਾਤ ਪਾਉਂਦੀ ਹੈ।
ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਹਰਚਰਨ ਸਿੰਘ ਸੰਧੂ, ਬਲਵੀਰ ਕੌਰ ਢਿੱਲੋਂ, ਖੁਸ਼ਹਾਲ ਗਲੋਟੀ, ਨਰਿੰਦਰ ਭਾਗੀ, ਪ੍ਰਿਤਪਾਲ ਗਿੱਲ, ਬਿੱਕਰ ਸਿੰਘ ਖੋਸਾ, ਹਰਚੰਦ ਸਿੰਘ ਗਿੱਲ, ਬਿੰਦੂ ਮਠਾੜੂ, ਜਸਬੀਰ ਮਾਨ, ਨਾਵਲਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਦਰਸ਼ਨ ਸੰਘਾ, ਗੁਰਮੀਤ ਸਿੰਘ ਸਿੱਧੂ, ਹਰਪਾਲ ਸਿੰਘ ਬਰਾੜ, ਮਨਜੀਤ ਸਿੰਘ ਮੱਲ੍ਹਾ, ਗੁਰਚਰਨ ਟੱਲੇਵਾਲੀਆ,ਅਮਰੀਕ ਪਲਾਹੀ, ਕਵਿੰਦਰ ਚਾਂਦ, ਅਮਰੀਕ ਸਿੰਘ ਲੇਲ੍ਹ, ਹਰਦਮ ਸਿੰਘ ਮਾਨ, ਡਾ. ਪ੍ਰਿਥੀਪਾਲ ਸੋਹੀ, ਦਵਿੰਦਰ ਬਛੜਾ, ਮੋਹਨ ਬਛੜਾ ਨੇ ਵੀ ਆਪਣੀ ਹਾਜਰੀ ਲੁਆਈ। ਸਮਾਗਮ ਦਾ ਸੰਚਾਲਨ ਦਸ਼ਮੇਸ਼ ਗਿੱਲ ਫਿਰੋਜ਼ ਨੇ ਖੂਬਸੂਰਤ ਅੰਦਾਜ਼ ਵਿਚ ਕੀਤਾ।