ਅਸ਼ੋਕ ਵਰਮਾ
ਬਠਿੰਡਾ, 16 ਜੂਨ 2020 - ਪੰਜਾਬੀ ਸਾਹਿਤ ਸਭਾ ਬਠਿੰਡਾ (ਰਜਿ) ਨੇ ਉੱਘੇ ਵਿਦਵਾਨ ਪ੍ਰੋ ਗੁਰਬਚਨ ਸਿੰਘ ਨਰੂਆਣਾ ਦੇ ਅਕਾਲ ਚਲਾਣਾ ਕਰ ਜਾਣ ‘ਤੇ ਅਪਣੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਹੈ। ਸਾਹਿਤ ਸਭਾ ਦੇ ਪ੍ਰਧਾਨ ਜੇ ਸੀ ਪਰਿੰਦਾ ਅਤੇ ਜਨਰਲ ਸਕੱਤਰ ਰਣਬੀਰ ਰਾਣਾ ਨੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਪ੍ਰੋ ਨਰੂਆਣਾ ਨੇ ਸਾਰੀ ਉਮਰ ਗਿਆਨ ਰੂਪੀ ਦੀਵਾ ਬਲਦਾ ਰੱਖਿਆ। ਉਹ ਉਰਦੂ, ਫਾਰਸੀ, ਸੰਸਕਿ੍ਰਤ ਅਤੇ ਪੰਜਾਬੀ ਦੇ ਉੱਘੇ ਵਿਦਵਾਨ ਅਤੇ ਸਾਹਿਤਕਾਰ ਸਨ।ਉਹਨਾਂ ਨੇ ਅਪਣੇ ਵਿਦਿਆਰਥੀਆਂ ਨੂੰ ਜਿੱਥੇ ਚਾਨਣ ਦੀ ਲੋਅ ਨਾਲ ਉਹਨਾਂ ਦੇ ਜੀਵਨ ਨੂੰ ਰੁਸ਼ਨਾਇਆ ਉੱਥੇ ਸਾਹਿਤ ਦੀ ਝੋਲੀ ਵੀ ਆਪਣੀਆਂ ਲਿਖਤਾਂ ਅਤੇ ਅਨੁਵਾਦਤ ਸਾਹਿਤ ਨਾਲ ਭਰੀ ਹੈ।ਉਹਨਾਂ ਦੀ ਇਸ ਸਾਹਿਤਕ ਘਾਲਣਾ ਤੇ ਸਮਾਜ ਅਤੇ ਸਾਹਿਤਕ ਹਲਕਿਆਂ ਨੂੰ ਹਮੇਸ਼ਾਂ ਮਾਣ ਰਹੇਗਾ। ਸਭਾ ਦੇ ਪ੍ਰਚਾਰ ਸਕੱਤਰ ਸ਼੍ਰੀ ਅਮਨ ਦਾਤੇਵਾਸੀਆ ਨੇ ਇਹ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਭਾ ਕਰੋਨਾ ਸੰਕਟ ਤੋਂ ਰਾਹਤ ਮਿਲਦਿਆਂ ਹੀ ਉਹਨਾਂ ਦੀ ਯਾਦ ਵਿਚ ਸਾਹਿਤਕ ਸਮਾਗਮ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ।
ਓਧਰ ਸਭਾ ਆਗੂ ਪ੍ਰਿੰ. ਜਗਦੀਸ਼ ਸਿੰਘ ਘਈ,ਆਲੋਚਕ ਗੁਰਦੇਵ ਖੋਖਰ, ਜਸਪਾਲ ਮਾਨਖੇੜਾ, ਨਾਵਲਕਾਰ ਨੰਦ ਸਿੰਘ ਮਹਿਤਾ, ਭੋਲਾ ਸਿੰਘ ਸ਼ਮੀਰੀਆ, ਰਵਿੰਦਰ ਸੰਧੂ, ਰਣਜੀਤ ਗੌਰਵ, ਦਮਜੀਤ ਦਰਸ਼ਨ, ਲਛਮਣ ਮਲੂਕਾ, ਹਰਬੰਸ ਬਰਾੜ, ਵਿਕਾਸ ਕੌਸ਼ਲ, ਸੇਵਕ ਸਮੀਰੀਆ, ਦਲਜੀਤ ਬੰਗੀ, ਅਮਰ ਸਿੰਘ ਸਿੱਧੂ, ਦਿਲਬਾਗ ਸਿੰਘ ,ਲੀਲਾ ਸਿੰਘ ਰਾਏ ਨੇ ਅਪਣੀਆਂ ਸੰਵੇਦਨਾਵਾਂ ਰਾਹੀਂ ਪ੍ਰੋ ਨਰੂਆਣਾ ਨੂੰ ਯਾਦ ਕਰਦਿਆਂ ਉਹਨਾਂ ਦੀ ਵਿਦਵਤਾ, ਸਾਦਗੀ ਅਤੇ ਜੀਵਨ ਸ਼ੈਲੀ ਦਾ ਜਿਕਰ ਕਰਦਿਆਂ ਕਿਹਾ ਕਿ ਅਜਿਹੇ ਵਿਦਵਾਨ ਭਾਵੇਂ ਸਰੀਰਕ ਤੌਰ ਤੇ ਦੂਰ ਚਲੇ ਜਾਂਦੇ ਹਨ ਪਰ ਲੋਕਾਂ ਦੇ ਦਿਲਾਂ ਤੇ ਸਦਾ ਹੀ ਰਾਜ ਕਰਦੇ ਰਹਿੰਦੇ ਹਨ ਪਰ ਉਹਨਾਂ ਦੀਆਂ ਲਿਖਤਾਂ ਸਾਨੂੰ ਸੇਧ ਦਿੰਦੀਆਂ ਰਹਿਣਗੀਆਂ। ਸਮੂਹ ਲੇਖਕਾਂ ਨੇ ਮਹਿਸੂਸ ਕੀਤਾ ਕਿ ਕਰੋਨਾ ਸੰਕਟ ਕਰਕੇ ਉਹ ਉਹਨਾਂ ਦੇ ਸਸਕਾਰ ਸਮੇਂ ਸ਼ਾਮਲ ਨਹੀਂ ਹੋ ਸਕੇ ਪਰ ਉਹਨਾਂ ਦੇ ਅਕਾਲ ਚਲਾਣੇ ਤੇ ਭਰੇ ਮਨ ਨਾਲ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।