ਲੁਧਿਆਣਾ: 5 ਅਗਸਤ 2019 - ਪਿਛਲੇ 27 ਸਾਲ ਤੋਂ ਡੈਨਮਾਰਕ (ਯੋਰਪ)ਵੱਸਦੇ ਅੰਮ੍ਰਿਤਾ ਪ੍ਰੀਤਮ ਦੀ ਸੰਪਾਦਨਾ ਹੇਠ ਨਵੀਂ ਦਿੱਲੀ ਤੋਂ ਛਪਦੇ ਰਹੇ ਮਾਸਿਕ ਪੱਤਰ ਨਾਗਮਣੀ ਚ ਸਤਵੇਂ ਅਠਵੇਂ ਦਹਾਕੇ ਚ ਛਪਦੇ ਰਹੇ ਪੰਜਾਬੀ ਲੇਖਕ ਤੇ ਗੰਭੀਰ ਸਾਹਿੱਤ ਚਿੰਤਕ ਜਗਮੇਲ ਸਿੰਘ ਸਿੱਧੂ ਸੰਗਰੂਰ ਵੱਲੋਂ ਸੰਪਾਦਿਤ ਪੁਸਤਕ ਪੱਤਿਆਂ ਦੀ ਗੁਫ਼ਤਗੂ ਦਾ ਲੋਕ ਅਰਪਣ ਸਮਾਗਮ ਬੀਤੀ ਸ਼ਾਮ ਡਾ: ਮ ਸ ਰੰਧਾਵਾ ਆਰਟ ਗੈਲਰੀ, ਪੰਜਾਬੀ ਭਵਨ ਲੁਧਿਆਣਾ ਵਿੱਚ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਪੱਤਿਆਂ ਦੀ ਗੁਫ਼ਤਗੂ ਨੂੰ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਪੰਜਾਬ ਸਰਕਾਰ ਦੇ ਸੇਵਾ ਮੁਕਤ ਪ੍ਰਿੰਸੀਪਲ ਸਕੱਤਰ ਤੇ ਅਕਾਡਮੀ ਦੇ ਸਰਪ੍ਰਸਤ ਸ: ਇਕਬਾਲ ਸਿੰਘ ਸਿੱਧੂ ਆਈ ਏ ਐੱਸ, ਪ੍ਰੋ:ਗੁਰਭਜਨ ਸਿੰਘ ਗਿੱਲ, ਡਾ: ਜਗਵਿੰਦਰ ਜੋਧਾ, ਬੂਟਾ ਸਿੰਘ ਚੌਹਾਨ, ਪੁਸਤਕ ਦੇ ਸੰਪਾਦਕ ਜਗਮੇਲ ਸਿੰਘ ਸਿੱਧੂ ਤੇ ਮਨਜਿੰਦਰ ਧਨੋਆ ਨੇ ਲੋਕ ਅਰਪਣ ਕੀਤਾ।
ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਮਨਜਿੰਦਰ ਧਨੋਆ ਨੇ ਸੁਆਗਤੀ ਸ਼ਬਦ ਬੋਲਦਿਆਂ ਦੱਸਿਆ ਕਿ ਜਗਮੇਲ ਸਿੰਘ ਸਿੱਧੂ ਨੇ ਇਸ ਪੁਸਤਕ ਵਿੱਚ ਬਾਰਾਂ ਪੰਜਾਬੀ ਗ਼ਜ਼ਲਕਾਰਾਂ ਗੁਰਭਜਨ ਗਿੱਲ,ਵਿਜੈ ਵਿਵੇਕ, ਗੁਰਤੇਜ ਕੋਹਾਰਵਾਲਾ, ਬੂਟਾ ਸਿੰਘ ਚੌਹਾਨ, ਤ੍ਰੈਲੋਚਨ ਲੋਚੀ,ਰਣਜੀਤ ਸਰਾਂਵਾਲੀ, ਜਗਤਾਰ ਸੇਖਾ, ਮਨਜੀਤ ਪੁਰੀ, ਮਨਜਿੰਦਰ ਧਨੋਆ, ਕੁਲਵਿੰਦਰ ਬੱਛੋਆਣਾ, ਬਲਕਾਰ ਔਲਖ, ਤੇ ਗਗਨਦੀਪ ਸਿੰਘ ਦੀਪ ਦੀਆਂ ਮੁਲਾਕਾਤਾਂ ਵੱਖ ਵੱਖ ਲੇਖਕਾਂ ਤੋਂ ਕਰਵਾ ਕੇ ਪੇਸ਼ ਕੀਤੀਆਂ ਹਨ। ਇਸ ਕਿਤਾਬ ਨੂੰ ਲੋਕ ਗੀਤ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕੀਤਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਇਸ ਕਿਤਾਬ ਦੇ ਸੰਪਾਦਕ ਜਗਮੇਲ ਸਿੱਧੂ ਤੇ ਪੁਸਤਕ ਬਾਰੇ ਚਰਚਾ ਕਰਦਿਆਂ ਕਿਹਾ ਕਿ ਕਦੇ ਉਹ ਨਾਗਮਣੀ ਦਾ ਚਹੇਤਾ ਕਹਾਣੀਕਾਰ ਤੇ ਸੰਗਰੂਰ ਸ਼ਹਿਰ ਚ ਸ਼ਿਵ ਕੁਮਾਰ ਬਟਾਲਵੀ ਦੀ ਠਾਹਰ ਹੁੰਦਾ ਸੀ ਪਰ ਡੈਨਮਾਰਕ ਜਾਣ ਕਾਰਨ ਉਹ ਮੁੱਖ ਸਾਹਿੱਤ ਸਿਰਜਣ ਧਾਰਾ ਤੋਂ ਟੁੱਟ ਗਿਆ। ਇਸ ਪੁਸਤਕ ਰਾਹੀਂ ਜੁੜਨ ਦੀ ਮੁਬਾਰਕ ਦਿੰਦਿਆਂ ਕਿਹਾ ਕਿ ਡੈਨਮਾਰਕ ਚ ਵੀ ਉਹ ਸਾਹਿੱਤ ਪਸਾਰ ਕਾਰਜਾਂ ਚ ਕਰਮਸ਼ੀਲ ਹਨ।
ਕਿਤਾਬ ਬਾਰੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਇਹ ਕੋਸ਼ਿਸ਼ ਲੇਖਕ ਦੇ ਸਮਾਜਿਕ ਚੌਗਿਰਦੇ ਤੇ ਸਿਰਜਣਾ ਬਾਰੇ ਅੰਦਰਲੀ ਥਾਹ ਦੇਵੇਗੀ। ਬਹੁਤ ਸਾਰੇ ਸਵਾਲਾਂ ਬਾਰੇ ਲੇਖਕ ਸੁਚੇਤ ਨਹੀਂ ਹੁੰਦਾ ਪਰ ਇਸ ਕਿਤਾਬ ਦਾ ਸਵਾਲਨਾਮਾ ਸਾਨੂੰ ਆਪਣਾ ਚਿਹਰਾ ਵੇਖਣ ਦੀ ਪ੍ਰੇਰਨਾ ਦਿੰਦਾ ਹੈ।
ਬੂਟਾ ਸਿੰਘ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਗਮੇਲ ਸਿੰਘ ਸਿੱਧੂ ਨੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਟਰਸਟ ਬਣਾ ਕੇ ਸਕੂਲਾਂ ਕਾਲਜਾਂ ਚ ਸਾਹਿੱਤ ਚੇਤਨਾ ਲਹਿਰ ਖੜ੍ਹੀ ਕਰਨ ਦੀ ਸੁਚੇਤ ਕੋਸ਼ਿਸ਼ ਕੀਤੀ ਹੈ। ਇਹ ਪੁਸਤਕ ਉਸੇ ਲੜੀ ਦੀ ਅਗਲੀ ਕੜੀ ਹੈ। ਡਾ: ਭੁਪਿੰਦਰ ਸਿੰਘ ਬੇਦੀ ਨੇ ਵੀ ਕਿਤਾਬ ਦੇ ਹੋਰ ਪਹਿਲੂਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਜਗਮੇਲ ਸਿੰਘ ਕਲਮੀ ਕਾਮਾ ਹੈ, ਜਿਸਨੇ ਸ਼ਬਦ ਸੱਭਿਆਚਾਰ ਦੇ ਪਰਸਾਰ ਲਈ ਮਹੱਤਵ ਪੂਰਨ ਉੱਦਮ ਕੀਤਾ ਹੈ।
ਜਗਮੇਲ ਸਿੰਘ ਸਿੱਧੂ ਨੇ ਕਿਹਾ ਕਿ ਸਾਹਿੱਤ ਹੀ ਸਾਡੀ ਉਂਗਲੀ ਫੜ ਕੇ ਅੱਗੇ ਤੋਰਦਾ ਹੈ। ਇਹ ਕਿਤਾਬ ਅਸਲੋਂ ਨਵੇਂ ਗ਼ਜ਼ਲ ਲੇਖਕਾਂ ਤੋਂ ਲੈ ਕੇ ਵਿਜੈ ਵਿਵੇਕ, ਗੁਰਭਜਨ ਗਿੱਲ ਤੇ ਗੁਰਤੇਜ ਕੋਹਾਰਵਾਲਾ ਤੀਕ ਦੀਆਂ ਮੁਲਾਕਾਤਾਂ ਤੇ ਰਚਨਾਵਾਂ ਨਾਲ ਭਰਪੂਰ ਹੈ। ਇਸ ਵਿੱਚ ਰਹਿ ਗਈਆਂ ਤਰੁਟੀਆਂ ਅਗਲੇ ਸੰਸਕਰਣ ਵਿੱਚ ਸੋਧ ਲਈਆਂ ਜਾਣਗੀਆਂ ਤੇ ਜਗਵਿੰਦਰ ਜੋਧਾ ਵਰਗੇ ਕੁਝ ਹੋਰ ਸਿਰਜਕ ਵੀ ਇਸ ਚ ਸ਼ਾਮਿਲ ਕੀਤੇ ਜਾਣਗੇ।
ਪੰਜਾਬ ਸਰਕਾਰ ਦੇ ਸੇਵਾ ਮੁਕਤ ਪ੍ਰਿੰਸੀਪਲ ਸਕੱਤਰ ਤੇ ਅਕਾਡਮੀ ਦੇ ਸਰਪ੍ਰਸਤ ਸ: ਇਕਬਾਲ ਸਿੰਘ ਸਿੱਧੂ ਆਈ ਏ ਐੱਸ ਨੇ ਪੁਸਤਕ ਪ੍ਰਕਾਸ਼ਨ ਲਈ ਜਗਮੇਲ ਸਿੰਘ ਸਿੱਧੂ ਤੇ ਪ੍ਰੇਰਕ ਬੂਟਾ ਸਿੰਘ ਚੌਹਾਨ ਨੂੰ ਮੁਬਾਰਕ ਦਿੱਤੀ ਅਤੇ ਪੰਜਾਬੀ ਸਾਹਿੱਤ ਅਕਾਡਮੀ ਲਾਇਬ੍ਰੇਰੀ ਲਈ ਆਪਣੇ ਪਿਤਾ ਜੀ ਪ੍ਰਿੰਸੀਪਲ ਦਲੀਪ ਸਿੰਘ ਸਿੱਧੂ ਦੀ ਯਾਦ ਵਿੱਚ ਕਿਤਾਬਾਂ ਸੰਭਾਲਣ ਲਈ ਇੱਕ ਅਲਮਾਰੀ ਵੀ ਦਾਨ ਕੀਤੀ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ ਡਾ: ਗੁਰਇਕਬਾਲ ਸਿੰਘ ਨੇ ਪੰਜਾਬੀ ਲੇਖਕ ਸਭਾ ਤੇ ਅਕਾਡਮੀ ਵੱਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਪਿੰਡਾਂ ਤੇਂ ਆਏ ਲੇਖਕਾਂ ਦਾ ਸ਼ੁਕਰਾਨਾ ਕੀਤਾ।
ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਦੇ ਸਾਲਾ ਸਾਹਿਬ ਸ: ਅਨੂਪ ਸਿੰਘ ਜਲੰਧਰ ਦੇ ਜਵਾਨ ਉਮਰੇ ਦੇਹਾਂਤ ਤੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਸਮਾਗਮ ਦਾ ਸੰਚਾਲਨ ਡਾ: ਜਗਵਿੰਦਰ ਜੋਧਾ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਨੇ ਕੀਤਾ। ਸਮਾਗਮ ਚ ਉੱਘੇ ਗਾਇਕ ਜੀ ਐੱਸ ਪੀਟਰ, ਲੇਖਕ ਡਾ: ਭੁਪਿੰਦਰ ਸਿੰਘ ਬੇਦੀ, ਸੁਖਵਿੰਦਰ ਪੱਪੀ ਮੁੱਖ ਸੰਪਾਦਕ ਸਰੋਕਾਰ, ਬ੍ਰਿਜ ਲਾਲ, ਲਛਮਣ ਦਾਸ ਮੁਸਾਫਿਰ ਬਰਨਾਲਾ, ਡਾ: ਸੁਰਜੀਤ ਸਿੰਘ ਜਨਰਲ ਸਕੱਤਰ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਡਾ: ਗੁਰਇਕਬਾਲ ਸਿੰਘ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਡਾ: ਸੁਦਰਸ਼ਨ ਗਾਸੋ ,ਡਾ: ਸ਼ਰਨਜੀਤ ਕੌਰ ਚੰਡੀਗੜ੍ਹ, ਸ੍ਰੀ ਰਾਮ ਅਰਸ਼, ਮਨਜੀਤ ਕੌਰ ਅੰਬਾਲਵੀ, ਮਨਜਿੰਦਰ ਧਨੋਆ ਜਨਰਲ ਸਕੱਤਰ, ਪੰਜਾਬੀ ਲੇਖਕ ਸਭਾ ਲੁਧਿਆਣਾ, ਡਾ: ਕੁਲਦੀਪ ਸਿੰਘ ਕਲਸੀ ਪ੍ਰਿੰਸੀਪਲ ਪੰਜਾਬ ਯੂਨੀਵਰਸਿਟੀ ਕਾਲਿਜ ਪੱਤੋ ਹੀਰਾ ਸਿੰਘ(ਮੋਗਾ), ਮਹਿੰਦਰ ਸਾਥੀ ਮੋਗਾ, ਡਾ: ਗੁਲਜ਼ਾਰ ਪੰਧੇਰ ਮੀਤ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ, ਪ੍ਰੋ: ਮਨਦੀਪ ਕੌਰ ਔਲਖ ਕਪੂਰਥਲਾ, ਗੁਲਜ਼ਾਰ ਸਿੰਘ ਸ਼ੌਕੀ ਧੂਰੀ, ਪ੍ਰੀਤ ਜੱਗੀ ਤੇ ਮਨਜੀਤ ਪੁਰੀ ਫ਼ਰੀਦਕੋਟ, ਧਰਮਜੀਤ ਗਿੱਲ ਮੋਗਾ, ਗਗਨਦੀਪ ਸਿੰਘ ਦੀਪ ਤੇ ਜਤਿੰਦਰ ਜੇ ਪੀ ਸੰਗਰੂਰ, ਅਮਰਜੀਤ ਸ਼ੇਰਪੁਰੀ ਲੁਧਿਆਣਾ, ਜਗਤਾਰ ਸੇਖਾ ਸੰਗਰੂਰ, ਰਣਜੀਤ ਸਰਾਂਵਾਲੀ ਮੋਗਾ, ਚਰਨੀ ਬੇਦਿਲ ਬਰਨਾਲਾ, ਰਵਿੰਦਰ ਦੀਵਾਨਾ ਲੁਧਿਆਣਾ, ਇੰਜਨੀਅਰ ਸੁਰਜਨ ਸਿੰਘ ਸ਼ਾਮਿਲ ਹੋਏ। ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਪੰਦਰਾਂ ਚੋਣਵੇਂ ਕਵੀਆਂ ਨੇ ਕਵਿਤਾਵਾਂ, ਗ਼ਜ਼ਲਾਂ ਤੇ ਗੀਤ ਸੁਣਾਏ।