ਲੁਧਿਆਣਾ 3 ਦਸੰਬਰ 2018 - ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਦੀ ਨਵ-ਪ੍ਰਕਾਸ਼ਿਤ ਪੁਸਤਕ “ਜਦੋਂ ਸਿਮਰਤੀਆਂ ਜਾਗਦੀਆਂ ਨੇ…” ਦਾ ਲੋਕ ਅਰਪਣ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਮਾਣਯੋਗ ਚਾਂਸਲਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਪਦਮ ਭੂਸ਼ਨ ਡਾ. ਸ. ਸ. ਜੌਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੁਸਤਕ ਸੰਬੰਧੀ ਚਰਚਾ ਕਰਨ ਲਈ ਪ੍ਰੋ. ਹਰਿਭਜਨ ਸਿੰਘ ਭਾਟੀਆ, ਸਾਬਕਾ ਮੁੱਖੀ, ਸਕੂਲ ਆਫ਼ ਪੰਜਾਬੀ ਸਟੱਡੀਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਤੇ ਸਾਬਕਾ ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਪ੍ਰੋ.ਗੁਰਭਜਨ ਸਿੰਘ ਗਿੱਲ ਇਸ ਸਮਾਗਮ ਵਿਚ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ‘ਚ ਪ੍ਰੋ. ਸਰਬਜੀਤ ਸਿੰਘ, ਮੁੱਖੀ, ਪੰਜਾਬੀ ਵਿਭਾਗ ਵੱਲੋਂ ਆਏ ਹੋਏ ਮੁੱਖ ਮਹਿਮਾਨ, ਪ੍ਰਬੁੱਧ ਵਿਦਵਾਨਾਂ, ਅਧਿਆਪਕਾਂ ਤੇ ਸਾਹਿਤਕ ਪਾਠਕਾਂ ਨੂੰ ਰਸਮੀ ਤੌਰ ‘ਤੇ ਜੀ ਆਇਆਂ ਆਖਿਆ ਅਤੇ ਸੰਖੇਪ ਰੂਪ ਵਿਚ ਪੁਸਤਕ ਬਾਰੇ ਵਿਚਾਰ ਸਾਂਝੇ ਕੀਤੇ। ਇਸ ਵਿਸ਼ੇਸ਼ ਮੌਕੇ ‘ਤੇ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਤੇ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਡਾ. ਸ. ਪ.ਸਿੰਘ ਨੇ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪੁਸਤਕ ਵਿਚਲੇ ਲੇਖ ਅਭਿਆਸੀ ਚੇਤਨਾ ਦੀ ਉਪਜ ਹਨ। ਇਹ ਲੇਖ ਅਵੱਗਿਆ ਵੀ ਕਰਦੇ ਹਨ, ਕਿਰਦਾਰਾਂ ਦੀ ਪੁਣ-ਛਾਣ ਵੀ ਕਰਦੇ ਹਨ ਅਤੇ ਮਨੁੱਖਤਾ ਨੂੰ ਸੇਧ ਦਿੰਦੇ ਹੋਏ ਸੰਵਾਦ ਦੀ ਸਪੇਸ ਵੀ ਸਿਰਜਦੇ ਹਨ। ਲੇਖਕ ਦੀ ਅਜਿਹੀ ਅਭਿਆਸੀ ਚੇਤਨਾ ‘ਚੋਂ ਅੰਕੁਰਿਤ ਹੋਈ ਪੁਸਤਕ ਨੂੰ ਉਨ੍ਹਾਂ ਨੇ ਜੀ ਆਇਆ ਆਖਿਆ।
ਪੰਜਾਬੀ ਸਾਹਿਤ-ਸਮੀਖਿਆ ਜਗਤ ਦੇ ਨਾਮਵਾਰ ਵਿਦਵਾਨ ਪ੍ਰੋ. ਹਰਿਭਜਨ ਸਿੰਘ ਭਾਟੀਆ ਨੇ ਕਿਹਾ ਕਿ ਕੋਈ ਵੀ ਪਾਠ ਬੱਝਵਾਂ ਤੇ ਨਿਸ਼ਚਿਤ ਨਹੀਂ ਹੁੰਦਾ ਸਗੋਂ ਪਾਠ ਵਿਚਲੇ ਅਰਥਾਂ ਦੀਆਂ ਪੈੜਾਂ ਨੂੰ ਭਵਿੱਖਾਰਥੀ ਸੁਪਨੇ ਵਜੋਂ ਵੀ ਗ੍ਰਹਿਣ ਕਰਨ ਦੀ ਲੋੜ ਹੈ। ਇਸੇ ਲਈ ਇਸ ਪੁਸਤਕ ਵਿਚਲੇ ਵੱਖ-ਵੱਖ ਲੇਖ ਨਿਰੋਲ ਸੰਰਚਨਾਤਮਕ ਤੱਤਾਂ ਵਿਚ ਬੱਝਦੇ ਵੀ ਨੇ ਅਤੇ ਸੰਰਚਨਾ ਤੋਂ ਪਾਰ ਜਾਣ ਦੀ ਸਮਰੱਥਾ ਵੀ ਰੱਖਦੇ ਹਨ। ਇਹੀ ਇਸ ਪੁਸਤਕ ਦੀ ਸਾਹਿਤਕ ਵਿਸ਼ੇਸ਼ਤਾ ਬਣਦੀ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਹ ਸਿਮਰਤੀਆਂ ਮਹਿਜ਼ ਉਪਦੇਸ਼ਾਤਮਕ ਪਾਠ ਹੀ ਨਹੀਂ ਤੇ ਨਾ ਹੀ ਨਿਰੋਲ ਸਵੈ-ਅਭਿਵਅਕਤੀ ਦਾ ਪ੍ਰਚਾਰ ਹਨ। ਸਗੋਂ ਇਹ ਪੁਸਤਕ ਮਨੁੱਖੀ ਸਮਾਜ-ਸਭਿਆਚਾਰ ਦੇ ਵਿਿਭੰਨ ਸਰੋਕਾਰਾਂ ਨੂੰ ਮੁਖਾਤਿਬ ਹੁੰਦੀ ਹੋਈ ਮਨੁੱਖੀ ਮਨ-ਮਾਨਸਿਕਤਾ ਨੂੰ ਬਾਖੂਬੀ ਚਿਤਰਨ ਦਾ ਯਤਨ ਕਰਦੀ ਹੈ। ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਸਾਬਕਾ ਪ੍ਰੋ-ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਡਾ. ਅਰਵਿੰਦਰ ਸਿੰਘ ਨੂੰ ਮੁਬਾਰਕਵਾਦ ਦੇਂਦਿਆਂ ਕਿਹਾ ਕਿ ਅਜਿਹੀ ਪੁਸਤਕ ਮਨੁੱਖੀ ਜ਼ਿੰਦਗੀ ਦੀ ਸੰਘਰਸ਼ ਦੀ ਗਾਥਾ ਹੈ। ਸੰਘਰਸ਼ ਕਰਕੇ ਹੀ ਮਨੁੱਖ ਜ਼ਿੰਦਗੀ ਤੇ ਫ਼ਤਹਿ ਪਾਉਂਦਾ ਹੈ। ਇਹੀ ਇਸ ਪੁਸਤਕ ਦਾ ਕੇਂਦਰੀ ਨਿਚੋੜ ਹੈ। ਸ਼੍ਰੀ ਸੁੱਖੀ ਬਾਠ, ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਨੇ ਲੇਖਕ ਪ੍ਰਿੰਸੀਪਲ ਨੂੰ ਵਧਾਈ ਦੇਂਦਿਆਂ ਕਿਹਾ ਕਿ ਇਹ ਪੁਸਤਕ ਅਜੋਕੀ ਪੀੜ੍ਹੀ ਦਾ ਰਾਹ ਰੋੌਸ਼ਨਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ। ਜ਼ਿੰਦਗੀ ‘ਚੋਂ ਮਿਲਣ ਵਾਲੇ ਹਰ ਕੌੜੇ ਮਿੱਠੇ ਤਜ਼ਰਬਿਆਂ ਨੂੰ ਇਸ ਪੁਸਤਕ ਵਿਚ ਲੇਖਕ ਨੇ ਬਾਖ਼ੂਬੀ ਚਿਤਰਿਆ ਹੈ।
ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਸ.ਸ.ਜੌਹਲ ਨੇ ਪੁਸਤਕ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜੋਕੇ ਸੂਚਨਾ ਤੇ ਤਕਨਾਲੌਜੀ ਦੇ ਯੁੱਗ ਵਿਚ ਮਨੁੱਖ ਸਿਰਫ਼ ਬਤੀਤ ਹੋ ਰਿਹਾ ਹੈ। ਜਿਊਣ ਦੀ ਕਲਾ ਉਸ ਵਿਚੋਂ ਮਨਫ਼ੀ ਹੁੰਦੀ ਜਾ ਰਹੀ ਹੈ।ਅਜਿਹੇ ਸਮੇਂ ਇਹ ਪੁਸਤਕ ਮਨੁੱਖ ਦੀ ਦੰਭੀ ਸੋਚ ਦਾ ਪਰਦਾਫ਼ਾਸ਼ ਕਰਦੀ ਹੋਈ ਮਾਨਵਤਾ ਦੇ ਅਸਲ ਸਰੂਪ ਨੂੰ ਉਜਾਗਰ ਕਰਨ ਦਾ ਯਤਨ ਕਰਦੀ ਹੈ।
ਇਸ ਪੁਸਤਕ ਦੇ ਲੇਖਕ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਆਪਣੀ ਲੇਖਣੀ ਸੰਬੰਧੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਪੁਸਤਕ ਵਿਚਲੇ ਲੇਖ ਮਨੁੱਖੀ ਜੀਵਨ ਦੇ ਮਿੱਠੇ- ਕੌੜੇ ਤਜ਼ਰਬਿਆਂ ਦੀ ਗੱਲ ਹੀ ਨਹੀਂ ਕਰਦੇ ਬਲਕਿ ਹਰ ਮਨੁੱਖ ਦੀ ਸਿਮਰਤੀ ਵਿਚਲੇ ਉਸ ਮਨੁੱਖ ਨੂੰ ਵੀ ਹਲੂਣਦੇ ਹਨ ਜੋ ਦਿਸ਼ਾਹੀਣ ਹੋ ਚੁੱਕਾ ਹੈ। ਦ੍ਰਿਸ਼ਟੀ ਹੋਣ ਦੇ ਬਾਵਜੂਦ ਦ੍ਰਿਸ਼ਟੀਹੀਣ ਹੋ ਚੁੱਕਾ ਹੈ। ਮੈਂ ਅਕਸਰ ਇਹ ਸੋਚਦਾ ਹਾਂ ਕਿ ਜ਼ਿੰਦਗੀ ਪਾਠਸ਼ਾਲਾ ਵੀ ਹੈ ਅਤੇ ਨਾਟਸ਼ਾਲਾ ਵੀ ਹੈ। ਜੀਵਨ ਸਾਨੂੰ ਸਮੇਂ ਸਮੇਂ ’ਤੇ ਬੇਹੱਦ ਲੌੜੀਂਦੇ ਸਬਕ ਦੇਣ ਦੇ ਨਾਲ ਦੁਨੀਆ ਦੇ ਇਸ ਰੰਗਮੰਚ ਉੱਪਰ ਭੂਮਿਕਾਵਾਂ ਨਿਭਾਉਣ ਦੇ ਅਵਸਰ ਪ੍ਰਦਾਨ ਕਰਦਾ ਹੈ। ਇਹ ਲਿਖਤ ਕੁੱਲ ਮਿਲਾ ਕੇ ਅੱਜ ਤੱਕ ਦੇ ਮੇਰੇ ਕੁਝ ਨਿੱਜੀ ਅਨੁਭਵਾਂ, ਕੁਝ ਦਾਨਿਸ਼ਮੰਦ ਖ਼ੈਰਖਾਹਾਂ ਦੇ ਮਸ਼ਵਰਿਆਂ ਅਤੇ ਕੁਝ ਆਪਣਿਆਂ ਤੇ ਅਜਨਬੀਆਂ ਦੀਆਂ ਸ਼ਰਾਰਤਾਂ ਨੇ ਮੈਨੂੰ ਆਪਣੀ ਜ਼ਿੰਦਗੀ ਵਿੱਚ ਸੌੜੇ ਸਰੋਕਾਰਾਂ ਨੂੰ ਛੱਡਣ ਲਈ ਪ੍ਰੇਰਿਆ। ਉਸ ਸਭ ਦਾ ਸਾਰੰਸ਼ ਹੈ- ਜਦੋਂ ਸਿਮਰਤੀਆਂ ਜਾਗਦੀਆਂ ਨੇ । ਇਸ ਸਮਾਗਮ ਵਿਚ
ਇਸ ਮੌਕੇ ਪ੍ਰਿੰਸੀਪਲ ਮਹਿੰਦਰ ਕੌਰ ਗਰੇਵਾਲ, ਪ੍ਰਿੰਸੀਪਲ ਗੁਰਦੀਪ ਸਿੰਘ ਸੋਬਤੀ, ਪ੍ਰਿੰਸੀਪਲ ਮਨਜੀਤ ਸਿੰਘ ਛਾਬੜਾ,ਪ੍ਰਿੰਸੀਪਲ ਡਾ: ਧਰਮ ਸਿੰਘ ਸੰਧੂ,ਉੱਘੇ ਪੰਜਾਬੀ ਲੇਖਕ ਪ੍ਰਿੰਸੀਪਲ ਰਾਮ ਸਿੰਘ ਕੁਲਾਰ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਤ੍ਰੈਲੋਚਨ ਲੋਚੀ, ਡਾ: ਮੁਕੇਸ਼ ਅਰੋੜਾ,ਗੁਰਚਰਨ ਕੌਰ ਕੋਚਰ, ਸਵਰਨਜੀਤ ਸਵੀ, ਡਾ: ਅਨੁਰਾਗ ਸਿੰਘ,ਹਰਬੰਸ ਮਾਲਵਾ,ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਸ੍ਰ.ਭਗਵੰਤ ਸਿੰਘ, ਸ.ਗਜਿੰਦਰ ਸਿੰਘ, ਸ. ਕੁਲਜੀਤ ਸਿੰਘ ਤੇ ਸ. ਹਰਦੀਪ ਸਿੰਘ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਡਾ. ਅਰਵਿੰਦਰ ਸਿੰਘ ਨੂੰ ਨਵੀਂ ਪੁਸਤਕ ਲਈ ਸਨਮਾਨਿਤ ਕੀਤਾ ਗਿਆ। ਅੰਤ ਵਿਚ ਡਾ. ਗੁਰਪ੍ਰੀਤ ਸਿੰਘ ਨੇ ਸਮਾਗਮ ਵਿਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ‘ਚੋਂ ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ ਡਾ: ਭੁਪਿੰਦਰ ਸਿੰਘ ਤੇ ਪ੍ਰੋ. ਹਰਪ੍ਰੀਤ ਸਿੰਘ ਦੂਆ ਵੀ ਇਸ ਮੌਕੇ ਹਾਜ਼ਰ ਰਹੇ। ਮੰਚ ਦਾ ਸੰਚਾਲਨ ਪ੍ਰੋ. ਸਰਬਜੀਤ ਸਿੰਘ ਵਲੋਂ ਬਾਖੂਬੀ ਨਿਭਾਇਆ ਗਿਆ।