ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਉੱਘੇ ਸ਼ਾਇਰ ਗੁਰਦਰਸ਼ਨ ਸਿੰਘ ਗੁਸੀਲ ਦੀ ਪੁਸਤਕ 'ਅੰਤਰਮਨ ਦਾ ਨਾਦ' ਲੋਕ ਅਰਪਣ ਕੀਤਾ ਗਿਆ।
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 27 ਅਗਸਤ 2024
ਤ੍ਰਿਵੇਣੀ ਸਾਹਿਤ ਪਰਿਸ਼ਦ (ਰਜਿ:) ਪਟਿਆਲਾ ਵੱਲੋਂ ਉੱਘੇ ਸ਼ਾਇਰ ਗੁਰਦਰਸ਼ਨ ਸਿੰਘ ਗੁਸੀਲ ਦੀ ਤੀਜੀ ਪੁਸਤਕ ਗ਼ਜ਼ਲ ਸੰਗ੍ਰਹਿ " ਅੰਤਰਮਨ ਦਾ ਨਾਦ" ਭਾਸ਼ਾ ਵਿਭਾਗ ਪੰਜਾਬ ਦੇ ਸੈਮੀਨਾਰ ਹਾਲ ਵਿੱਚ ਲੋਕ ਅਰਪਣ ਕੀਤਾ ਗਿਆ। ਭਾਸ਼ਾ ਵਿਗਿਆਨੀ ਡਾ.ਗੁਰਬਚਨ ਸਿੰਘ ਰਾਹੀ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਤਿੰਦਰ ਵਾਲੀਆ (ਜ਼ਿਲ੍ਹਾ ਇੰਚਾਰਜ ਜਗਬਾਣੀ,ਪਟਿਆਲਾ) ਅਤੇ ਉੱਘੇ ਸ਼ਾਇਰ ਕੁਲਵੰਤ ਸਿੰਘ ਰਫ਼ੀਕ ਸ਼ਾਹਬਾਦ/ਮਾਰਕੰਡਾ ਸ਼ਾਮਿਲ ਹੋਏ।
ਇਸ ਤੋਂ ਇਲਾਵਾ ਡਾ. ਮੁਹੰਮਦ ਸ਼ਫ਼ੀਕ ਥਿੰਦ ਸਹਾਇਕ ਪ੍ਰੋਫ਼ੈਸਰ ,ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਪ੍ਰਧਾਨ ਤ੍ਰਿਵੇਣੀ ਸਾਹਿਤ ਪਰਿਸ਼ਦ, ਸੀ.ਮੀਤ ਪ੍ਰਧਾਨ ਨਿਰਮਲਾ ਗਰਗ ਅਤੇ ਸਤਨਾਮ ਸਿੰਘ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਸਮਾਗਮ ਦਾ ਆਗ਼ਾਜ਼ ਬਲਬੀਰ ਦਿਲਦਾਰ ਨੇ ਧਾਰਮਿਕ ਗੀਤ ਗਾ ਕੇ ਕੀਤਾ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਮਹਿਮਾਨਾਂ ਅਤੇ ਸ਼ਾਇਰਾਂ ਦਾ ਸਵਾਗਤ ਕੀਤਾ ਅਤੇ ਆਪਣੇ ਸਾਹਿਤਕ ਸਫ਼ਰ ਬਾਰੇ ਸੰਖੇਪ ਜਾਣਕਾਰੀ ਦਿੱਤੀ। ਪੁਸਤਕ ਲੋਕ ਅਰਪਣ ਹੋਣ ਤੋਂ ਬਾਅਦ ਡਾ. ਮੁਹੰਮਦ ਸ਼ਫ਼ੀਕ ਥਿੰਦ ਨੇ ਬਹੁਤ ਹੀ ਖ਼ੂਬਸੂਰਤ ਅੰਦਾਜ਼ ਨਾਲ਼ ਅਪਣੇ ਪੇਪਰ ਵਿਚ ਪੁਸਤਕ ਦੀ ਵਿਸਥਾਰ ਪੂਰਵਕ ਸਮੀਖਿਆ ਕੀਤੀ। ਇਸ ਤੋਂ ਬਾਅਦ ਡਾ. ਗੁਰਚਰਨ ਕੋਚਰ ਦਾ ਲਿਖਿਆ ਹੋਇਆ ਪਰਚਾ ਅਵਨੀਤ ਕੌਰ ਦੁਆਰਾ ਪੜ੍ਹਿਆ ਗਿਆ। ਸਤਿੰਦਰ ਵਾਲੀਆ ਨੇ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੂੰ ਵਧਾਈ ਦਿੰਦਿਆਂ ਸਮਾਗਮ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਨਾਲ਼ ਜੁੜੀਆਂ ਕੁੱਝ ਯਾਦਾਂ ਵੀ ਸਾਂਝੀਆਂ ਕੀਤੀਆਂ।ਕੁਲਵੰਤ ਸਿੰਘ ਰਫ਼ੀਕ ਨੇ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਦੀ ਗ਼ਜ਼ਲ ਲਿਖਣ ਦੀ ਕਲਾ ਦੀ ਪ੍ਰਸੰਸ਼ਾ ਕਰਦੇ ਹੋਏ ਭਵਿੱਖ ਵਿੱਚ ਹੋਰ ਪੁਲਾਂਘਾਂ ਪੁੱਟਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਪਣੀ ਇਕ ਖੂਬਸੂਰਤ ਗਜਲ ਬਾਤਰੁਨੰਮ ਸੁਣਾਈ। ਡਾ.ਗੁਰਬਚਨ ਸਿੰਘ ਰਾਹੀ ਨੇ ਸਮੁੱਚੀ ਟੀਮ ਨੂੰ ਵਧੀਆ ਸਮਾਗਮ ਲਈ ਵਧਾਈ ਦਿੱਤੀ ਅਤੇ ਪੰਜਾਬ ਦੀ ਨਵੀਂ ਪੀੜ੍ਹੀ ਦੇ ਵਿਦੇਸ਼ਾਂ ਵਿੱਚ ਰੁਲਣ ਨਾਲ਼ੋਂ ਆਪਣੇ ਦੇਸ਼ ਵਿੱਚ ਮਿਹਨਤ ਕਰਨ ਲਈ ਕੀਮਤੀ ਸੁਝਾਅ ਦਿੱਤੇ।
ਕਵੀ ਦਰਬਾਰ ਸੈਸ਼ਨ ਵਿੱਚ ਕ੍ਰਿਸ਼ਨ ਲਾਲ ਧੀਮਾਨ, ਜੱਗਾ ਰੰਗੂਵਾਲ, ਸੰਤ ਸਿੰਘ ਸੋਹਲ, ਭਿੱਤਾ ਖਰੌੜ, ਹਰੀ ਸਿੰਘ ਚਮਕ,ਹਰਦੀਪ ਜੱਸੋਵਾਲ, ਕੁਲਵੰਤ ਨਾਰੀਕੇ, ਅਵਨੀਤ ਕੌਰ, ਜਸਵਿੰਦਰ ਕੌਰ, ਸੁਖਵਿੰਦਰ ਕੌਰ, ਰਿਪਨਜੋਤ ਸੋਨੀ ਬੱਗਾ, ਇੰਦਰ ਪਾਲ ਸਿੰਘ, ਸਤਨਾਮ ਸਿੰਘ, ਜਗਤਾਰ ਨਿਮਾਣਾ, ਕੈਪਟਨ ਚਮਕੌਰ ਸਿੰਘ ਚਹਿਲ,,ਬਲਬੀਰ ਦਿਲਦਾਰ, ਰਾਜੇਸ਼ਵਰ ਕੁਮਾਰ, ਕੁਲਵਿੰਦਰ ਕੁਮਾਰ ਬਹਾਦਰਗੜ੍ਹ,ਤ੍ਰਿਲੋਕ ਢਿੱਲੋਂ, ਜੋਗਾ ਸਿੰਘ ਧਨੌਲਾ, ਜਗਜੀਤ ਸਾਹਨੀ, ਰਘਬੀਰ ਮਹਿਮੀ, ਧੰਨਾ ਸਿੰਘ ਸਿਉਣਾ, ਅਰਾਸ਼ਪ੍ਰੀਤ ਕੌਰ, ਦਰਸ਼ਨ ਸਿੰਘ ਦਰਸ਼ ਪਸਿਆਣਾ, ਹਰਿਸੁਬੇਗ ਸਿੰਘ, ਜਤਨਦੀਪ ਸਿੰਘ,ਜਸਵਿੰਦਰ ਸਿੰਘ ਖਾਰਾ, ਡਾ. ਗੁਰਬਖ਼ਸ਼ ਸਿੰਘ ਆਨੰਦ, ਕੁਲਵੰਤ ਸੈਦੋਕੇ, ਬਲਵਿੰਦਰ ਭੱਟੀ,ਇੰਜ: ਪਰਵਿੰਦਰ ਸ਼ੋਖ, ਕ।ਬਲਵਿੰਦਰ ਕੌਰ ਥਿੰਦ, ਡਾ. ਮੁਹੰਮਦ ਸ਼ਫ਼ੀਕ ਥਿੰਦ, ਅਨੀਤਾ ਪਟਿਆਲਵੀ, ਅੰਗਰੇਜ਼ ਵਿਰਕ, ਨਵੀਨ ਕਮਲ ਭਾਰਤੀ,ਅਵਤਾਰ ਜੀਤ ਅਟਵਾਲ, ਤਰਸੇਮ ਖ਼ਾਸਪੁਰੀ, ਗੁਰਚਰਨ ਸਿੰਘ ਧੰਜੂ,ਅਨੀਤਾ ਅਰੋੜਾ ਪਾਤੜਾਂ, ਡਾ. ਗੁਰਵਿੰਦਰ ਅਮਨ, ਮੇਜਰ ਸਿੰਘ ਐਕਸੀਅਨ,ਅਤੇ ਗੁਰਮੁਖ ਸਿੰਘ ਜਾਗੀ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ।ਗੁਰਦੀਪ ਸਿੰਘ ਸੱਗੂ, ਗੋਪਾਲ ਸ਼ਰਮਾਂ, ਸ਼ੈਲੇਂਦਰ ਕੁਮਾਰ, ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਦੋਸਤ ਐਡਵੋਕੇਟ ਸੁਰਿੰਦਰਪਾਲ ਸਿੰਘ ਕੋਹਲੀ, ਹੋਰ ਦੋਸਤ ਤੇ ਸਰੋਤੇ ਪੂਰੀ ਸ਼ਿੱਦਤ ਨਾਲ ਹਾਜ਼ਰ ਰਹੇ। ਸਮਾਗਮ ਦੇ ਆਖ਼ਰੀ ਪੜਾਅ ਵਿੱਚ ਸਾਰੇ ਸਾਹਿਤਕ ਮਹਿਮਾਨਾਂ ਦਾ ਪ੍ਰਬੰਧਕੀ ਟੀਮ ਵੱਲੋਂ ਸਨਮਾਨ ਕੀਤਾ ਗਿਆ।ਮੁੱਖ ਮਹਿਮਾਨ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਨੇ ਸਮਾਗਮ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਦੇ ਗ਼ਜ਼ਲ ਸੰਗ੍ਰਹਿ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਵਿਲੱਖਣਤਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਅੱਜ ਦੀ ਪੀੜ੍ਹੀ ਨੂੰ ਸਾਹਿਤ ਨਾਲ਼ ਜੋੜਨ ਲਈ ਵੀ ਵਿਚਾਰ ਪੇਸ਼ ਕੀਤੇ। ਸਭਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਅਪਣੀ ਪੁਸਤਕ ਵਿਚੌੰ ਇਕ ਗ਼ਜ਼ਲ ਦੇ ਕੁੱਝ ਸ਼ਿਅਰ ਸੁਣਾਏ ਅਤੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੰਗਤ ਖ਼ਾਨ ਵੱਲੋਂ ਬਾਖ਼ੂਬੀ ਨਿਭਾਈ ਗਈ।ਸਾਰੇ ਸਤਿਕਾਰਯੋਗ ਸ਼ਾਇਰਾਂ ਅਤੇ ਮਹਿਮਾਨਾਂ ਦੇ ਸਹਿਯੋਗ ਨਾਲ਼ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।