ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਸਮਾਰੋਹ 16 ਸਤੰਬਰ ਨੂੰ
ਇਕਬਾਲ ਕੌਰ ਸੌਂਧ, ਵਨੀਤਾ ਤੇ ਬਲਜੀਤ ਕੌਰ ਨੂੰ ਸਨਮਾਨਿਤ ਕੀਤਾ ਜਾਵੇਗਾ
ਬਾਬੂਸ਼ਾਹੀ ਨੈਟਵਰਕ
ਲੁਧਿਆਣਾ 7 ਸਤੰਬਰ 2022
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਨਾਲ ਇਕਬਾਲ ਕੌਰ ਸੌਂਧ, ਵਨੀਤਾ ਤੇ ਬਲਜੀਤ ਕੌਰ ਨੂੰ ਸਨਮਾਨਿਤ ਕੀਤਾ ਜਾਵੇਗਾ।
ਰਾਮਗੜ੍ਹੀਆ ਗਰਲਜ਼ ਕਾਲਿਜ ਲੁਧਿਆਣਾ ਦੇ ਬਾਬਾ ਗੁਰਮੁਖ ਸਿੰਘ ਹਾਲ ਵਿੱਚ 16 ਸਤੰਬਰ ਸਵੇਰੇ 11 ਵਜੇ ਕਰਵਾਏ ਜਾਣ ਵਾਲੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿਕਾਸ, ਖੇਤੀਬਾੜੀ ਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੁੱਜਣਗੇ। ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਸ. ਪ. ਸਿੰਘ ਕਰਨਗੇ। ਸਮਾਗਮ ਵਿੱਚ ਰਮੇਸ਼ ਇੰਦਰ ਕੌਰ ਬੱਲ ਤੇ ਰਣਜੋਧ ਸਿੰਘ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਣਗੇ।
ਇਕਬਾਲ ਕੌਰ ਸੌਂਧ
ਇਹ ਜਾਣਕਾਰੀ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਸ਼ਯਾਮ ਸੁੰਦਰ ਦੀਪਤੀ ਅਤੇ ਜਨਰਲ ਸਕੱਤਰ ਗੁਰਇਕਬਾਲ ਸਿੰਘ ਨੇ ਦਿੱਤੀ।
ਇਹ ਪੁਰਸਕਾਰ ਸਾਲ 2014 ਵਿੱਚ ਸੁਰਗਵਾਸੀ ਨਿਰਪਜੀਤ ਕੌਰ ਗਿੱਲ ਦੀ ਯਾਦ ਵਿੱਚ ਉਨ੍ਹਾਂ ਦੇ ਪਤੀ ਗੁਰਭਜਨ ਸਿੰਘ ਗਿੱਲ ਨੇ ਸਥਾਪਤ ਕੀਤਾ ਸੀ। ਉਹ ਰਾਮਗੜ੍ਹੀਆ ਗਰਲਜ਼ ਕਾਲਿਜ ਵਿੱਚ ਹੀ ਪੰਜਾਬੀ ਦੇ ਲੈਕਚਰਰ ਸਨ। 8 ਨਵੰਬਰ 1993 ਵਿਚ ਕੈਂਸਰ ਕੋਗ ਕਾਰਨ ਉਨ੍ਹਾਂ ਦੀ ਜਵਾਨ ਉਮਰੇ ਮੌਤ ਹੋ ਗਈ ਸੀ। ਸਾਹਿੱਤ, ਸੱਭਿਆਚਾਰ ਅਤੇ ਕੋਮਲ ਕਲਾਵਾਂ ਦੇ ਵਿਕਾਸ ਹਿਤ ਉਨ੍ਹਾਂ ਵਡਮੁੱਲਾ ਯੋਗਦਾਨ ਪਾਇਆ। ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਬਾਰੇ ਪਹਿਲੀ ਆਲੋਚਨਾ ਪੁਸਤਕ ਗੁਰਬਚਨ ਸਿੰਘ ਭੁੱਲਰ ਦੀ ਕਥਾ ਵਿਧੀ 1992 ਚ ਆਰਸੀ ਪਬਲਿਸ਼ਰਜ਼ ਨਵੀਂ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇਸ ਪੁਰਸਕਾਰ ਵਿੱਚ ਹਰ ਸ਼ਖ਼ਸੀਅਤ ਨੂੰ ਇੱਕੀ ਇੱਕੀ ਹਜ਼ਾਰ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸ਼ਲਾਘਾ ਪੱਤਰ ਤੇ ਫੁਲਕਾਰੀ ਭੇਂਟ ਕੀਤੀ ਜਾਵੇਗੀ।
ਵਨੀਤਾ
ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫੈਸਰ ਇਕਬਾਲ ਕੌਰ ਸੌਂਧ ਲੋਕ ਧਾਰਾ ਮਾਹਿਰ, ਆਲੋਚਕ ਅਤੇ ਕਵਿੱਤਰੀ ਹਨ। ਦੂਜੀ ਸ਼ਖ਼ਸੀਅਤ ਨਵੀਂ ਦਿੱਲੀ ਤੋਂ ਸਿਰਕੱਢ ਕਵਿੱਤਰੀ ਅਤੇ ਦਿੱਲੀ ਯੂਨੀਵਰਸਿਟੀ ਦੀ ਪ੍ਰੋਫੈਸਰ ਵਨੀਤਾ ਹਨ ਜਿੰਨ੍ਹਾਂ ਦੀ ਪੁਸਤਕ ਕਾਲ ਪਹਿਰ ਤੇ ਘੜੀਆਂ ਨੂੰ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲ ਚੁਕਾ ਹੈ। ਤੀਸਰੀ ਹਸਤੀ ਬਲਜੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਖੇਤਰੀ ਕੇਂਦਰ ਜਲੰਧਰ ਦੀ ਰੀਟਾਇਰਡ ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ ਹਨ ਜਿੰਨ੍ਹਾਂ ਨੇ ਪੰਜਾਬੀ ਕਾਵਿ ਆਲੋਚਨਾ ਗੇ ਖੇਤਰ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ।
ਬਲਜੀਤ ਕੌਰ।
ਯਾਦ ਰਹੇ, ਇਹ ਪੁਰਸਕਾਰ ਸੇਵਾ ਮੁਕਤ ਯੂਨੀਵਰਸਿਟੀ ਤੇ ਕਾਲਿਜ ਅਧਿਆਪਕਾਂ ਨੂੰ ਹੀ ਦਿੱਤਾ ਜਾਂਦਾ ਹੈ, ਜਿਹੜੇ ਪੰਜਾਬੀ ਅਧਿਆਪਨ, ਸਾਹਿੱਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਪਾ ਚੁਕੇ ਹੋਣ। ਹੁਣ ਤੀਕ ਪਿਛਲੇ ਸਾਲੀਂ ਇਹ ਪੁਰਸਕਾਰ ਤੇਜ ਕੌਰ ਦਰਦੀ, ਜਸਬੀਰ ਕੌਰ ਕੇਸਰ, ਗੁਰਨਾਮ ਕੌਰ ਬੇਦੀ ਤੇ ਰਮੇਸ਼ ਇੰਦਰ ਕੌਰ ਬੱਲ ਨੂੰ ਪ੍ਰਦਾਨ ਕੀਤਾ ਜਾ ਚੁੱਕਾ ਹੈ। ਕਾਲਿਜ ਪ੍ਰਿੰਸੀਪਲ ਰਾਜੇਸ਼ਵਰ ਕੌਰ ਨੇ ਦੱਸਿਆ ਕਿ 1983 ਤੋਂ 1993 ਤੀਕ ਜਿਸ ਸ਼ਿੱਦਤ ਨਾਲ ਨਿਰਪਜੀਤ ਕੌਰ ਨੇ ਇਸ ਸੰਸਥਾ ਨੂੰ ਗਿਆਨੀ ਭਗਤ ਸਿੰਘ ਜੀ ਦੀ ਛਤਰ ਛਾਇਆ ਤੇ ਪ੍ਰਿੰਸੀਪਲ ਹਰਮੀਤ ਕੌਰ ਦੀ ਅਗਵਾਈ ਹੇਠ ਕੌਮੀ ਪਛਾਣ ਦਿਵਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ, ਉਸ ਨੂੰ ਭੁਲਾਉਣਾ ਆਸਾਨ ਨਹੀਂ।