ਪਰਵੇਜ਼ ਸੰਧੂ ਦੇ ਕਹਾਣੀ ਸੰਗ੍ਰਹਿ ਕੋਡ ਬਲੂ ਦਾ ਦੂਜਾ ਐਡੀਸ਼ਨ ਲੁਧਿਆਣਾ ਵਿੱਚ ਲੋਕ ਅਰਪਨ
ਲੁਧਿਆਣਾ: 12 ਸਤੰਬਰ, 2021:
ਪਰਵਾਸੀ ਸਾਹਿੱਤ ਅਧਿਐਨ ਕੇਂਦਰ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵਿਖੇ ਅਮਰੀਕਾ ਵੱਸਦੀ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦੀ ਕਹਾਣੀ ਪੁਸਤਕ ’ਕੋਡ ਬਲੂ’ ਦਾ ਦੂਜਾ ਐਡੀਸ਼ਨ ਲੋਕ ਅਰਪਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐਸ ਪੀ ਸਿੰਘ ਨੇ ਕਿਹਾ ਹੈ ਕਿ ਪਰਵਾਸੀ ਸਾਹਿਤ ਸਿਰਜਕਾਂ ਵਿੱਚੋਂ ਪਰਵੇਜ਼ ਸੰਧੂ ਦਾ ਸਨਮਾਨਿਤ ਮੁਕਾਮ ਹੈ ਕਿਉਂਕਿ ਉਸ ਨੇ ਸੰਵੇਦਨਸ਼ੀਲ ਵਿਸ਼ਿਆਂ ਨੂੰ ਬੜੀ ਬਾਰੀਕੀ ਨਾਲ ਪੇਸ਼ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਰਵੇਜ਼ ਨੇ ਆਪਣੀ ਬੇਟੀ ਸਵੀਨਾ ਦੀ ਯਾਦ ਵਿੱਚ ਸਥਾਪਿਤ ਸਵੀਨਾ ਪ੍ਰਕਾਸ਼ਨ ਕੈਲੇਫੋਰਨੀਆ ਵੱਲੋਂ ਪ੍ਰਕਾਸ਼ਿਤ ਕੀਤਾ ਹੈ।
ਡਾ: ਐਸ ਪੀ ਸਿੰਘ ਨੇ ਕਿਹਾ ਕਿ ਧਰਤੀ ਬਦਲਣ ਨਾਲ ਦ੍ਰਿਸ਼, ਵਿਹਾਰ, ਰਿਸ਼ਤਾ ਨਾਅਤਾ ਪ੍ਰਬੰਧ, ਵਿਚਾਰ ਤੇ ਵਿਚਾਰਧਾਰਾ ਵਿੱਚ ਤਬਦੀਲੀ ਲਾਜ਼ਮੀ ਹੈ ਪਰ ਪਰਵੇਜ਼ ਸੰਧੂ ਬੀਤੇ ਅਤੇ ਵਰਤਮਾਨ ਵਿੱਚੋਂ ਭਵਿੱਖ ਦੇ ਨਕਸ਼ ਉਲੀਕਦੀ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਹਮੇਸ਼ਾਂ ਪਰਦੇਸੀ ਧਰਤੀਆਂ ’ਤੇ ਵੱਸਦੇ ਆਪਣਿਆਂ ਦੀ ਸਿਰਜਣਾ ਨੂੰ ਪੇਸ਼ ਕਰਨ ਤੇ ਮੁਲਾਂਕਣ ਲਈ ਪਰਵਿਸ ਤ੍ਰੈਮਾਸਿਕ ਪੱਤਰ ਦਾ ਸੰਪਾਦਨ ਕਰ ਰਿਹਾ ਹੈ। ਸਾਰੇ ਨਵੇਂ ਪੁਰਾਣੇ ਸਿਰਜਕਾਂ ਨੂੰ ਇਸ ਵਿੱਚ ਲਿਖਤਾਂ ਦੇਣ ਤੇ ਪਸਾਰ ਲਈ ਸਹਿਯੋਗੀ ਬਣਨਾ ਚਾਹੀਦਾ ਹੈ।
ਇਸ ਖ਼ੂਬਸੂਰਤ ਪੁਸਤਕ ਨੂੰ ਸਵਰਨਜੀਤ ਸਵੀ ਨੇ ਆਰਟਕੇਵ ਵੱਲੋਂ ਬਹੁਤ ਹੀ ਸੁਹਜਵੰਤੇ ਢੰਗ ਨਾਲ ਵਿਉਂਤਿਆ ਤੇ ਛਾਪਿਆ ਹੈ।
ਪੰਜਾਬ ਆਰਟਸ ਕੌਂਸਲ ਦੇ ਸਕੱਤਰ ਜਨਰਲ ਤੇ ਪ੍ਰਸਿੱਧ ਪੰਜਾਬੀ ਲੇਖਕ ਡਾ: ਲਖਵਿੰਦਰ ਜੌਹਲ ਨੇ ਕਿਹਾ ਕਿ ਪਰਵੇਜ਼ ਸੰਧੂ ਕੋਲ ਦਰਦ ਨੂੰ ਅਨੁਵਾਦ ਕਰਨ ਦੀ ਸਮਰੱਥ ਕਲਾ ਹੈ। ਇਸੇ ਕਰਕੇ ਹੀ ਬੇਟੀ ਸਵੀਨਾ ਦੇ ਵਿਛੋੜੇ ਉਪਰੰਤ ਇਸ ਪੁਸਤਕ ਦੀਆਂ ਸ਼ਕਤੀਵਰ ਕਹਾਣੀਂ ਲਿਖੀਆਂ ਜਾ ਸਕੀਆਂ। ਜਲੰਧਰ ਜ਼ਿਲ੍ਹੇ ਦੇ ਪਿੰਡ ਕੰਗ ਜਾਗੀਰ ਵਿੱਚ ਜੰਮੀ ਜਾਈ ਪਰਵੇਜ਼ ਪਿਛਲੇ ਪੈਂਤੀ ਸਾਲ ਤੋਂ ਅਮਰੀਕਾ ਚ ਰਹਿ ਕੇ ਕਹਾਣੀ ਤੇ ਵਾਰਤਕ ਸਿਰਜਣਾ ਰਾਹੀਂ ਪਰਦੇਸ -ਮੁਹਾਂਦਰਾ ਪੇਸ਼ ਕਰ ਰਹੀ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਰਵੇਜ਼ ਸੰਧੂ ਕਹਾਣੀ ਲਿਖਦੀ ਨਹੀਂ, ਬਾਤ ਪਾਉਂਦੀ ਹੈ। ਨਿੱਕੇ-ਨਿੱਕੇ ਵਾਕ ਸ਼ਬਦਾਂ ਦੇ ਸਵੈਟਰ ਬੁਣਦੀ ਰਿਸ਼ਤਿਆਂ ਦੀਆਂ ਤੰਦਾਂ ਨੂੰ ਜੋੜ ਜੋੜ ਨਿੱਘ ਬਖ਼ਸ਼ਦੀ ਹੈ।
ਧੁਰ ਅੰਦਰ ਬੈਠੀ ਮਾਸੂਮ ਬਾਲੜੀ ਨੂੰ ਕਹਿੰਦੀ ਹੈ ਕਿ ਤੂੰ ਬੋਲਦੀ ਕਿਓਂ ਨਹੀਂ। ਸੱਚੋ ਸੱਚ ਦੱਸ ਦੇ ਸਾਰਾ ਕੁਝ ।ਕੌੜਾ ਕੁਸੈਲਾ, ਦਮ ਘੋਟੂ ਧੂੰਏਂ ਜਿਹਾ। ਸੋਨਪਰੀ ਦੀ ਅੰਤਰ ਪੀੜ ਜੇ ਤੂੰ ਨਹੀਂ ਸੁਣਾਏਂਗੀ ਤਾਂ ਮਰ ਜਾਏਂਗੀ ।ਮਰ ਨਾ, ਸੁਣਾ ਦੇ ਬੇਬਾਕੀ ਨਾਲ । ਸੁਣਨ ਵਾਲਿਆਂ ਨੂੰ ਸ਼ੀਸ਼ਾ ਵਿਖਾ । ਅਪਰਾਧ ਮੁਕਤ ਹੋ ਜਾ ।ਏਨਾ ਭਾਰ ਚੁੱਕ ਕੇ ਕਿਵੇਂ ਤੁਰੇਂਗੀ ।ਕਹਾਣੀ ਨਹੀਂ ਲਿਖਦੀ ਪਰਵੇਜ਼ ਪਿਘਲਦੀ ਹੈ ਤਰਲ ਲੋਹੇ ਵਾਂਗ ਮਨ ਦੀ ਕੁਠਾਲੀ ’ਚ
ਇਸਪਾਤ ਡੋਲਦੀ ਹੈ । ਕਲਮ ਨਾਲ ਕਹਾਣੀਆਂ ਕਵਿਤਾਵਾਂ ਵਾਂਗ ।ਸੁੱਤੀ ਲੱਗਦੀ ਹੈ ਪਰ ਦਿਨ ਰਾਤ ਜਾਗਦੀ ਜਗਤ ਤਮਾਸ਼ਾ ਵੇਖਦੀ ਵਿਖਾਉਂਦੀ ਦਰਦਾਂ ਦੀ ਦੇਵੀ ਜਹੀ । ਉਸ ਦੇ ਧੁਰ ਅੰਦਰ ਕਬਰਾਂ ਦਰ ਕਬਰਾਂ ਨੇ ।ਕਤਾਰੋ ਕਤਾਰ ਚੁੱਪ ਚਾਪ ।
ਗੁੰਮ-ਸੁੰਗ ਰਹਿੰਦੀਆਂ ਕੋਲ ਕੋਲ ਨੇੜੇ ਨੇੜੇ ਢੁਕ ਢੁਕ ਬਹਿੰਦੀਆਂ ਚੁੱਪ ਵਾਲੇ ਕੋਰੜੇ ਦੀ ਮਾਰ ਸਹਿੰਦੀਆਂ । ਪਰ ਜਦੋਂ ਬੋਲਦੀਆਂ ਪਰਤ ਦਰ ਪਰਤ ਕੱਲ੍ਹੀ ਕੱਲ੍ਹੀ ਪੀਚ ਗੰਢ ਸਹਿਜ ਮਤੇ ਖੋਲ੍ਹਦੀਆਂ ।ਪਰਵੇਜ਼ ਦੀ ਕਹਾਣੀ ਵਿਚ ਬੜੇ ਸੰਸਾਰ ਨੇ। ਉੱਡਣੇ ਪਰਿੰਦਿਆਂ ਦੀ ਪਰ ਕਟੀ ਡਾਰ ਹੈ।
ਆਪਣੀ ਆਵਾਜ਼ ਦੇ ਮੁੱਖ ਸੰਪਾਦਕ ਤੇ ਅਮਰੀਕਾ ਵਾਸੀ ਪੰਜਾਬੀ ਕਵੀ ਸੁਰਿੰਦਰ ਸਿੰਘ ਸੁੰਨੜ ਨੇ ਕਿਹਾ ਕਿ ਪਰਵਾਸੀ ਸਾਹਿੱਤ ਕੇਂਦਰ ਵੱਲੋਂ ਲੇਖਿਕਾ ਦੀ ਗੈਰਹਾਜ਼ਰੀ ਵਿੱਚ ਪੁਸਤਕ ਵਿਚਾਰ ਤੇ ਲੋਕ ਅਰਪਨ ਵੱਡੀ ਪ੍ਰਾਪਤੀ ਹੈ।
ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾ: ਤੇਜਿੰਦਰ ਕੌਰ ਨੇ ਕਿਹਾ ਕਿ ਪਰਵੇਜ਼ ਸੰਧੂ ਦੀ ਕਹਾਣੀ ਸਮੁੱਚੇ ਕਹਾਣੀ ਜਗਤ ਵਿੱਚ ਵੀ ਕੱਦਾਵਰ ਹੈ। ਇਸ ਦਾ ਤਿੰਨ ਸਾਲਾਂ ਬਾਅਦ ਦੂਜਾ ਸੰਸਕਰਨ ਪ੍ਰਕਾਸ਼ਿਤ ਹੋਣਾ ਪੰਜਾਬੀ ਸਾਹਿੱਤ ਜਗਤ ਲਈ ਮਾਣ ਵਾਲੀ ਗੱਲ ਹੈ।
ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰ ਪ੍ਰੋ: ਮਨਜੀਤ ਸਿੰਘ ਛਾਬੜਾ ਨੇ ਕਿਹਾ ਕਿ ਇਸ ਪੁਸਤਕ ਦਾ ਪਹਿਲਾ ਸੰਸਕਰਨ ਵੀ ਇਥੇ ਹੀ ਪਰਵੇਜ਼ ਦੀ ਹਾਜ਼ਰੀ ਚ ਲੋਕ ਅਰਪਨ ਹੋਈ ਸੀ। ਇਸ ਪੁਸਤਕ ਦੀਆਂ ਕਹਾਣੀਆਂ ਹਿੰਦੀ ਤੇ ਅੰਗਰੇਜ਼ੀ ਚ ਅਨੁਵਾਦ ਹੋਣੀਆਂ ਚਾਹੀਦੀਆਂ ਹਨ।
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਦੇ ਪੰਜਾਬੀ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਸ਼ਰਨਜੀਤ ਕੌਰ ਨੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਨੁਵਾਦ ਵਾਲੇ ਸੁਝਾਅ ਨੂੰ ਨੇਪਰੇ ਚਾੜ੍ਹਨ ‘ਚ ਲੇਖਿਕਾ ਪਰਵੇਜ਼ ਸੰਧੂ ਨੂੰ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਸਭ ਹਾਜ਼ਰ ਮਹਿਮਾਨ ਲੇਖਕਾਂ ਦਾ ਚੰਗੀ ਪੁਸਤਕ ਕੋਡ ਬਲੂ ਲੋਕ ਅਰਪਨ ਕਰਨ ਲਈ ਧੰਨਵਾਦ ਕੀਤਾ।