ਅਸ਼ੋਕ ਵਰਮਾ
ਬਠਿੰਡਾ, 1 ਮਾਰਚ 2020 - ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੀ ਨਵੀਂ ਚੋਣ ਮਗਰੋਂ ਸਥਾਨਕ ਟੀਚਰ ਹੋਮ ਵਿਖੇ ਪਲੇਠੀ ਇਕੱਤਰਤਾ ਸਭਾ ਦੇ ਪ੍ਰਧਾਨ ਜੇ ਸੀ ਪਰਿੰਦਾ ਦੀ ਪ੍ਰਧਾਨਗੀ ਵਿੱਚ ਹੋਈ ਅਤੇ ਸਭਾ ਦੇ ਸਲਾਹਕਾਰ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।
ਮੀਟਿੰਗ ਦੌਰਾਨ ਪਹਿਲਾਂ ਏਜੰਡਾ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਸੰਤੋਖ ਸਿੰਘ ਧੀਰ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ 8 ਮਾਰਚ ਨੂੰ ਆਯੋਜਿਤ ਕੀਤੇ ਜਾ ਰਹੇ ਸੈਮੀਨਾਰ ਨਾਲ ਸਬੰਧਤ ਸੀ। ਉਕਤ ਪ੍ਰੋਗਰਾਮ ਨੂੰ ਯਾਦਗਾਰੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਸਾਰੇ ਹੀ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਸ ਨੂੰ ਨੇਪਰੇ ਚਾੜਨ ਲਈ ਆਪਣਾ ਬਣਦਾ ਯੋਗਦਾਨ ਪਾਉਣ ਦਾ ਅਹਿਦ ਲਿਆ।
ਇਸ ਉਪਰੰਤ ਮੀਟਿੰਗ ਦੇ ਦੂਜੇ ਏਜੰਡੇ ਅਧੀਨ ਸਾਹਿਤਕ ਰਚਨਾਵਾਂ ਦਾ ਭਰਵਾਂ ਦੌਰ ਚੱਲਿਆ। ਕੁਲਦੀਪ ਬੰਗੀ ਨੇ ਅਜੋਕੇ ਹਾਲਾਤ ਨੂੰ ਪੇਸ਼ ਕਰਦੀ ਗਜ਼ਲ, ਦਮਜੀਤ ਦਰਸ਼ਨ ਨੇ ਜਗਮੋਹਨ ਕੌਸ਼ਲ ਦੀ ਸ਼ਖ਼ਸੀਅਤ ਬਾਰੇ ਕਾਵਿ ਚਿੱਤਰ, ਸੁਖਵਿੰਦਰ ਕੌਰ ਫ਼ਰੀਦਕੋਟ ਅਤੇ ਲੀਲਾ ਸਿੰਘ ਰਾਏ ਨੇ ਪਰਵਾਸ ਬਾਰੇ ਤਰੰਨਮ ਵਿੱਚ ਗੀਤ, ਦਿਲਜੀਤ ਬੰਗੀ ਨੇ ਮਾਂ ਬੋਲੀ ਬਾਰੇ ਕਵਿਤਾ, ਜਸਵੀਰ ਢਿੱਲੋਂ ਨੇ ਨਵੇਂ ਸਾਲ ਦੀ ਆਮਦ ਬਾਬਤ ਕਵਿਤਾ, ਸੁਖਦਰਸ਼ਨ ਗਰਗ ਨੇ ਜੰਮੂ ਦੀ ਸਥਿਤੀ ਸਬੰਧੀ ਰੁਬਾਈਆਂ, ਸੇਵਕ ਸਿੰਘ ਸਮੀਰੀਆ ਨੇ ਦਿੱਲੀ ਦੰਗਿਆਂ ਨਾਲ ਸਬੰਧਤ ਕਾਵਿ ਚੌਕੇ, ਦਿਲਬਾਗ ਸਿੰਘ ਨੇ ਮਨ ਦੀ ਬਾਤ ਕਵਿਤਾ, ਬਲਵਿੰਦਰ ਭੁੱਲਰ ਨੇ ਉਜਾੜੇ ਦਾ ਦੁਖਾਂਤ ਭੋਗਦੀ ਔਰਤ ਦੀ ਤਰਾਸਦੀ ਨੂੰ ਬਿਆਨ ਕਰਦੀ ਮਿੰਨੀ ਕਹਾਣੀ ਮਿੰਨੀ ਕਹਾਣੀ ਤੀਜੀ ਮੌਤ, ਜਸਪਾਲ ਮਾਨਖੇੜਾ ਨੇ ਕਾਵਿਕ ਕਥਾਵਾਂ, ਵਿਕਾਸ ਕੌਂਸਲ ਨੇ 'ਘਰ ਪੱਥਰ ਹੋ ਗਿਆ' ਕਵਿਤਾ , ਰਣਜੀਤ ਗੌਰਵ ਨੇ ਮੁਨੱਵਰ ਰਾਣਾ ਦੀਆਂ ਗ਼ਜ਼ਲਾਂ ਅਤੇ ਅਮਨ ਦਾਤੇਵਾਸੀਆਂ ਨੇ ਗ਼ਜ਼ਲ 'ਅੱਖ ਨੂੰ ਹੈ ਪੈਂਦਾ ਝਉਲਾ ਹੋ ਗਈ ਸਵੇਰ ਦਾ' ਤਰੰਨਮ ਵਿੱਚ ਗਾ ਕੇ ਸਾਹਿਤਕ ਦੌਰ ਨੂੰ ਸਿਖਰ ਤੇ ਪਹੁੰਚਾਇਆ।
ਪੜ੍ਹੀਆਂ ਹੋਈਆਂ ਰਚਨਾਵਾਂ ਤੇ ਜਸਪਾਲ ਮਾਨਖੇੜਾ ਨੇ ਆਪਣੀ ਸਾਰਥਕ ਟਿੱਪਣੀ ਕਰਦਿਆਂ ਕਿਹਾ ਕਿ ਬਲਵਿੰਦਰ ਭੁੱਲਰ ਦੀ ਕਹਾਣੀ ਵਿੱਚ ਗੈਪ ਹੈ ਅਤੇ ਪਾਤਰਾਂ ਦੇ ਚਿਤਰਣ ਵੇਲੇ ਪਾਤਰਾਂ ਦੀ ਉਮਰ ਬਾਰੇ ਪਿਛਲਖੁਰੀ-ਵਰਤਮਾਨ ਸਮੇਂ ਵਿੱਚ ਬਾਅਦ ਵਿੱਚ ਆਉਂਦੀ ਹੈ ਅਤੇ ਕਹਾਣੀ ਦੇ ਮੁੱਖ ਪਾਤਰ ਦੇ ਨਾਮ ਤੇ ਵੀ ਦੁਬਾਰਾ ਗੌਰ ਕਰਨ ਨੂੰ ਕਿਹਾ। ਟਿੱਪਣੀ ਕਰਦਿਆਂ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੇ ਕਿਹਾ ਕਿ ਅੱਜ ਸਾਰੀਆਂ ਹੀ ਰਚਨਾਵਾਂ ਵਿੱਚ ਕਲਪਨਾ ਦੀ ਉਡਾਰੀ ਦੀ ਥਾਂ ਤਰਕਮਈ ਸੋਚ ਭਾਰੂ ਰਹੀ ਹੈ ਜੋ ਕਿ ਅਜੋਕੇ ਹਾਲਾਤ ਲਈ ਸ਼ੁਭ ਸੰਕੇਤ ਹੈ। ਸਭਾ ਦੇ ਪ੍ਰਧਾਨ ਜੇ ਸੀ ਪਰਿੰਦਾ ਨੇ ਕਿਹਾ ਕਿ ਸਾਰੀਆਂ ਹੀ ਰਚਨਾਵਾਂ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਸਨ। ਅਖੀਰ ਵਿੱਚ ਉਨ੍ਹਾਂ ਵੱਲੋਂ ਮੀਟਿੰਗ ਵਿੱਚ ਹਾਜ਼ਰੀਨ ਸਾਰੇ ਹੀ ਲੇਖਕਾਂ ਦਾ ਇਸ ਇਕੱਤਰਤਾ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਗਿਆ।