ਪਾਕੀਜ਼ਗੀ
ਅਹਿਮ ਹੁੰਦਾ ਏ
ਮਰਦ ਦਾ ਹਰ ਰੂਪ
ਔਰਤ ਦੇ ਜੀਵਨ ਵਿੱਚ
ਪਹਿਲੀ ਵਾਰ
ਜਦ ਮਿਲਦਾ ਏ
ਬਾਪ ਬਣ ਕੇ
ਪਿਆਰ ਤੇ ਮੋਹ ਸਮਰਪਣ ਦੀ
ਮਿੱਠੀ ਜਿਹੀ ਘੂਰੀ ਬਣ ਕੇ
ਫੜ ਉਂਗਲ ਉਸ ਦੀ
ਸਬ ਡਰ ਫ਼ਿਕਰ
ਦੂਰ ਰੱਖ ਆਓਂਦੀ ਏ
ਮਿਲਦਾ ਏ ਮਰਦ ਜਦੋਂ
ਭਰਾ ਬਣ ਕੇ
ਮਿੱਠੀ ਖੱਟੀ ਜਿਹੀ
ਛਾਂ ਬਣ ਕੇ
ਬਣ ਵੱਡੀ ਭੈਣ ਕਦੇ ਓਹ
ਨਿਭਾਓਦੀਂ ਏ ਰੂਪ ਮਾਂ ਦਾ
ਕਦੇ ਉਸ ਨੂੰ ਬਾਪ
ਦੀ ਥਾਈਂ ਰੱਖ
ਬਹੁਤ ਵੱਡਾ ਕਰਦੀ ਏ ਸਾਥ ਨੂੰ
ਦੋਸਤ ਹੋ ਜਦ ਵੀ ਮਿਲਦੈ
ਮਨ ਦੀ ਕਿਤਾਬ ਜਿਹੀ
ਹੋ ਜਾਂਦੀ ਏ ਔਰਤ
ਔਰ ਹਰ ਵਰਕੇ
ਨੂੰ ਖੋਲ ਉਸ ਸੰਗ
ਸਿਰਜਦੀ ਏ
ਐਸਾ ਪਾਕੀਜ਼ਾ ਰਿਸ਼ਤਾ
ਜੋ ਮੋਮ ਦੀਆਂ ਪੌੜੀਆਂ
ਰਾਹੀਂ ਵੀ ਛੂ ਲੈਂਦਾ ਏ ਆਸਮਾਨ
ਖਾਂਵਿਦ ਬਣ ਜਦ ਵੀ
ਆਓਂਦਾ ਜੀਵਨ ਵਿੱਚ
ਸਿਰ ਦਾ ਸਾਂਈਂ ਹੋ ਜਾਦੈਂ
ਦੁਨੀਆ ਵੀ ਬਾਕੀ
ਭੁੱਲ ਜਾਂਦੀ ਏ
ਹਰ ਖ਼ੁਆਇਸ਼ ਉਸ ਇੱਕ
ਦੀ ਇੱਛਾ ਨਾਲ ਜਾਂਦੀ ਏ ਬੰਨੀ
ਹਰ ਮਿੱਠੀ ਕੌੜੀ
ਚੂਨੌਤੀ ਦੇ ਬਾਵਜੂਦ ਵੀ
ਓਸ ਰਿਸ਼ਤੇ ਦੀ
ਪਹਿਲੀ ਔਰ ਆਖ਼ਿਰੀ ਖ਼ੁਰਾਕ
ਮੁਹੱਬਤ ਤੇ ਸਮਰਪਣ ਹੋ ਜਾਦੈਂ
ਪੁੱਤਰ ਬਣ ਵੀ ਮਿਲਦੈ
ਬਾਕੀ ਸਬ ਰਿਸ਼ਤਿਆਂ ਤੋਂ ਵੱਧ
ਮਹੱਤਵਪੂਰਣ ਹੋ ਓਹ
ਔਰਤ ਨੂੰ ਸਮਪੂਰਣ ਜਿਹਾ
ਕਰ ਦਿੰਦੈ
ਤੂੰ ਮਿਲਿਆ ਏ ਸਾਹਿਬ
ਜਦ ਦਾ ਮੈਨੂੰ,,,,
ਮੈਂ ਇਹ ਸਾਰੇ ਰਿਸ਼ਤੇ
ਨਿਹਾਰੇ ਨੇ ਤੇਰੇ ਵਿੱਚੋਂ
ਹੋਰ ਗੁੜੇ ਹੋ ਗਏ ਅਰਥ-ਰੰਗ
ਇਹਨਾਂ ਲਫ਼ਜ਼ਾਂ ਦੇ
ਬਾਪ ,ਭਰਾ ,ਦੋਸਤ ਤੇ ਖਾਂਵਿਦ
ਪੁੱਤਰ ਵੀ ਬਣ ਮਿਲਿਆ ਏ
ਤੇ ਹਰ ਇਸ ਰੂਪ ਸਦਕੇ
ਮੈਂ ਵੀ ਹੋਈ ਆਂ
ਬੇਟੀ , ਭੈਣ ,ਦੋਸਤ ,ਬੀਵੀ
ਤੇ ਬਣੀ ਹਾਂ ਮਾਂ ਵੀ ਤੇਰੀ
ਇਸ ਅਨੋਖੀ ਸਾਂਝ
ਦਾ ਕਾਰਨ ਏ
ਇੱਕੋ ਹੀ ਸਾਂਝਾ ਤੱਤ
ਜੋ ਵਿਚਰਦੈ
ਇਹਨਾਂ ਸਬ ਰਿਸ਼ਤਿਆਂ ਵਿੱਚ
"ਪਾਕੀਜ਼ਗੀ"
ਸਾਹਿਬ ਮਾਣ ਕਰਦਾ ਰਹੀਂ
ਹਮੇਸ਼ਾ ਖ਼ੁਦ ਤੇ
ਅਨੋਖੇ ਤੇ ਪਾਕੀਜ਼ਾ
ਰਿਸ਼ਤੇ ਦਾ
ਮਾਲਿਕ ਏ ਤੂੰ ।।
------ ਚੰਦਰਕਾਂਤਾ ਰਾੲੇ
...... 91 70094 48261