ਜਲੰਧਰ, 6 ਫਰਵਰੀ - ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 23 ਫਰਵਰੀ ਦਿਨੇ 2 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਦੇਸ਼ ਭਰ ਦੇ ਬੁੱਧੀਮਾਨਾ ਦੀ ਰਿਹਾਈ, ਝੂਠੇ ਕੇਸ ਰੱਦ ਕਰਨ, ਵਿਚਾਰਾਂ ਦੀ ਆਜ਼ਾਦੀ ਉਪਰ ਹੱਲਾ ਬੰਦ ਕਰਨ ਦੇ ਮੁੱਦੇ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਜਾਏਗੀ।
ਇਹ ਵਿਚਾਰ ਚਰਚਾ ਸਚਿੰਦਰ ਨਾਥ ਸਾਨਿਆਲ, ਮਦਨ ਲਾਲ ਢੀਂਗਰਾ, ਰਾਮ ਸ਼ਰਨ ਦਾਸ ਤਲਵਾੜ, ਸ਼ਾਮ ਸਿੰਘ ਅਟਾਰੀਵਾਲਾ, ਪੰਡਿਤ ਸੋਹਨ ਲਾਲ ਪਾਠਕ, ਸੂਫ਼ੀ ਅੰਬਾ ਪ੍ਰਸ਼ਾਦ, ਚੰਦਰ ਸ਼ੇਖਰ ਆਜ਼ਾਦ, ਸ਼ੇਰ ਅਲੀ, ਡਾ. ਗਯਾ ਪ੍ਰਸ਼ਾਦ, ਸੁਖਦੇਵ, 1926 ਤੇ 1927 ਦੇ 12 ਸ਼ਹੀਦ ਬਬਰਾਂ ਅਤੇ ਫਰਵਰੀ ਮਹੀਨੇ ਦੇ ਸਮੂਹ ਗ਼ਦਰੀ ਦੇਸ਼ ਭਗਤਾਂ ਨੂੰ ਸਮਰਪਿਤ ਹੋਏਗੀ।
ਇਸ ਵਿਚਾਰ ਚਰਚਾ ‘ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਨਵੀਂ ਦਿੱਲੀ) ਦੇ ਸਾਬਕਾ ਵਿਦਿਆਰਥੀ ਆਗੂ ਡਾ. ਅਨਿਰਬਾਨ ਭੱਟਾਚਾਰੀਆ ਅਤੇ ਜਾਣੀ-ਪਹਿਚਾਣੀ ਲੇਖਿਕਾ ਤੇ ਜਮਹੂਰੀ ਹੱਕਾਂ ਦੀ ਝੰਡਾ ਬਰਦਾਰ ਡਾ. ਨਵਸ਼ਰਨ ਮੁੱਖ ਬੁਲਾਰੇ ਦੇ ਤੌਰ ‘ਤੇ ਸ਼ਿਰਕਤ ਕਰਨਗੇ। ਵਿਚਾਰ-ਚਰਚਾ ‘ਵਿਚਾਰਾਂ ਦੇ ਪ੍ਰਗਟਾਵੇਂ ਦੀ ਆਜ਼ਾਦੀ ‘ਤੇ ਹੱਲੇ ਖਿਲਾਫ਼ ਬੁੱਧੀਜੀਵੀ ਵਰਗ ਅਤੇ ਲੋਕਾਂ ਦੀ ਭੂਮਿਕਾ‘ ਉਪਰ ਕੇਂਦਰਤ ਹੋਏਗੀ।
ਉਨ੍ਹਾਂ ਦੱਸਿਆ ਕਿ ਜਿਵੇਂ ਪਿਛਲੇ ਅਰਸੇ ਤੋਂ ਮੁਲਕ ਭਰ ਦੇ ਬੁੱਧੀਜੀਵੀਆਂ, ਲੇਖਕਾਂ ਸਿਰ ਝੂਠੇ ਕੇਸ ਮੜ੍ਹ ਕੇ ਉਨ੍ਹਾਂ ਨੂੰ ਸੀਖਾਂ ਪਿੱਛੇ ਸੁੱਟਿਆ ਜਾ ਰਿਹਾ ਹੈ, ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਦੀ ਲੜੀ ਵਜੋਂ ਗੋਆ ਇੰਸਟੀਚਿਊਟ ਆਫ਼ ਮੈਨੇਜ਼ਮੈਂਟ ਦੇ ਪ੍ਰੋ. ਆਨੰਦ ਤੈਲਤੁੰਬੜੇ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਲੈਣ, ਮਨਘੜਤ ਕੇਸ ਮੜ੍ਹਨ ਅਤੇ ਉਨ੍ਹਾਂ ਸਮੇਤ ਹੋਰ ਕਿੰਨੇ ਹੀ ਵਿਦਵਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਲਟਕਦੀ ਤਲਵਾਰ ਦੇ ਮਨਸੇ ਨਾਕਾਮ ਕਰ ਲਈ ਰੱਖੀ ਇਹ ਵਿਚਾਰ-ਚਰਚਾ ਜ਼ਬਰਦਸਤ ਲੋਕ-ਆਵਾਜ਼ ਦੀ ਸੰਗੀ-ਸਾਥੀ ਹੋਵੇਗੀ।
ਕਮੇਟੀ ਨੇ ਸਮੂਹ ਲੇਖਕਾਂ, ਸਾਹਿਤਕਾਰਾਂ ਨੂੰ ਵਿਚਾਰ-ਚਰਚਾ ‘ਚ ਸ਼ਿਰਕਤ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ।